ਘਰ 'ਚ ਮਿਲੇ ਪਿਆਰ ਬਿਨਾਂ ਬੰਦੇ ਦੀ ਗਤੀ ਨਹੀਂ : ਬਾਬਾ ਫੌਜਾ ਸਿੰਘ

'ਮੈਂ ਕਦੇ ਮਾਣ ਨਹੀਂ ਕੀਤਾ ਤੇ ਨਾ ਹੀ ਬੰਦੇ ਨੂੰ ਕਰਨਾ ਚਾਹੀਦੈ। ਦੁਨੀਆ ਭਰ 'ਚ ਜਿੱਥੇ ਵੀ ਦੌੜਨ ਗਿਆ, ਲੋਹੜਿਆਂ ਦਾ ਪਿਆਰ ਮਿਲਿਆ, ਪਰ ਘਰ 'ਚ ਪਿਆਰ ਬਿਨਾਂ ਬੰਦੇ ਦੀ ਗਤੀ ਨਹੀਂ ਹੁੰਦੀ। ਪੰਜਾਬ ਮੇਰਾ ਘਰ ਹੈ ਤੇ ਏਥੇ ਮੈਨੂੰ ਜਿਹੜਾ ਪਿਆਰ ਮਿਲਦੈ, ਇਹ ਮੇਰੀ ਰੂਹ ਦੀ ਖੁਰਾਕ ਹੈ। ਭਾਵੇਂ ਮੈਂ ਦੌੜਾਕ ਵਜੋਂ ਸੇਵਾਮੁਕਤ ਹੋ ਗਿਆਂ, ਪਰ ਜ਼ਿੰਦਗੀ ਦੌੜ ਦਾ ਹੀ ਨਾਂ ਹੈ, ਨਾ ਮੈਂ ਬੁੱਢਾ ਹੋਇਆਂ ਤੇ ਨਾ ਨੇੜ ਭਵਿੱਖ ਵਿੱਚ ਹੋਣਾਂ।' ਜ਼ਿੰਦਾਦਿਲੀ ਦੀਆਂ ਇਹ ਗੱਲਾਂ ਮਹਾਨ ਦੌੜਾਕ ਬਾਬਾ ਫੌਜਾ ਸਿੰਘ ਨੇ 'ਨਵਾਂ ਜ਼ਮਾਨਾ' ਦਫ਼ਤਰ 'ਚ ਕੀਤੀਆਂ। ਉਨ੍ਹਾਂ ਜਿੱਥੇ ਆਪਣੇ ਬਚਪਨ, ਸੰਘਰਸ਼ ਤੇ ਪ੍ਰਾਪਤੀਆਂ ਬਾਰੇ ਖੁੱਲ੍ਹ ਕੇ ਦੱਸਿਆ, ਉਥੇ ਉਮਰ ਦੇ ਇਸ ਪੜਾਅ 'ਤੇ ਤੰਦਰੁਸਤੀ ਦਾ ਰਾਜ਼ ਵੀ ਸਾਂਝਾ ਕੀਤਾ।
'ਅਰਜਨ ਸਿੰਘ ਗੜਗੱਜ ਫਾਊਂਡੇਸ਼ਨ' ਦੇ ਸਕੱਤਰ ਗੁਰਮੀਤ ਸਿੰਘ ਸ਼ੁਗਲੀ, ਟਰੱਸਟ ਮੈਂਬਰ ਸੁਕੀਰਤ ਆਨੰਦ, ਕਾਮਰੇਡ ਅਮ੍ਰਿਤ ਲਾਲ, ਸ੍ਰੀ ਰਾਜਿੰਦਰ ਮੰਡ, ਜਨਰਲ ਮੈਨੇਜਰ ਗੁਰਮੀਤ ਸਿੰਘ, ਵਿਸਾਖਾ ਸਿੰਘ, ਹਰਭਜਨ ਸਿੰਘ ਨਾਹਲ, ਬੀਬੀ ਮਲਕੀਤ ਕੌਰ ਨਾਹਲ, ਪ੍ਰਿਤਪਾਲ ਸਿੰਘ, ਐਸ.ਪੀ.ਐਸ. ਵਿਰਕ ਡਾਇਰੈਕਟਰ ਪੰਜਾਬ ਐਂਡ ਸਿੰਧ ਬੈਂਕ, ਸਮਾਚਾਰ ਸੰਪਾਦਕ ਇੰਦਰਜੀਤ ਚੁਗਾਵਾਂ ਤੇ ਹੋਰਾਂ ਨੇ ਬਾਬਾ ਫੌਜਾ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਕਿਹਾ। ਬਾਬਾ ਫੌਜਾ ਸਿੰਘ ਨੇ 'ਨਵਾਂ ਜ਼ਮਾਨਾ' ਪਰਵਾਰ ਨਾਲ ਏਨੀ ਅਪਣੱਤ ਦਿਖਾਈ, ਜਿਵੇਂ ਪਰਵਾਰ ਦੇ ਮੁਖੀ ਵੱਲੋਂ ਛੋਟਿਆਂ ਨੂੰ ਜ਼ਿੰਦਗੀ 'ਚ ਸਫ਼ਲਤਾ ਦੇ ਰਾਜ਼ ਦੱਸੇ ਜਾ ਰਹੇ ਹੋਣ।
ਬਾਬਾ ਫੌਜਾ ਸਿੰਘ ਨੇ ਕਿਹਾ, 'ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ, ਕੰਡਿਆਂ ਦਾ ਤਾਜ ਹੈ। ਪਰ ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਏ, ਆਖਰ ਹੁੰਦਾ ਉਵੇਂ ਹੀ ਹੈ। ਮੈਂ ਕਦੇ ਸੋਚਿਆ ਨਹੀਂ ਸੀ ਕਿ ਇੰਗਲੈਂਡ ਜਾਵਾਂਗਾ, ਪਰ ਜ਼ਿੰਦਗੀ 'ਚ ਇਹੋ ਜਹੀਆਂ ਸੱਟਾਂ ਲੱਗੀਆਂ ਕਿ ਇੰਗਲੈਂਡ ਚਲਾ ਗਿਆ। ਉਥੇ ਜਾ ਕੇ ਦੌੜਨਾ ਸ਼ੁਰੂ ਕੀਤਾ ਤਾਂ ਪਤਾ ਨਹੀਂ ਸੀ ਕਿ ਜ਼ਿੰਦਗੀ ਦੀ ਭੱਜ ਦੌੜ ਮੈਰਾਥਨ ਤੇ ਹੋਰ ਦੌੜਾਂ 'ਚ ਮੋਹਰੀ ਬਣਾਏਗੀ। ਜੇ ਦੌੜਦਾ ਨਾ ਹੁੰਦਾ ਤਾਂ ਹੁਣ ਨੂੰ ਪਤਾ ਨਹੀਂ ਕੀ ਹੋਇਆ ਹੁੰਦਾ। ਦੌੜਨਾ ਮੇਰਾ ਇਸ਼ਕ ਹੈ ਤੇ ਇਸ ਇਸ਼ਕ ਨਾਲ ਸਾਂਝ ਮੈਂ ਆਖਰੀ ਸਾਹ ਤੱਕ ਰੱਖਾਂਗਾ।'
ਉਮਰ ਦੇ ਇਸ ਪੜਾਅ 'ਤੇ ਤੰਦਰੁਸਤੀ ਦੇ ਰਾਜ਼ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ, 'ਜਿਹੜਾ ਬੰਦਾ ਲਾਲਚੀ ਤੇ ਹਊਮੇ ਦਾ ਡੰਗਿਆ ਹੁੰਦਾ ਏ, ਉਹ ਕਦੇ ਖੁਸ਼ ਨਹੀਂ ਰਹਿ ਸਕਦਾ ਤੇ ਤੰਦਰੁਸਤੀ ਲਈ ਖੁਸ਼ ਰਹਿਣਾ ਬੇਹੱਦ ਜ਼ਰੂਰੀ ਹੈ। ਮੈਂ ਹਮੇਸ਼ਾ ਖੁਸ਼ ਰਹਿੰਦਾ ਹਾਂ। ਨਾ ਇੰਗਲੈਂਡ 'ਚ ਮੇਰਾ ਕੋਈ ਬੈਂਕ ਖਾਤਾ ਹੈ ਤੇ ਨਾ ਹੀ ਪੰਜਾਬ 'ਚ। ਸੋਚਦਾ ਹਾਂ ਹੁਣ ਕਾਹਦਾ ਲਾਲਚ, ਕਾਹਦੇ ਲਈ ਲਾਲਚ, ਜਦੋਂ ਕੁਦਰਤ ਮੇਰੇ 'ਤੇ ਏਨੀ ਮਿਹਰਬਾਨ ਹੈ ਤਾਂ ਮੈਂ ਮਰੂੰ ਮਰੂੰ ਕਿਉਂ ਕਰਾਂ?'
'ਖਾਂਦੇ ਕੀ ਹੋ?' ਜਵਾਬ 'ਚ ਬਾਬਾ ਫੌਜਾ ਸਿੰਘ ਨੇ ਕਿਹਾ, 'ਫਾਸਟ ਫੂਡ ਅਣਸਰਦੇ ਨੂੰ ਖਾਈਦਾ। ਮੋਠਾਂ ਦੀ ਦਾਲ਼ ਤੇ ਰੋਟੀ ਖਾਂਦਾ ਹਾਂ। ਉਹ ਚੀਜ਼ਾਂ ਨਹੀਂ ਖਾਂਦਾ, ਜਿਨ੍ਹਾਂ ਨਾਲ ਰੇਸ਼ਾ ਹੁੰਦਾ ਹੋਵੇ, ਕਿਉਂਕਿ ਏਸ ਉਮਰ 'ਚ ਰੇਸ਼ਾ ਲੈ ਬੈਠਦਾ ਹੈ।'
ਪੰਜਾਬੀਆਂ ਦੇ ਨਵਾਬੀ ਠਾਠ ਅਤੇ ਮਿਹਨਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਵੀ ਪੰਜਾਬੀ ਗਏ, ਉਥੇ ਮਹਿਲਾਂ ਵਰਗੇ ਘਰ ਬਣਾਏ ਤੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਸਿਰ ਉੱਚਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦਿੱਤਾ। ਮੈਨੂੰ ਅਮਰੀਕਾ, ਕਨੇਡਾ, ਆਸਟ੍ਰੇਲੀਆ, ਇੰਗਲੈਂਡ ਤੇ ਦੁਨੀਆ ਭਰ ਵਿੱਚ ਇੰਜ ਪਿਆਰ ਮਿਲਿਆ, ਜਿਵੇਂ ਮੈਂ ਸਭ ਦਾ ਪਰਵਾਰਕ ਮੈਂਬਰ ਹੋਵਾਂ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਖੁਰ ਰਹੀ ਹੈ, ਪਰ ਸਾਡੇ ਹਾਕਮਾਂ ਦਾ ਇਸ ਪਾਸੇ ਬਹੁਤਾ ਧਿਆਨ ਨਹੀਂ। ਜਵਾਨੀ ਨੂੰ ਜਗਾਉਣ ਲਈ ਦਿਲ ਬਹੁਤ ਕੁਝ ਕਰਨ ਨੂੰ ਕਰਦਾ ਹੈ, ਪਰ ਕਈ ਅੜਚਣਾਂ ਰਾਹ ਮੱਲ ਲੈਂਦੀਆਂ ਹਨ।
ਬਾਬਾ ਫੌਜਾ ਸਿੰਘ ਨੇ 'ਨਵਾਂ ਜ਼ਮਾਨਾ' ਦੇ ਸਾਰੇ ਸਟਾਫ਼ ਮੈਂਬਰਾਂ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਦੁਨੀਆ ਭਰ ਦੇ ਅਖ਼ਬਾਰਾਂ ਵਿੱਚ ਮੇਰੇ ਬਾਰੇ ਲਿਖਿਆ ਗਿਆ, ਪਰ ਜਦੋਂ ਮਾਂ ਬੋਲੀ ਪੰਜਾਬੀ 'ਚ ਕੁਝ ਛਪਦਾ ਏ ਤਾਂ ਮਨ ਨੂੰ ਤਸੱਲੀ ਹੁੰਦੀ ਹੈ।