ਭਾਰਤ ਤੇ ਚੀਨ ਵੱਲੋਂ ਲਟਕਦੇ ਸਰਹੱਦੀ ਮੁੱਦੇ ਬਾਰੇ ਗੱਲਬਾਤ

ਭਾਰਤ ਅਤੇ ਚੀਨ ਦੇ ਲਟਕਦੇ ਸਰਹੱਦੀ ਮੁੱਦੇ ਬਾਰੇ ਸੋਮਵਾਰ ਨੂੰ 18ਵੇਂ ਦੌਰ ਦੀ ਗੱਲਬਾਤ ਕੀਤੀ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਸੱਤਾ 'ਚ ਆਉਣ ਤੋਂ ਬਾਅਦ ਦੋਹਾਂ ਮੁਲਕਾਂ ਵਿਚਾਲੇ ਪਹਿਲੀ ਮੁਲਾਕਾਤ ਹੈ। ਸਰਹੱਦੀ ਮਾਮਲੇ ਬਾਰੇ ਵਿਸ਼ੇਸ਼ ਪ੍ਰਤੀਨਿਧੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਅਤੇ ਚੀਨੀ ਹਮ-ਅਹੁਦਾ ਤੇ ਸਟੇਟ ਕਾਊਂਸਲਰ ਯਾਂਗ ਚੀਜੀ ਨੇ ਗੱਲਬਾਤ ਕੀਤੀ। ਗਲਬਾਤ ਦਾ ਨਵਾਂ ਦੌਰ ਚੀਨੀ ਰਾਸ਼ਟਰਪਤੀ ਸ੍ਰੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਕਰੀਬ 6 ਮਹੀਨੇ ਬਾਅਦ ਸ਼ੁਰੂ ਹੋਇਆ ਹੈ। ਪਿਛਲੇ ਸਾਲ ਸਤੰਬਰ 'ਚ ਸ਼ੀ ਦੇ ਦੌਰੇ ਉਪਰ ਲਦਾਖ ਦੇ ਚੁਮਾਰ ਖੇਤਰ 'ਚ ਚੀਨੀ ਫੌਜ ਦੇ ਕਬਜ਼ੇ ਦਾ ਪ੍ਰਛਾਂਵਾ ਪਿਆ ਸੀ। ਚੀਨੀ ਫੌਜ ਦੇ ਪਿੱਛੇ ਹਟਣ ਕਾਰਨ ਇਹ ਮੁੱਦਾ ਹੱਲ ਹੋ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ ਦੇ ਅਖੀਰ 'ਚ ਚੀਨ ਦੇ ਦੌਰੇ 'ਤੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਦੇ ਭਾਣੀ ਦੌਰੇ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਿਛਲੇ ਮਹੀਨੇ ਚੀਨ ਦੇ ਦੌਰੇ 'ਤੇ ਗਏ ਸਨ। ਚੀਨ ਦਾ ਕਹਿਣਾ ਹੈ ਕਿ ਸਰਹੱਦੀ ਵਿਵਾਦ ਕੇਵਲ 2000 ਕਿਲੋਮੀਟਰ ਖਾਸ ਕਰਕੇ ਅਰੁਣਾਚਲ ਪ੍ਰਦੇਸ਼ ਤੱਕ ਸੀਮਤ ਹੈ, ਜਦਕਿ ਭਾਰਤ ਦਾ ਕਹਿਣਾ ਹੈ ਕਿ ਇਹ ਵਿਵਾਦ ਪੱਛਮੀ ਹਿੱਸੇ ਦੇ 4000 ਕਿਲੋਮੀਟਰ ਨੂੰ ਲੈ ਕੇ ਹੈ। ਇਸ ਇਲਾਕੇ ਨੂੰ ਚੀਨ ਨੇ 1962 ਦੀ ਜੰਗ ਦੌਰਾਨ ਆਪਣੇ ਕਬਜ਼ੇ 'ਚ ਲੈ ਲਿਆ ਸੀ।