Latest News
ਆਪ ਤੋਂ ਆਮ ਆਦਮੀ ਦੁਖੀ; ਯਾਦਵ-ਪ੍ਰਸ਼ਾਂਤ ਨਾਲ ਧੱਕਾ-ਮੁੱਕੀ
ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਸਮੇਤ 4 ਆਗੂਆਂ ਨੂੰ ਅੱਜ ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ 'ਚੋਂ ਕੱਢ ਦਿੱਤਾ ਗਿਆ। ਅੱਜ ਕਾਪਸਹੇੜਾ ਵਿਖੇ ਹੋਈ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪ੍ਰਸ਼ਾਂਤ ਅਤੇ ਯਾਦਵ ਦੇ ਨਾਲ ਪ੍ਰੋ. ਆਨੰਦ ਕੁਮਾਰ ਅਤੇ ਅਜੀਤ ਝਾਅ ਦੀ ਵੀ ਛੁੱਟੀ ਕਰ ਦਿੱਤੀ ਗਈ। ਉਨ੍ਹਾ ਨੂੰ ਕੱਢਣ ਦੇ ਮਤੇ ਦੀ 247 ਮੈਂਬਰਾਂ ਹਮਾਇਤ ਕੀਤੀ, ਜਦਕਿ 8 ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ।
ਭਾਰੀ ਹੰਗਾਮੇ ਵਿੱਚ ਸ਼ੁਰੂ ਹੋਈ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਾਟਰੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਸ਼ਣ ਦਿੱਤਾ ਅਤੇ ਉਨ੍ਹਾਂ ਦੇ ਭਾਸ਼ਣ ਮਗਰੋਂ ਗੋਪਾਲ ਰਾਏ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਮਨੀਸ਼ ਸਿਸੋਦੀਆ ਦੇ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਪ੍ਰੋ. ਆਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਕੌਮੀ ਕਾਰਜਕਾਰਨੀ ਤੋਂ ਕੱਢਣ ਬਾਰੇ ਮਤਾ ਪੇਸ਼ ਕੀਤਾ ਅਤੇ ਮਤਾ ਪਾਸ ਹੁੰਦਿਆਂ ਹੀ ਚਾਰੇ ਆਗੂਆਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। 40 ਮਿੰਟ ਦੇ ਭਾਸ਼ਣ ਮਗਰੋਂ ਜ਼ਰੂਰੀ ਮੀਟਿੰਗ ਦੀ ਗੱਲ ਆਖ ਕੇ ਅਰਵਿੰਦ ਕੇਜਰੀਵਾਲ ਮੀਟਿੰਗ 'ਚੋਂ ਚਲੇ ਗਏ ਅਤੇ ਉਨ੍ਹਾ ਨੂੰ ਮਗਰੋਂ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵੀ ਮੀਟਿੰਗ 'ਚੋਂ ਬਾਹਰ ਆ ਗਏ।
ਬਾਹਰ ਆਉਂਦਿਆਂ ਹੀ ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਨੂੰ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਮੀਟਿੰਗ ਵਿੱਚ ਬਾਊਂਸਰਾਂ ਦੀ ਮਦਦ ਨਾਲ ਲੋਕਾਂ ਨੂੰ ਕੁੱਟਿਆ ਅਤੇ ਘੜੀਸਿਆ ਗਿਆ। ਮੀਟਿੰਗ ਮਗਰੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੀਸ਼ ਖੇਤਾਨ ਨੇ ਕਿਹਾ ਕਿ ਮੀਟਿੰਗ ਵਿੱਚ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੇ ਡਰਾਮਾ ਕੀਤਾ। ਉਨ੍ਹਾ ਕਿਹਾ ਕਿ ਮੀਟਿੰਗ ਪੂਰੀ ਤਰ੍ਹਾਂ ਜਮਹੂਰੀ ਤਰੀਕੇ ਨਾਲ ਹੋਈ ਅਤੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਗਈ। ਪਾਰਟੀ ਆਗੂ ਆਸ਼ੂਤੋਸ਼ ਨੇ ਵੀ ਇਹੋ ਗੱਲ ਆਖੀ ਅਤੇ ਨਾਲ ਹੀ ਕਿਹਾ ਕਿ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੂੰ ਪਾਰਟੀ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਯੋਗੇਂਦਰ ਯਾਦਵ ਨੇ ਦੱਸਿਆ ਕਿ ਕੇਜਰੀਵਾਲ ਦੇ ਭਾਸ਼ਣ ਦੌਰਾਨ ਹੀ ਗੋਪਾਲ ਰਾਏ ਨੂੰ ਮੀਟਿੰਗ ਦੀ ਪ੍ਰਧਾਨਗੀ ਦਾ ਜ਼ਿੰਮਾ ਦਿੱਤਾ ਗਿਆ। ਉਨ੍ਹਾ ਕਿਹਾ ਕਿ ਇਸ ਦਾ ਵਿਰੋਧ ਹੋਇਆ, ਪਰ ਕਿਸੇ ਨੇ ਧਿਆਨ ਨਾ ਦਿੱਤਾ। ਰਮਜਾਨ ਚੌਧਰੀ ਨੇ ਮਾਮਲਾ ਉਠਾਇਆ ਤਾਂ ਬਾਊਂਸਰਾਂ ਦੀ ਮਦਦ ਨਾਲ ਘੜੀਸ ਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਉਸ ਦੀ ਹੱਡੀ 'ਤੇ ਸੱੱਟ ਵੀ ਲੱਗੀ। ਯਾਦਵ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ ਅਤੇ ਬੋਗਸ ਵੋਟਿੰਗ ਵੀ ਹੋਈ। ਉਨ੍ਹਾ ਕਿਹਾ ਕਿ ਜਿਨ੍ਹਾਂ ਨੇ ਸਾਡੀ ਹਮਾਇਤ ਕੀਤੀ, ਉਹ ਜ਼ਖਮੀ ਪਏ ਹਨ।
ਇਸ ਮੌਕੇ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਕੱਲ੍ਹ ਦੇ ਸਟਿੰਗ ਵਿੱਚ ਜਿਸ ਤਰ੍ਹਾਂ ਲੱਤ ਮਾਰ ਕੇ ਕੱਢ ਦੇਣ ਦੀ ਗੱਲ ਸੁਣੀ ਸੀ, ਮੀਟਿਗ ਵਿੱਚ ਉਸ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਅੰਦਰ ਬਾਊਂਸਰ ਅਤੇ ਗੁੰਡੇ ਹਨ ਅਤੇ ਉਸ ਨੂੰ ਪੂਰੀ ਤਿਆਰੀ ਨਾਲ ਲਿਆਂਦਾ ਗਿਆ ਸੀ। ਉਨ੍ਹਾ ਕਿਹਾ ਕਿ ਕੇਜਰੀਵਾਲ ਦੇ ਭਾਸ਼ਣ ਦੌਰਾਨ ਹੀ ਸਾਡੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾ ਕਿਹਾ ਕਿ ਸਾਰੀ ਸਕਰਿਪਟ ਪਹਿਲਾਂ ਹੀ ਤਿਆਰ ਸੀ ਅਤੇ ਵਿਧਾਇਕ ਵੀ ਅੱਜ ਗੁੰਡੇ ਬਣੇ ਹੋਏ ਸਨ।
ਉਧਰ ਆਮ ਆਦਮੀ ਪਾਰਟੀ ਨੇ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਪਾਰਟੀ ਆਗੂ ਸੰਜੇ ਸਿੰਘ ਨੇ ਕਿਹਾ ਕਿ ਦੋਹਾਂ ਆਗੂਆਂ ਦੇ ਦੋਸ਼ਾਂ ਵਿੱਚ ਕੋਈ ਸਚਾਈ ਨਹੀਂ ਤੇ ਲੋੜ ਪੈਣ 'ਤੇ ਪਾਰਟੀ ਇਸ ਬਾਰੇ ਸਬੂਤ ਵੀ ਪੇਸ਼ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਅਜਿਹੇ ਦੋਸ਼ ਕਿਉਂ ਲਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਰਮਜਾਨ ਚੌਧਰੀ ਕੇਜਰੀਵਾਲ ਦੇ ਭਾਸ਼ਣ ਦੌਰਾਨ ਹੀ ਰੌਲਾ ਪਾਉਣ ਲੱਗ ਪਏ ਸਨ ਅਤੇ ਜਦੋਂ ਸਾਥੀਆਂ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਕਹਿਣ ਲੱਗ ਪਏ ਕਿ ਉਨ੍ਹਾਂ ਨਾਲ ਬਦਸਲੂਕੀ ਹੋ ਰਹੀ ਹੈ ਅਤੇ ਜਦੋਂ ਮੈਂ ਉਨ੍ਹਾ ਤੋਂ ਪੁੱਛਿਆ ਕਿ ਕਿਸੇ ਨੇ ਉਸ ਨੂੰ ਕੁਝ ਕਿਹਾ ਹੈ ਤਾਂ ਉਨ੍ਹਾਂ ਨੇ ਨਾਂਹ ਵਿਚ ਜੁਆਬ ਦਿੱਤਾ।
ਮੀਟਿੰਗ ਨੂੰ ਲੈ ਕੇ ਸਵੇਰ ਤੋਂ ਹੀ ਸਾਰਾ ਘਟਨਾਕ੍ਰਮ ਨਾਟਕੀ ਸੀ। ਮੀਟਿੰਗ ਸ਼ੁਰੂ ਹੋਣ ਤੋਂ ਯੋਗੇਂਦਰ ਯਾਦਵ ਕਾਰਜਕਾਰਨੀ ਦੇ ਕੁਝ ਮੈਂਬਰਾਂ ਨੂੰ ਮੀਟਿੰਗ ਸ਼ਾਮਲ ਹੋਣ ਦੀ ਪ੍ਰਵਾਨਗੀ ਨਾ ਦੇਣ ਦਾ ਦਾਅਵਾ ਕਰਦਿਆਂ ਧਰਨੇ 'ਤੇ ਬੈਠ ਗਏ। ਉਥੇ ਖੜੇ ਭਾਰੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਉਨ੍ਹਾ ਵਿਰੁੱਧ ਨਾਅਰੇਬਾਜ਼ੀ ਕੀਤੀ।
ਮੀਟਿੰਗ ਖਤਮ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗੇਂਦਰ ਯਾਦਵ ਨੇ ਕਿਹਾ ਕਿ ਮੀਟਿੰਗ ਵਿਚ ਅੱਜ ਜੋ ਕੁਝ ਹੋਇਆ, ਓਨੀ ਘਟੀਆ ਹਰਕਤ ਤਾਂ ਕਿਸੇ ਹੋਰ ਪਾਰਟੀ ਵਿਚੀ ਨਹੀਂ ਹੁੰਦੀ। ਉਨ੍ਹਾ ਕਿਹਾ ਕਿ ਮੀਟਿੰਗ ਦੌਰਾਨ ਗੁੰਡਾਗਰਦੀ ਅਤੇ ਕੁੱਟਮਾਰ ਹੁੰਦੀ ਰਹੀ, ਪਰ ਅਰਵਿੰਦ ਕੇਜਰੀਵਾਲ ਚੁੱਪ-ਚਾਪ ਸਭ ਕੁਝ ਦੇਖਦੇ ਰਹੇ। ਉਨ੍ਹਾ ਕਿਹਾ ਕਿ ਕੇਜਰੀਵਾਲ ਆਪਣੇ ਪੂਰੇ ਭਾਸ਼ਣ 'ਚ ਮੇਰੀ ਅਤੇ ਪ੍ਰਸ਼ਾਂਤ ਭੁਸ਼ਣ ਦੀ ਬੁਰਾਈ ਕਰਦੇ ਰਹੇ ਅਤੇ ਕਾਰਕੁਨਾਂ ਨੂੰ ਭੜਕਾਉਂਦੇ ਰਹੇ। ਉਨ੍ਹਾ ਕਿਹਾ ਕਿ ਲੋਕਪਾਲ ਅੰਦੋਲਨ 'ਚੋਂ ਨਿਕਲਣ ਵਾਲੀ ਪਾਰਟੀ ਵੱਲੋਂ ਆਪਣੇ ਅੰਦਰੂਨੀ ਲੋਕਪਾਲ ਨੂੰ ਵੀ ਮੀਟਿੰਗ ਵਿੱਚ ਆਉਣ ਦੀ ਇਜਾਜ਼ਤ ਨਾ ਦਿੱਤੀ ਗਈ ਅਤੇ ਬਿਨਾਂ ਕਿਸੇ ਪ੍ਰਕਿਰਿਆ ਦਾ ਪਾਲਣ ਕੀਤਿਆਂ ਮਤਾ ਪੇਸ਼ ਅਤੇ ਪਾਸ ਕਰ ਦਿੱਤਾ ਗਿਆ। ਉਨ੍ਹਾ ਕਿਹਾ ਕਿ ਮੀਟਿੰਗ ਪੂਰੀ ਤਰ੍ਹਾਂ ਇਕਤਰਫਾ ਸੀ ਅਤੇ ਵਿਰੋਧੀਆਂ ਨੂੰ ਬੋਲਣ ਤੱਕ ਨਾ ਦਿੱਤਾ ਗਿਆ।
ਯਾਦਵ ਨੇ ਕਿਹਾ ਕਿ ਮੀਟਿੰਗ ਵਿੱਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਸੀ, ਜਿਹੜੇ ਪਾਰਟੀ ਕੌਮੀ ਕਾਰਜਕਾਰਨੀ ਦੇ ਮੈਂਬਰ ਹੀ ਨਹੀਂ ਸਨ ਤੇ ਮੀਟਿੰਗ ਵਿੱਚ ਜ਼ਿਆਦਾਤਰ ਨਵੇਂ ਚਿਹਰੇ ਸਨ। ਉਨ੍ਹਾ ਕਿਹਾ ਕਿ ਵਿਧਾਇਕਾਂ ਨੂੰ ਆਦਮੀ ਲੈ ਕੇ ਮੀਟਿੰਗ ਵਿੱਚ ਪੁੱਜਣ ਲਈ ਕਿਹਾ ਗਿਆ ਸੀ ਅਤੇ ਮੀਟਿੰਗ ਅੰਦਰ ਸਾਰੇ ਹੰਗਾਮੇ ਦੀ ਅਗਵਾਈ ਵੀ ਵਿਧਾਇਕ ਹੀ ਕਰ ਰਹੇ ਸਨ।
ਉਨ੍ਹਾ ਕਿਹਾ ਕਿ ਸਾਡੇ ਵਿਰੁੱਧ ਮਤਾ ਪੇਸ਼ ਕਰਨ ਤੋਂ ਪਹਿਲਾਂ ਪ੍ਰਧਾਨ ਦੀ ਪ੍ਰਵਾਨਗੀ ਨਹੀਂ ਲਈ ਗਈ ਸਾਡੇ ਵਿਰੁੱਧ ਦੋਸ਼ ਨਹੀਂ ਸੁਣਾਏ ਗਏ। ਉਨ੍ਹਾ ਦੋਸ਼ਾਂ 'ਤੇ ਬਹਿਸ ਨਹੀਂ ਕਰਵਾਈ ਗਈ ਸਗੋਂ ਸਿੱਧੇ ਵੋਟਿੰਗ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ ਅਤੇ ਅੱਜ ਬਹਿਸ ਦੀ ਮੰਗ ਕੀਤੀ ਤਾਂ ਕਿਹਾ ਗਿਆ ਕਿ ਜੋ ਕੁਝ ਕਹਿਣਾ ਹੈ, ਲਿਖਤੀ ਰੂਪ ਵਿੱਚ ਦਿਓ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਉਸ ਪਾਰਟੀ ਵਿੱਚ ਹੋਇਆ, ਜਿਹੜੀ ਸਵਰਾਜ ਦੇ ਨਾਅਰੇ ਨਾਲ ਹੋਂਦ ਵਿਚ ਆਈ ਸੀ।

1249 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper