ਜੱਸੀ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਸਰਬਜੀਤ ਸਿੰਘ ਰਾਜੂ ਵੀ ਪੁਲਸ ਵੱਲੋਂ ਗ੍ਰਿਫਤਾਰ

ਕੇਬਲ ਅਪ੍ਰੇਟਰ ਜਸਵਿੰਦਰ ਸਿੰਘ ਜੱਸੀ ਵੱਲੋਂ ਟਰਾਈ ਦੀ ਟੀਮ ਤੇ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਦੀ ਹਾਜ਼ਰੀ ਵਿੱਚ ਆਪਣਾ ਖੁਦਕੁਸ਼ੀ ਨੋਟ ਵੰਡਣ ਉਪਰੰਤ ਜ਼ਹਿਰੀਲਾ ਪਦਾਰਥ ਸੇਵਨ ਕਰਕੇ ਕੀਤੀ ਗਈ ਖੁਦਕੁਸ਼ੀ ਉਪਰੰਤ ਖੁਦਕੁਸ਼ੀ ਪੱਤਰ ਵਿੱਚ ਦਰਜ ਕੀਤੇ ਨਾਵਾਂ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਹਨਾਂ ਵਿੱਚ ਦੋ ਕਥਿਤ ਦੋਸ਼ੀ ਬੀਤੇ ਕਲ੍ਹ ਤੇ ਅੱਜ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦ ਕਿ ਦੋ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਨੇ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ।
ਏ.ਡੀ.ਸੀ.ਪੀ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਸਵਿੰਦਰ ਸਿੰਘ ਜੱਸੀ ਖੁਦਕੁਸ਼ੀ ਕੇਸ ਦੇ ਮੁੱਖ ਦੋਸ਼ੀ ਨੂੰ ਪੁਲਸ ਨੇ ਅੱਜ ਤਰਨ ਤਾਰਨ ਰੋਡ 'ਤੇ ਗ੍ਰਿਫਤਾਰ ਕੀਤਾ ਹੈ, ਜਦ ਕਿ ਚਰਚਾ ਇਹ ਹੈ ਕਿ ਉਸ ਨੇ ਖੁਦ ਹੀ ਪੁਲਸ ਅੱਗੇ ਆਤਮ ਸਮੱਰਪਣ ਕਰ ਦਿੱਤਾ ਹੈ। ਸ੍ਰੀ ਬਰਾੜ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਪਰ ਫਾਸਟ ਵੇ ਦੇ ਐਮ.ਡੀ. ਗੁਰਦੀਪ ਸਿੰਘ ਜੁਝਾਰ ਟਰਾਂਸਪੋਰਟ ਦੀ ਗ੍ਰਿਫਤਾਰੀ ਬਾਰੇ ਪੁੱਛੇ ਜਾਣ 'ਤੇ ਉਹਨਾਂ ਸਿਰਫ ਇੰਨਾ ਹੀ ਕਿਹਾ ਕਿ ਉਸ ਦੀ ਗ੍ਰਿਫਤਾਰੀ ਦੀ ਜਾਂਚ ਚੱਲ ਰਹੀ ਹੈ ਤੇ ਪੁਲਸ ਨੇ ਉਸ ਨੂੰ ਨਿਰਦੋਸ਼ ਕਰਾਰ ਨਹੀਂ ਦਿੱਤਾ ਹੈ। ਉਹਨਾਂ ਕਿਹਾ ਕਿ ਬੀਤੇ ਕਲ੍ਹ ਜਿਹੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਅਦਾਲਤ ਨੇ ਦੋਸ਼ੀਆਂ ਤੋਂ ਪੁੱਛ ਪੜਤਾਲ ਲਈ ਦੋ ਦਿਨਾ ਪੁਲਸ ਰਿਮਾਂਡ ਦਿੱਤਾ ਹੈ। ਜੱਸੀ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਨੂੰ ਭਲਕੇ 4 ਅਪ੍ਰੈਲ ਨੂੰ ਜੱਸੀ ਦੀ ਅੰਤਮ ਅਰਦਾਸ ਸਮੇਂ ਕਿਸੇ ਵੀ ਕਿਸਮ ਦਾ ਰੌਲਾ-ਰੱਪਾ ਪੈਣ ਤੋਂ ਬਚਣ ਲਈ ਪੁਲਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰਨ ਦਾ ਡਰਾਮਾ ਕੀਤਾ ਹੈ, ਜਦ ਕਿ ਦੋਸ਼ੀ ਪਹਿਲਾਂ ਹੀ ਪੁਲਸ ਦੇ ਕਬਜ਼ੇ ਵਿੱਚ ਸੀ। ਇਸੇ ਤਰ੍ਹਾਂ ਜੱਸੀ ਦੇ ਪਰਵਾਰ ਵਾਲਿਆਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ, ਪਰ ਸਰਕਾਰੀ ਦਬਾਅ ਥੱਲੇ ਦੋਸ਼ੀਆਂ ਨਾਲ ਪੁਲਸ ਨਰਮੀ ਨਾਲ ਪੇਸ਼ ਆ ਰਹੀ ਹੈ। ਜੱਸੀ ਦੀ ਵਿਧਵਾ ਬਲਬੀਰ ਕੌਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਦੋਸ਼ੀਆਂ ਦੀਆ ਅਖਬਾਰਾਂ ਵਿੱਚ ਤਸਵੀਰਾਂ ਪੇਸ਼ ਕੀਤੀਆਂ ਗਈਆਂ ਹਨ, ਉਸ ਤਂੋ ਇਹ ਹੀ ਸਪੱਸ਼ਟ ਹੁੰਦਾ ਹੈ, ਜਿਵੇਂ ਦੋਸ਼ੀ ਪੁਲਸ ਹਿਰਾਸਤ ਵਿੱਚ ਨਹੀਂ ਸਗੋਂ ਪਿਕਨਿਕ 'ਤੇ ਗਏ ਹੋਣ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਕਾਂਡ ਵਿੱਚ ਹੋਰ ਵੀ ਸਿਆਸੀ ਆਗੂ ਸ਼ਾਮਲ ਹਨ, ਜਿਹਨਾਂ ਨੂੰ ਪੁਲਸ ਇਸ ਕਰਕੇ ਹੱਥ ਪਾਉਣ ਲਈ ਤਿਆਰ ਨਹੀਂ ਕਿਉਕਿ ਉਹਨਾਂ ਦੀ ਪਹੁੰਚ ਉਪਰ ਤੱਕ ਹੈ।
ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਦੋਸ਼ੀ ਨੂੰ ਪੁਲਸ ਨੇ ਬਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਸਗੋ ਸਿੱਧੇ ਰੂਪ ਵਿੱਚ ਕਤਲ ਹੈ ਤੇ ਦੋਸ਼ੀਆਂ ਦੇ ਖਿਲਾਫ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਅੱਜ ਜੱਸੀ ਦੇ ਪਰਵਾਰ ਨਾਲ ਮਿਲ ਕੇ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਤੇ ਭਰੋਸਾ ਦਿੱਤਾ ਕਿ ਉਹ ਪੀੜਤ ਪਰਵਾਰ ਨਾਲ ਹਰ ੁਪ੍ਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹਨ।