ਇਨੋਵਾ-ਟਰਾਲੇ ਦੀ ਸਿੱਧੀ ਟੱਕਰ 'ਚ 8 ਮੌਤਾਂ

(ਹਰਪ੍ਰੀਤ, ਜਗਦੀਸ਼/ਥਿੰਦ, ਕਮਲਜੀਤ, ਭਾਦਲਾ/ਮਨੋਹਰ ਲਾਲ/ਇਕਬਾਲ ਸਿੰਘ)
ਮਾਛੀਵਾੜਾ ਤੋਂ 6 ਕਿਲੋਮੀਟਰ ਦੂਰੀ 'ਤੇ ਸਥਿਤ ਪਵਾਤ ਪਿੰਡ ਦੇ ਸਰਹਿੰਦ ਨਹਿਰ ਪੁਲ ਨੇੜੇ ਅੱਜ ਸਵੇਰੇ 8 ਵਜੇ ਤੋਂ ਬਾਅਦ ਵਾਪਰੇ ਦਰਦਨਾਕ ਸੜਕ ਹਾਦਸੇ 'ਚ 8 ਵਿਅਕਤੀਆਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ 'ਚ 6 ਪੁਰਸ਼ ਤੇ 2 ਔਰਤਾਂ ਸ਼ਾਮਿਲ ਸਨ। ਇਸ ਤੋਂ ਇਲਾਵਾ ਇਨ੍ਹਾਂ ਮਰਨ ਵਾਲਿਆਂ 'ਚ 6 ਵਿਅਕਤੀ ਇਕੋ ਹੀ ਪਰਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਸ਼ਹਿਰ ਦੇ ਦਸਮੇਸ਼ ਨਗਰ ਦੇ ਨਿਵਾਸੀ ਜੋਗਿੰਦਰ ਸਿੰਘ (55) ਆਪਣੀ ਕੈਨੇਡਾ ਤੋਂ ਆਏ ਰਿਸ਼ਤੇਦਾਰ ਰਣਜੀਤ ਕੌਰ ਗਿੱਲ (62) ਤੇ ਉਸਦੇ ਪੋਤਰਾ ਮਹਿਕਦੀਪ (18) ਨਿਵਾਸੀ ਟਰਾਂਟੋ ਅਤੇ ਆਪਣੇ ਦੋ ਪੁੱਤਰਾਂ ਤਨਵੀਰ ਸਿੰਘ (18) ਤੇ ਮਨਮੀਤ ਸਿੰਘ (16) ਨੂੰ ਨਾਲ ਲੈ ਕੇ ਇਨੋਵਾ ਕਾਰ ਰਾਹੀਂ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਹੋਰ ਰਿਸ਼ਤੇਦਾਰ ਨੌਜਵਾਨ ਕੁਲਵੀਰ ਸਿੰਘ (22) ਵੀ ਗੱਡੀ 'ਚ ਸਵਾਰ ਸੀ। ਇਹ ਗੱਡੀ ਉਨ੍ਹਾਂ ਕਿਰਾਏ 'ਤੇ ਲਈ ਸੀ ਤੇ ਇਸ ਨੂੰ ਡਰਾਈਵਰ ਛਿੰਦਰਪਾਲ ਸਿੰਘ ਨਿਵਾਸੀ ਡਰੋਲੀ ਭਾਈ ਚਲਾ ਰਿਹਾ ਸੀ ਤੇ ਇਸ ਪਰਵਾਰ ਦੀ ਇਕ ਗੁਆਂਢਣ ਬੀਰ ਕੌਰ ਵੀ ਨਾਲ ਮੌਜੂਦ ਸਨ। ਤੜਕੇ ਕਰੀਬ 5 ਵਜੇ ਤੋਂ ਮੋਗੇ ਤੋਂ ਇਹ ਪਰਵਾਰ ਚੱਲਿਆ ਸੀ ਤੇ ਕਰੀਬ 8 ਵਜੇ ਪਿੰਡ ਪਵਾਤ ਦੇ ਸਰਹਿੰਦ ਨਹਿਰ ਕਿਨਾਰੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ। ਇਹ ਟੱਕਰ ਐਨੀ ਜ਼ਬਰਦਸਤ ਹੋਈ ਕਿ ਇਨੋਵਾ ਕਾਰ 'ਚ ਸਵਾਰ ਸਾਰੇ ਹੀ 8 ਵਿਅਕਤੀ ਮੌਕੇ 'ਤੇ ਹੀ ਗੱਡੀ 'ਚ ਹੀ ਦਮ ਤੋੜ ਗਏ। ਇਨੋਵਾ ਤੇ ਟਰਾਲੇ ਦੀ ਟੱਕਰ ਦੇ ਧਮਾਕੇ ਦੀ ਅਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਫਸੇ ਵਿਅਕਤੀਆਂ ਨੂੰ ਜਦੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ਾਂ ਫਸੀਆਂ ਹੋਣ ਕਾਰਨ ਕੋਈ ਵੀ ਬਾਹਰ ਨਾ ਕੱਢਿਆ ਜਾ ਸਕਿਆ। ਰਾਹੀਗਰਾਂ ਵੱਲੋਂ ਤੁਰੰਤ ਮਾਛੀਵਾੜਾ ਪੁਲਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਦੇ ਹੀ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ ਗੁਰਪ੍ਰੀਤ ਸਿੰਘ ਗਿੱਲ, ਡੀ.ਐੱਸ.ਪੀ ਸਮਰਾਲਾ ਜਗਵਿੰਦਰ ਸਿੰਘ ਚੀਮਾ, ਮਾਛੀਵਾੜਾ ਥਾਣਾ ਮੁਖੀ ਦਰਸ਼ਨ ਸਿੰਘ, ਸਮਰਾਲਾ ਥਾਣਾ ਦੇ ਮੁਖੀ ਅਸ਼ਵਨੀ ਕੁਮਾਰ ਮੌਕੇ 'ਤੇ ਪੁੱਜ ਗਏ ਤੇ ਲੋਕਾਂ ਦੀ ਮਦਦ ਨਾਲ ਇਨੋਵਾ ਕਾਰ ਨੂੰ ਤੋੜ ਕੇ ਸਾਰੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਪੁਲਸ ਵੱਲੋਂ ਤੁਰੰਤ ਮੋਗਾ ਵਿਖੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤੇ ਉਹ ਵੀ ਘਟਨਾ ਸਥਾਨ 'ਤੇ ਪੁੱਜ ਗਏ ਸਨ। ਮਾਛੀਵਾੜਾ ਪੁਲਸ ਵੱਲੋਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਭਿਜਵਾ ਦਿੱਤਾ ਗਿਆ। ਘਟਨਾ ਤੋਂ ਬਾਅਦ ਟਰਾਲੇ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਸ ਨੇ ਦੋਵੇਂ ਵਾਹਨ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ ਗੁਰਪ੍ਰੀਤ ਸਿੰਘ ਭੁੱਲਰ, ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਸ ਜ਼ਿਲ੍ਹਾ ਖੰਨਾ ਸ੍ਰੀ ਅਜੈ ਸੂਦ, ਨਾਇਬ ਤਹਿਸੀਲਦਾਰ ਹਰੀ ਸਿੰਘ, ਤਹਿਸੀਲਦਾਰ ਸੁਰਜੀਤ ਸਿੰਘ, ਡੀ.ਐੱਸ.ਪੀ ਜਗਵਿੰਦਰ ਸਿੰਘ ਚੀਮਾ, ਸ੍ਰੀ ਮਾਛੀਵਾੜਾ ਸਾਹਿਬ ਦੇ ਐੱਸ.ਐੱਚ.ਓ ਦਰਸ਼ਨ ਸਿੰਘ, ਐੱਸ.ਐੱਚ.ਓ ਸਮਰਾਲਾ ਅਸ਼ਵਨੀ ਕੁਮਾਰ, ਬਹਿਲੋਲਪੁਰ ਪੁਲਸ ਚੌਕੀ ਦੇ ਇੰਚਾਰਜ ਜਸਵਿੰਦਰ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਨੇ ਲਾਸ਼ਾਂ ਬਾਹਰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ, ਜਿਥੇ ਉਨ੍ਹਾਂ ਦਾ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਪੋਸਟ ਮਾਰਟਮ ਕਰਕੇ ਲਾਸ਼ਾਂ ਅਭਾਗੇ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਉਪਲੱਬਧ ਕਰਵਾਈਆਂ ਗਈਆਂ। ਇਸ ਸਮੇਂ ਏ.ਡੀ.ਸੀ ਪੁਲਸ ਜ਼ਿਲ੍ਹਾ ਖੰਨਾ ਅਜੈ ਕੁਮਾਰ ਸੂਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਜੋ ਵੀ ਮੱਦਦ ਸੰਭਵ ਹੋਈ, ਕੀਤੀ ਜਾਵੇਗੀ। ਐੱਸ.ਐੱਸ.ਪੀ ਖੰਨਾ ਗੁਰਪ੍ਰੀਤ ਸਿੰਘ ਗਿੱਲ ਨੇ ਵੀ ਉਕਤ ਘਟਨਾ 'ਤੇ ਆਪਣੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਦਾ ਪਤਾ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਮਰਾਲਾ, ਮਾਛੀਵਾੜਾ ਸਾਹਿਬ ਤੇ ਖੰਨਾ ਦੇ ਸਮੂਹ ਪੱਤਰਕਾਰਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਆਪਣੀ ਡਿਊਟੀ ਨਿਭਾਉਂਦਿਆਂ ਮੌਕੇ 'ਤੇ ਪੁੱਜੇ ਪੁਲਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਬਣਦੀ ਮੱਦਦ ਵੀ ਕੀਤੀ। ਪੁਲਸ ਨੇ ਇਸ ਸੰਬੰਧ ਵਿੱਚ ਟਿੱਪਰ ਟਰਾਲੇ ਦੇ ਡਰਾਇਵਰ ਜੋ ਕਿ ਮੌਕੇ ਤੋਂ ਹੀ ਫਰਾਰ ਹੈ, ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਸਾਬਕਾ ਵਿਧਾਇਕ ਸਮਰਾਲਾ ਜਗਜੀਵਨ ਸਿੰਘ ਖੀਰਨੀਆ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਪਵਾਤ ਵੀ ਮੌਕੇ 'ਤੇ ਪੁੱਜ ਗਏ ਤੇ ਉਕਤ ਆਗੂਆਂ ਨੇ 8 ਵਿਅਕਤੀਆਂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਦਰਦਨਾਕ ਹਾਦਸਾ ਦੇਖ ਕੇ ਸਭ ਦੇ ਦਿਲ ਦਹਿਲ ਗਏ
ਇਨੋਵਾ ਕਾਰ ਵਿਚ ਇਕੱਠੀਆਂ 8 ਮ੍ਰਿਤਕਾਂ ਦੀਆਂ ਲਾਸ਼ਾਂ ਦਾ ਦਰਦਨਾਕ ਦ੍ਰਿਸ਼ ਦੇਖ ਕੇ ਉਥੋਂ ਲੰਘਣ ਵਾਲੇ ਹਰੇਕ ਰਾਹੀਗਰ ਅਤੇ ਮੌਜੂਦ ਲੋਕਾਂ ਦੇ ਦਿਲ ਦਹਿਲ ਗਏ। ਜਦੋਂ ਸਾਰੇ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਇਨੋਵਾ ਗੱਡੀ 'ਚੋਂ ਬਾਹਰ ਕੱਢੀਆਂ ਗਈਆਂ ਤਾਂ ਇਨ੍ਹਾਂ ਵਿਚੋਂ ਤਿੰਨ ਲਾਸ਼ਾਂ ਦੇ ਚਿਹਰੇ ਐਨੀ ਬੁਰੀ ਤਰ੍ਹਾਂ ਕੁਚਲੇ ਗਏ ਸਨ ਕਿ ਦੇਖਣਯੋਗ ਵੀ ਨਹੀਂ ਸਨ। ਮਰਨ ਵਾਲਿਆਂ ਵਿਚ ਇਕੋ ਪਰਵਾਰ ਦੇ 6 ਮੈਂਬਰ ਦੀ ਮੌਤ ਨੇ ਹਾਦਸੇ ਦੇ ਸਥਾਨ 'ਤੇ ਖੜੇ ਲੋਕਾਂ ਅਤੇ ਪੁਲਸ ਵਾਲਿਆਂ ਨੂੰ ਝਿੰਜੋੜ ਕੇ ਰੱਖ ਦਿੱਤਾ।
ਦਾਦੀ-ਪੋਤਾ ਨੇ 31 ਨੂੰ ਪਰਤਣਾ ਸੀ ਕੈਨੇਡਾ
ਇਸ ਹਾਦਸੇ 'ਚ ਮਾਰੇ ਗਏ ਰਣਜੀਤ ਕੌਰ ਗਿੱਲ ਅਤੇ ਉਸਦੇ ਪੋਤਾ ਮਹਿਕਦੀਪ ਸਿੰਘ 1 ਮਹੀਨਾ ਪਹਿਲਾਂ ਹੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਆਪਣੇ ਪਰਵਾਰਕ ਮੈਂਬਰਾਂ ਨੂੰ ਮਿਲਣ ਲਈ ਪੰਜਾਬ ਆਏ ਸਨ। ਉਨ੍ਹਾਂ ਦੀ ਆਉਣ ਦੀ ਖੁਸ਼ੀ ਵਿਚ ਘਰ 'ਚ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ ਤੇ ਕੱਲ੍ਹ ਸਾਰਾ ਪਰਵਾਰ ਹਰਮਿੰਦਰ ਸਾਹਿਬ ਮੱਥਾ ਟੇਕ ਕੇ ਆਇਆ ਸੀ। ਕੈਨੇਡਾ ਜਾਣÎ ਤੋਂ ਪਹਿਲਾਂ ਰਣਜੀਤ ਕੌਰ ਗਿੱਲ ਦੀ ਇੱਛਾ ਸੀ ਕਿ ਉਹ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਆਵੇ, ਪਰ ਗੁਰੂ ਘਰ ਦਰਸ਼ਨ ਕਰਨ ਜਾਣ ਦਾ ਇਹ ਸਫ਼ਰ ਦਾਦੀ-ਪੋਤੇ ਦਾ ਆਖਰੀ ਹੋ ਨਿਬੜਿਆ।
ਮ੍ਰਿਤਕਾਂ 'ਚ ਪਿਓ ਤੇ ਉਸ ਦੇ ਦੋ ਪੁੱਤਰ ਵੀ ਸ਼ਾਮਲ
ਇਸ ਦਰਦਨਾਕ ਹਾਦਸੇ 'ਚ ਮਾਰੇ ਗਏ ਜੋਗਿੰਦਰ ਸਿੰਘ ਦੇ ਦੋ ਨੌਜਵਾਨ ਪੁੱਤਰ ਵੀ ਸ਼ਾਮਲ ਹਨ, ਜਿਸ ਕਾਰਨ ਇਸ ਪਰਵਾਰ 'ਤੇ ਦੁੱਖਾਂ ਦਾ ਕਹਿਰ ਹੀ ਟੁੱਟ ਪਿਆ। ਕੈਨੇਡਾ ਨਿਵਾਸੀ ਰਣਜੀਤ ਕੌਰ ਗਿੱਲ ਤੇ ਉਸ ਦਾ ਪੋਤਾ ਮਹਿਕਦੀਪ ਸਿੰਘ ਜੋਗਿੰਦਰ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਉਥੇ ਇਸ ਹਾਦਸੇ 'ਚ ਉਸਦੇ ਦੋ ਨੌਜਵਾਨ ਪੁੱਤਰ ਮਨਮੀਤ ਤੇ ਤਨਵੀਰ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਸਦੇ ਦੋਵੇਂ ਹੀ ਪੁੱਤਰ ਪੜ੍ਹਾਈ ਕਰਦੇ ਸਨ। ਇਸ ਤੋਂ ਇਲਾਵਾ ਇਸ ਹਾਦਸੇ 'ਚ ਮਾਰਿਆ ਗਿਆ ਕੁਲਵੀਰ ਸਿੰਘ ਜੋ ਕਿ ਇਸ ਪਰਵਾਰ ਦਾ ਰਿਸ਼ਤੇਦਾਰ ਸੀ ਤੇ ਪਿੱਛੋਂ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਉਹ ਮੋਗੇ ਵਿਖੇ ਪੜ੍ਹਾਈ ਕਰਦਾ ਸੀ ਤੇ ਉਹ ਵੀ ਪਰਵਾਰ ਨਾਲ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਕਿ ਮੌਤ ਦੇ ਮੂੰਹ 'ਚ ਜਾ ਪਿਆ। ਮ੍ਰਿਤਕ ਪਰਵਾਰ ਦੀ ਗੁਆਂਢਣ ਬੀਰ ਕੌਰ ਵੀ ਆਨੰਦਪੁਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਲਈ Îਇਨ੍ਹਾਂ ਨਾਲ ਇਨੋਵਾ ਕਾਰ 'ਚ ਸਵਾਰ ਹੋ ਗਈ ਤੇ ਇਸ ਦਰਦਨਾਕ ਹਾਦਸੇ 'ਚ ਰੱਬ ਨੂੰ ਪਿਆਰੀ ਹੋ ਗਈ।