Latest News
ਬਰਬਾਦੀ ਦੇ ਕੰਢੇ ਪੁੱਜੀ ਕਿਸਾਨੀ ਦੀ ਬਾਂਹ ਫੜੋ

Published on 28 Mar, 2015 12:07 AM.


ਉੱਨਤ ਬੀਜਾਂ, ਕੀਮੀਆਈ ਖ਼ਾਦਾਂ, ਕੀਟਨਾਸ਼ਕਾਂ, ਸਿੰਜਾਈ ਦੇ ਨਵੇਂ ਪ੍ਰਬੰਧਾਂ ਤੇ ਵਿਕਸਤ ਨਵੀਂਆਂ ਤਕਨੀਕਾਂ ਤੇ ਮਸ਼ੀਨਾਂ ਦੀ ਵਰਤੋਂ ਦੇ ਬਾਵਜੂਦ ਸਾਡੇ ਦੇਸ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਅੱਜ ਵੀ ਆਰਥਕ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਕਈ ਦਹਾਕੇ ਪਹਿਲਾਂ ਸਾਡੇ ਸ਼ਾਸਕਾਂ ਨੇ ਕਿਸਾਨਾਂ ਨੂੰ ਸੋਕੇ, ਹੜ੍ਹਾਂ ਤੇ ਦੂਜੀਆਂ ਕੁਦਰਤੀ ਆਫ਼ਤਾਂ ਦੀ ਮਾਰ ਤੋਂ ਬਚਾਉਣ ਲਈ ਖੇਤੀ ਸੈਕਟਰ ਵਿੱਚ ਬੀਮਾ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਸੀ। ਕਈ ਦਹਾਕੇ ਬੀਤ ਜਾਣ ਮਗਰੋਂ ਵੀ ਇਹ ਇਕਰਾਰ ਕਾਗ਼ਜ਼ਾਂ ਦਾ ਸ਼ਿੰਗਾਰ ਹੀ ਬਣਿਆ ਹੋਇਆ ਹੈ।
ਇਸ ਸਾਲ ਉੱਤਰੀ ਤੇ ਮੱਧ ਭਾਰਤ ਦੇ ਕਿਸਾਨਾਂ ਨੂੰ ਇਹ ਆਸ ਸੀ ਕਿ ਉਨ੍ਹਾਂ ਦੀਆਂ ਫ਼ਸਲਾਂ ਨੇਪਰੇ ਚੜ੍ਹ ਜਾਣਗੀਆਂ ਤੇ ਉਹ ਜੀਵਨ ਨਿਰਬਾਹ ਕਰਨ ਦੇ ਸਮਰੱਥ ਹੋ ਜਾਣਗੇ, ਪਰ ਅਜਿਹਾ ਹੋਇਆ ਨਹੀਂ। ਬੇਮੌਸਮੀਆਂ ਬਾਰਸ਼ਾਂ ਨੇ ਨਿਸਾਰੇ ਉੱਤੇ ਅੱਪੜੀਆਂ ਫ਼ਸਲਾਂ ਨੂੰ ਰੁੰਡ-ਮਰੁੰਡ ਕਰ ਕੇ ਰੱਖ ਦਿੱਤਾ ਹੈ।
ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਇਹ ਖ਼ਬਰਾਂ ਆਈਆਂ ਹਨ ਕਿ ਫ਼ਸਲਾਂ ਦੀ ਬਰਬਾਦੀ ਤੋਂ ਪ੍ਰੇਸ਼ਾਨ ਹੋ ਕੇ ਕਈ ਕਿਸਾਨਾਂ ਨੇ ਆਤਮ-ਹੱਤਿਆਵਾਂ ਦਾ ਰਾਹ ਅਪਣਾ ਲਿਆ ਹੈ। ਇਹ ਸਿਲਸਿਲਾ ਅਜੇ ਵੀ ਜਾਰੀ ਹੈ।
ਅਖ਼ਬਾਰਾਂ ਤੇ ਰਾਜਾਂ ਦੇ ਖੇਤੀਬਾੜੀ ਮਹਿਕਮਿਆਂ ਵੱਲੋਂ ਫ਼ਸਲਾਂ ਦੀ ਬਰਬਾਦੀ ਦੇ ਜਿਹੜੇ ਅੰਕੜੇ ਸਾਹਮਣੇ ਲਿਆਂਦੇ ਗਏ ਹਨ, ਉਹ ਦਿਲ ਕੰਬਾ ਦੇਣ ਵਾਲੇ ਹਨ। ਇਕੱਲੇ ਮਹਾਰਾਸ਼ਟਰ ਵਿੱਚ 40,000 ਏਕੜ ਵਿੱਚ ਕਣਕ, ਛੋਲੇ, ਅੰਗੂਰ, ਅੰਬ, ਅਨਾਰ ਤੇ ਪਿਆਜ਼ ਦੀ ਫ਼ਸਲ ਦਾ ਵੱਡਾ ਹਿੱਸਾ ਬਰਬਾਦ ਹੋ ਗਿਆ ਹੈ। ਵਿਦਰਭ ਵਿੱਚ ਤਾਂ ਹਾਲਤ ਇਹ ਹੋ ਗਈ ਹੈ ਕਿ ਦੋ ਲੱਖ ਤੋਂ ਵੱਧ ਕਿਸਾਨਾਂ ਨੂੰ ਇਹ ਚਿੰਤਾ ਖਾਈ ਜਾ ਰਹੀ ਹੈ ਕਿ ਉਹ ਬੈਂਕਾਂ, ਆੜ੍ਹਤੀਆਂ ਤੇ ਸਹਿਕਾਰੀ ਸੁਸਾਇਟੀਆਂ ਕੋਲੋਂ ਹਾਸਲ ਕੀਤੇ ਕਰਜ਼ਿਆਂ ਦੀ ਅਦਾਇਗੀ ਕਿਵੇਂ ਕਰਨਗੇ। ਰਾਜ ਸਰਕਾਰ ਨੇ ਇਹ ਤਾਂ ਪ੍ਰਵਾਨ ਕੀਤਾ ਹੈ ਕਿ ਬਾਰਸ਼ਾਂ ਤੇ ਗੜੇਮਾਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ, ਪਰ ਹਾਲੇ ਤੱਕ ਉਸ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਕੋਈ ਯੋਜਨਾ ਸਾਹਮਣੇ ਨਹੀਂ ਲਿਆਂਦੀ ਗਈ।
ਉੱਤਰ ਪ੍ਰਦੇਸ਼ ਦੇ ਤੇਈ ਜ਼ਿਲ੍ਹੇ ਕੁਦਰਤ ਦੇ ਕਹਿਰ ਦਾ ਸਭ ਤੋਂ ਵੱਧ ਸ਼ਿਕਾਰ ਹੋਏ ਹਨ। ਰਾਜ ਦੇ ਖੇਤੀ ਮਹਿਕਮੇ ਦਾ ਅਨੁਮਾਨ ਹੈ ਕਿ ਕਿਸਾਨਾਂ ਦਾ ਦਸ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਰਾਜਸਥਾਨ ਦੇ ਵੀ ਅਠਾਈ ਜ਼ਿਲ੍ਹੇ ਪ੍ਰਭਾਵਤ ਹੋਏ ਹਨ। ਕਣਕ, ਜੌਂ, ਲਸਣ, ਆਲੂ ਤੇ ਹਰੀਆਂ ਸਬਜ਼ੀਆਂ ਨੂੰ ਬਾਰਸ਼ਾਂ ਨਾਲ ਭਾਰੀ ਨੁਕਸਾਨ ਪੁੱਜਾ ਹੈ। ਵੱਡੀ ਗਿਣਤੀ ਵਿੱਚ ਭੇਡਾਂ ਤੇ ਬੱਕਰੀਆਂ ਵੀ ਇਸ ਮਾਰ ਹੇਠ ਆਈਆਂ ਹਨ।
ਸਾਡੇ ਆਪਣੇ ਰਾਜ ਪੰਜਾਬ ਵਿੱਚ ਵੀ ਸਾਢੇ ਤਿੰਨ ਲੱਖ ਹੈਕਟੇਅਰ ਵਿੱਚ ਕਣਕ, ਜੌਂ, ਸਰ੍ਹੋਂ, ਮਟਰ, ਆਦਿ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤੀ ਮਹਿਕਮੇ ਦੇ ਅੰਦਾਜ਼ੇ ਮੁਤਾਬਕ ਦੋ ਹਜ਼ਾਰ ਕਰੋੜ ਤੋਂ ਲੈ ਕੇ ਤਿੰਨ ਹਜ਼ਾਰ ਕਰੋੜ ਰੁਪਿਆਂ ਦਾ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਹੈ।
ਸਾਡੇ ਗੁਆਂਢੀ ਰਾਜ ਹਰਿਆਣੇ ਵਿੱਚ ਵੀ ਬਾਰਸ਼ਾਂ ਤੇ ਗੜੇਮਾਰੀ ਨਾਲ ਕਈ ਥਾਂ ਸੌ ਫ਼ੀਸਦੀ ਤੋਂ ਲੈ ਕੇ ਪੰਝੱਤਰ ਫ਼ੀਸਦੀ ਤੱਕ ਫ਼ਸਲਾਂ ਬਰਬਾਦ ਹੋ ਗਈਆਂ ਹਨ। ਨੁਕਸਾਨ ਦਾ ਅੰਦਾਜ਼ਾ ਦਸ ਹਜ਼ਾਰ ਕਰੋੜ ਰੁਪਏ ਲਾਇਆ ਗਿਆ ਹੈ। ਰਾਜ ਸਰਕਾਰ ਨੇ ਕੇਂਦਰ ਕੋਲੋਂ ਕੇਵਲ ਪੰਜ ਸੌ ਕਰੋੜ ਰੁਪਏ ਦੀ ਹੀ ਅੰਤਰਿਮ ਰਿਲੀਫ਼ ਮੰਗੀ ਹੈ।
ਸਭ ਤੋਂ ਵੱਧ ਨੁਕਸਾਨ ਮੱਧ ਪ੍ਰਦੇਸ਼ ਵਿੱਚ ਹੋਇਆ ਹੈ। ਉਥੇ ਇਸ ਦਾ ਅੰਦਾਜ਼ਾ ਤੇਰਾਂ ਹਜ਼ਾਰ ਕਰੋੜ ਰੁਪਏ ਦਾ ਲਾਇਆ ਜਾ ਰਿਹਾ ਹੈ। ਪੱਛਮੀ ਬੰਗਾਲ ਵਿੱਚ ਵੀ ਆਲੂਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ।
ਉਕਤ ਰਾਜਾਂ ਦੀਆਂ ਸਰਕਾਰਾਂ ਕੇਂਦਰ ਕੋਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਰਾਹਤ ਪੈਕੇਜ ਦੀ ਮੰਗ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਤਾਂ ਕੀਤਾ ਹੈ, ਪਰ ਇਹ ਇਕਰਾਰ ਨਹੀਂ ਕੀਤਾ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਕੇਂਦਰ ਕਿਹੜੇ ਕਦਮ ਪੁੱਟਣ ਲਈ ਤਿਆਰ ਹੈ।
ਕਿਸਾਨਾਂ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾਂਦੀ ਆ ਰਹੀ ਹੈ ਕਿ ਕੇਂਦਰ ਵੱਲੋਂ ਆਫ਼ਤਾਂ ਦੇ ਮਾਰੇ ਕਿਸਾਨਾਂ ਨੂੰ ਪ੍ਰਤੀ ਏਕੜ ਮੁਆਵਜ਼ੇ ਦੀ ਜਿਹੜੀ ਰਕਮ ਮਿਥੀ ਹੋਈ ਹੈ, ਉਹ ਅਜੋਕੀ ਸੰਘਣੀ ਖੇਤੀ ਦੇ ਦੌਰ ਵਿੱਚ ਬਿਲਕੁੱਲ ਨਾਕਾਫ਼ੀ ਹੈ। ਇਸ ਲਈ ਇਸ ਨੂੰ ਵਧਾ ਕੇ ਘੱਟੋ-ਘੱਟ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ। ਬਹੁਤੀਆਂ ਰਾਜ ਸਰਕਾਰਾਂ ਦੀ ਆਪਣੀ ਮਾਲੀ ਹਾਲਤ ਇਹ ਹੈ ਕਿ ਉਹ ਆਪਣੇ ਖ਼ਰਚਿਆਂ ਦੀ ਪੂਰਤੀ ਲਈ ਹਰ ਸਾਲ ਭਾਰੀ ਕਰਜ਼ੇ ਹਾਸਲ ਕਰ ਕੇ ਬੁੱਤਾ ਸਾਰ ਰਹੀਆਂ ਹਨ। ਇਸ ਕਰ ਕੇ ਕੇਂਦਰ ਸਰਕਾਰ ਨੂੰ ਫ਼ੌਰੀ ਹਰਕਤ ਵਿੱਚ ਆਉਣਾ ਚਾਹੀਦਾ ਹੈ ਤੇ ਕਿਸਾਨੀ ਦੀ ਬਾਂਹ ਫੜਨੀ ਚਾਹੀਦੀ ਹੈ।

1362 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper