ਹੁਣ ਗਿਰੀਰਾਜ ਵੱਲੋਂ ਸੋਨੀਆ ਬਾਰੇ ਨਸਲੀ ਟਿੱਪਣੀ

ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਲੋਂ ਇਸ ਵਾਰ ਕੀਤੀ ਗਈ ਟਿੱਪਣੀ ਦੀ ਚੁਫੇਰਿਉਂ ਆਲੋਚਨਾ ਹੋ ਰਹੀ ਹੈ। ਉਨ੍ਹਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਹਮਲਾ ਕਰਦਿਆਂ ਕਿਹਾ ਕਿ ਜੇ ਰਾਜੀਵ ਗਾਂਧੀ ਨੇ ਕਿਸੇ ਨਾਇਜੀਰੀਆਈ ਔਰਤ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਕੀ ਪਾਰਟੀ ਉਸ ਔਰਤ ਦੀ ਲੀਡਰਸ਼ਿਪ ਪ੍ਰਵਾਨ ਕਰ ਲੈਂਦੀ।
ਪਿਛਲੇ ਦਿਨੀਂ ਜਨਤਾ ਦਲ (ਯੂ) ਦੇ ਆਗੂ ਸ਼ਰਦ ਯਾਦਵ ਨੇ ਸੰਸਦ 'ਚ ਦੱਖਣੀ ਭਾਰਤੀ ਔਰਤਾਂ ਦੇ ਰੰਗ ਬਾਰੇ ਟਿੱਪਣੀ ਕੀਤੀ ਸੀ ਅਤੇ ਜਦੋਂ ਉਹਨਾ ਨੂੰ ਮਾਫੀ ਮੰਗਣ ਲਈ ਕਿਹਾ ਗਿਆ ਤਾਂ ਉਹਨਾ ਨੇ ਕੇਂਦਰੀ ਮੰਤਰੀ ਸਮਿਰਤੀ ਇਰਾਨੀ ਬਾਰੇ ਹੀ ਟਿੱਪਣੀ ਕਰ ਦਿੱਤੀ। ਮੋਦੀ ਸਰਕਾਰ 'ਚ ਮੰਤਰੀ ਗਿਰੀਰਾਜ ਸਿੰਘ ਹੁਣ ਉਹਨਾ ਦੇ ਰਾਹ 'ਤੇ ਤੁਰ ਪਏ ਹਨ ਅਤੇ ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਹੀ ਨਸਲੀ ਟਿੱਪਣੀ ਕਰ ਦਿੱਤੀ। ਹਾਜੀਪੁਰ 'ਚ ਗਿਰੀਰਾਜ ਸਿੰਘ ਨੇ ਕਿਹਾ ਕਿ ਜੇ ਰਾਜੀਵ ਗਾਂਧੀ ਨੇ ਕਿਸੇ ਨਾਇਜੀਰੀਆਈ ਔਰਤ ਨਾਲ ਵਿਆਹ ਕੀਤਾ ਹੁੰਦਾ ਅਤੇ ਉਸ ਦੀ ਚਮੜੀ ਗੋਰੀ ਨਾ ਹੁੰਦੀ ਤਾਂ ਕੀ ਕਾਂਗਰਸ ਪਾਰਟੀ ਉਹਨਾ ਦੀ ਲੀਡਰਸ਼ਿਪ ਪ੍ਰਵਾਨ ਕਰ ਲੈਂਦੀ। ਕਾਂਗਰਸ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਰਾਹੁਲ ਗਾਂਧੀ ਨੂੰ ਵੀ ਨਾ ਬਖਸ਼ਿਆ ਅਤੇ ਕਿਹਾ ਕਿ ਜਿਸ ਤਰ੍ਹਾਂ ਮਲੇਸ਼ੀਆ ਦੇ ਲਾਪਤਾ ਜਹਾਜ਼ ਦਾ ਅੱਜ ਤੱਕ ਪਤਾ ਨਹੀਂ ਚਲਿਆ, ਉਸੇ ਤਰ੍ਹਾਂ ਕਿਸੇ ਨੂੰ ਨਹੀਂ ਪਤਾ ਰਾਹੁਲ ਕਿੱਥੇ ਗਾਇਬ ਹੋ ਗਿਆ।
ਇਹ ਪਹਿਲਾ ਮੌਕਾ ਨਹੀਂ ਜਦੋਂ ਗਿਰੀਰਾਜ ਨੇ ਅਜਿਹੀ ਟਿੱਪਣੀ ਕੀਤੀ ਹੋਵੇ। 2014 'ਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਉਨ੍ਹਾ ਕਿਹਾ ਸੀ ਕਿ ਨਰਿੰਦਰ ਮੋਦੀ ਦੇ ਵਿਰੋਧੀਆਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਇਸ ਮਾਮਲੇ 'ਚ ਉਨ੍ਹਾ ਵਿਰੁੱਧ ਭੜਕਾਊ ਭਾਸ਼ਣ ਦੇਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਹੰਗਾਮਾ ਖੜਾ ਹੋਣ 'ਤੇ ਗਿਰੀਰਾਜ ਸਿੰਘ ਨੇ ਬਾਅਦ 'ਚ ਆਪਣੀ ਇਸ ਟਿੱਪਣੀ ਲਈ ਮੁਆਫੀ ਮੰਗ ਲਈ। ਵਿਵਾਦਗ੍ਰਸਤ ਬਿਆਨਬਾਜ਼ੀ ਲਈ ਜਾਣੇ ਜਾਂਦੇ ਇਸ ਕੇਂਦਰੀ ਮੰਤਰੀ ਨੇ ਕਿਹਾ ਕਿ ਜੇ ਮੇਰੇ ਬਿਆਨ ਨਾਲ ਸੋਨੀਆ ਜੀ ਅਤੇ ਰਾਹੁਲ ਜੀ ਸਮੇਤ ਕਿਸੇ ਨੂੰ ਵੀ ਦੁੱਖ ਪੁੱਜਾ ਹੈ ਤਾਂ ਮੈਨੂੰ ਇਸ ਲਈ ਅਫਸੋਸ ਹੈ। ਉਸ ਨੇ ਕਿਹਾ ਕਿ ਲੋਕ ਆਫ ਦਿ ਰਿਕਾਰਡ ਆਪਸ 'ਚ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਪਰ ਇਹ ਵੱਖਰੀ ਗੱਲ ਹੈ ਕਿ ਇਹਨਾਂ ਨੂੰ ਪੇਸ਼ ਕਿਵੇਂ ਕੀਤਾ ਜਾਂਦਾ ਹੈ।