Latest News
ਸੀ ਪੀ ਆਈ ਦੀ 22ਵੀਂ ਪਾਰਟੀ ਕਾਂਗਰਸ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਸ਼ੁਰੂ
By ਪੁਡੂਚਰੀ (ਸੈਦਪੁਰੀ)

Published on 26 Mar, 2015 12:12 AM.

ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ 22ਵੀਂ ਪਾਰਟੀ ਕਾਂਗਰਸ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋ ਗਈ। 25 ਮਾਰਚ ਤੋਂ 28 ਮਾਰਚ ਤੱਕ ਚੱਲਣ ਵਾਲੀ ਪਾਰਟੀ ਕਾਂਗਰਸ ਜਿੱਥੇ ਬੀਤੇ ਦਾ ਲੇਖਾ-ਜੋਖਾ ਕਰੇਗੀ, ਉੱਥੇ ਭਵਿੱਖ ਦੀਆਂ ਵਿਉਂਤਬੰਦੀਆਂ 'ਤੇ ਵੀ ਭਰਪੂਰ ਵਿਚਾਰ-ਚਰਚਾ ਕਰੇਗੀ। ਅੱਜ ਇੱਥੇ ਕਾਮਰੇਡ ਵੀ ਸੁਬਈਆ ਨਗਰ ਵਿੱਚ ਹੋਈਆਂ ਉਦਘਾਟਨੀ ਰਸਮਾਂ ਦੇਖਣ ਵਾਲਿਆਂ ਅੰਦਰ ਇਨਕਲਾਬੀ ਜੋਸ਼ ਭਰ ਗਈਆਂ। ਸੀ ਕੇ ਚੰਦਰਾਪਨ ਹਾਲ ਦੇ ਗੇਟ ਅੱਗੇ ਲਾਲ ਝੰਡਾ ਝੁਲਾਉਣ ਦੀ ਰਸਮ ਮੌਕੇ ਸੈਂਕੜੇ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਕੀਤੇ ਗਏ ਮਾਰਚ ਪਾਸ਼ਟ ਤੋਂ ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ, ਕਾਮਰੇਡ ਏ ਬੀ ਬਰਧਨ ਅਤੇ ਹੋਰ ਆਗੂਆਂ ਨੇ ਸਲਾਮੀ ਲਈ। ਇਸ ਮੌਕੇ ਭਾਰਤ ਦੇ ਕਈ ਰਾਜਾਂ ਵਿੱਚੋਂ ਪਹੁੰਚੀਆਂ ਹੋਈਆਂ ਸੰਗੀਤ ਤੇ ਨਾਟ ਮੰਡਲੀਆਂ ਨੇ ਇਨਕਲਾਬੀ ਗੀਤ-ਸੰਗੀਤ ਪੇਸ਼ ਕੀਤਾ। ਪੰਜਾਬ ਤੋਂ ਗਈ ਕਾਮਰੇਡ ਵਿੱਕੀ ਮਹੇਸ਼ਰੀ ਦੀ ਟੀਮ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਝੰਡੇ ਦੀ ਰਸਮ ਤੋਂ ਬਾਅਦ ਪਾਰਟੀ ਕਾਂਗਰਸ ਦੇ ਉਦਘਾਟਨੀ ਸੈਸ਼ਨ ਦਾ ਆਰੰਭ ਹੋਇਆ। ਸੀ ਪੀ ਆਈ ਦੇ ਸਕੱਤਰ ਕਾਮਰੇਡ ਡੀਰਾਜਾ ਨੇ ਪਾਰਟੀ ਦੇ ਸਰਕਲ ਸਕੱਤਰ ਕਾਮਰੇਡ ਸੁਧਾਕਰ ਰੈਡੀ ਨੂੰ ਡਾਇਲ 'ਤੇ ਆਉਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਕਾਮਰੇਡ ਏ ਬੀ ਬਰਧਨ ਅਤੇ ਦੂਸਰੇ ਆਗੂਆਂ ਨੂੰ ਸਟੇਜ 'ਤੇ ਬੁਲਾਇਆ ਗਿਆ। ਪੁਡੂਚਰੀ ਦੇ ਕਲਾਕਾਰ ਵਜੋਂ ਪੇਸ਼ ਕੀਤੇ ਗਏ ਇਨਕਲਾਬੀ ਗੀਤ ਤੋਂ ਬਾਅਦ 22ਵੀਂ ਪਾਰਟੀ ਕਾਂਗਰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਆਰ ਵਿਸ਼ਵਾਨਾਥਨ ਨੇ ਰਸਮੀ ਤੌਰ 'ਤੇ ਸਭ ਨੂੰ ਜੀ ਆਇਆਂ ਆਖਿਆ।
ਇਸੇ ਦੌਰਾਨ ਕਾਮਰੇਡ ਏ ਬੀ ਬਰਧਨ, ਕਾਮਰੇਡ ਪ੍ਰਕਾਸ਼ ਕਰਤ, ਕਾਮਰੇਡ ਦੇਬਾਕਰਤ ਬਿਸਬਾਸ, ਕਾਮਰੇਡ ਅਬਾਨੀ ਰਾਏ, ਕਾਮਰੇਡ ਦਿਪਾਂਕਰ ਭੱਟਾਚਾਰੀਆ, ਕਾਮਰੇਡ ਪ੍ਰਵਾਸ਼ ਘੋਸ਼, ਕਾਮਰੇਡ ਡੀ ਰਾਜਾ, ਕਾਮਰੇਡ ਗੁਰੂਦਾਸ ਦਾਸ ਗੁਪਤਾ, ਕਾਮਰੇਡ ਸ਼ਮੀਮ ਫੈਜ਼ੀ, ਕਾਮਰੇਡ ਅਮਰਜੀਤ ਕੌਰ ਅਤੇ ਕਾਮਰੇਡ ਅਤੁਲ ਕੁਮਾਰ ਅਣਜਾਣ ਨੂੰ ਮਾਣ-ਸਨਮਾਨ ਵਜੋਂ ਪ੍ਰਬੰਧਾਂ ਵੱਲੋਂ ਉਹਨਾਂ ਦੇ ਬੁੱਕੇ ਭੇਟ ਕੀਤੇ ਗਏ।
ਇਸ ਮੌਕੇ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਕਾਮਰੇਡ ਸੁਧਾਕਰ ਰੈਡੀ, ਏ ਆਈ ਐੱਫ ਬੀ ਦੇ ਆਗੂ ਕਾਮਰੇਡ ਦੇਬਾਕਰਤ, ਰੈਵੁਲੂਸ਼ਨਰੀ ਸੋਸਲਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਅਬਾਨੀ ਰਾਏ, ਸੀ ਪੀ ਆਈ ਐੱਮ (ਐੱਲ) ਦੇ ਆਗੂ ਦਿਪਾਂਕਰ ਭੱਟਾਚਾਰੀਆ ਅਤੇ ਐੱਸ ਯੂ ਸੀ ਆਈ ਦੇ ਆਗੂ ਕਾਮਰੇਡ ਪ੍ਰਵਾਸ਼ ਘੋਸ਼ ਨੇ ਜਿੱਥੇ ਆਪਣੀਆਂ ਮੁਬਾਰਕੀ ਤਕਰੀਰਾਂ ਵਿੱਚ ਸੀ ਪੀ ਆਈ ਦੀ 22ਵੀਂ ਕਾਂਗਰਸ ਦੀ ਸਫਲਤਾ ਦੀ ਕਾਮਨਾ ਕੀਤੀ, ਉੱਥੇ ਖੱਬੀਆਂ ਧਿਰਾਂ ਦੀ ਏਕਤਾ ਨੂੰ ਸਮੇਂ ਦਾ ਤਕਾਜ਼ਾ ਦੱਸਿਆ। ਇਹਨਾਂ ਆਗੂਆਂ ਨੇ ਸਤਿਕਾਰ ਵਜੋਂ ਸੀ ਪੀ ਆਈ ਨੂੰ ਖੱਬੀਆਂ ਧਿਰਾਂ ਦੀ ਆਗੂ ਪਾਰਟੀ ਵਜੋਂ ਪ੍ਰਵਾਨ ਕੀਤਾ। ਇਸੇ ਸੰਦਰਭ ਵਿੱਚ ਕਾਮਰੇਡ ਏ ਬੀ ਬਰਧਨ ਦਾ ਨਾਂਅ ਇਹਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਸਤਿਕਾਰ ਨਾਲ ਲਿਆ ਜਾਂਦਾ ਰਿਹਾ। ਕਮਿਊਨਿਸਟ ਆਗੂਆਂ ਵੱਲੋਂ ਮੋਦੀ ਸਰਕਾਰ ਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡਣਾ ਅਤੇ ਆਰ ਐੱਸ ਐੱਸ ਵੱਲੋਂ ਹਿੰਦੂਤਵ ਦੇ ਉਭਾਰ ਦੇ ਖਤਰੇ ਦੇ ਸੰਦਰਭ ਵਿੱਚ ਘੱਟ ਗਿਣਤੀਆਂ ਦੇ ਬਚਾਅ ਲਈ ਖੱਬੀਆਂ ਧਿਰਾਂ ਵੱਲੋਂ ਸੰਘਰਸ਼ਾਂ ਦਾ ਪਿੜ ਮੱਲਣ ਦਾ ਹੋਕਾ ਦਿੱਤਾ ਗਿਆ। ਆਗੂਆਂ ਦੀਆਂ ਤਕਰੀਰਾਂ ਵਿੱਚ ਮਹਾਰਾਸ਼ਟਰ ਦੇ ਕਮਿਊਨਿਸਟ ਆਗੂ ਕਾਮਰੇਡ ਗੋਬਿੰਦ ਪਨਸਰੇ ਦੇ ਕਤਲ ਦਾ ਜ਼ਿਕਰ ਵੀ ਹੁੰਦਾ ਰਿਹਾ। ਸਵਾਗਤੀ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਨਾਰਾ ਕਲਾਈਨਾਥਨ ਨੇ ਉਦਘਾਟਨੀ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

1701 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper