ਕਿਸਾਨਾਂ, ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਗੇ ਵਕੀਲ

ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਬਹੁ-ਚਰਚਿਤ ਭੋਂ ਪ੍ਰਾਪਤੀ ਬਿੱਲ 'ਤੇ ਸੈਮੀਨਾਰ ਕਰਵਾਇਆ, ਜਿਸ ਦੌਰਾਨ ਇਹ ਰਾਇ ਉਭਰ ਕੇ ਸਾਹਮਣੇ ਆਈ ਕਿ ਐੱਨ ਡੀ ਏ ਸਰਕਾਰ ਵੱਲੋਂ ਲਿਆਂਦਾ ਗਿਆ ਭੋਂ ਪ੍ਰਾਪਤੀ ਬਿੱਲ ਲੋਕ-ਪੱਖੀ ਨਹੀਂ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕਰਮਪਾਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਦੀ ਸ਼ੁਰੂਆਤ ਵੇਲੇ ਐਡਵੋਕੇਟ ਦਰਬਾਰਾ ਸਿੰਘ ਢਿੱਲੋਂ ਨੇ ਸੈਮੀਨਾਰ ਦੇ ਵਿਸ਼ੇ 'ਭੋਂ ਪ੍ਰਾਪਤੀ ਬਿੱਲ' ਬਾਰੇ ਦੇਸ਼ ਭਰ ਵਿੱਚ ਹੋ ਰਹੀ ਚਰਚਾ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਅਤੇ ਸੈਮੀਨਾਰ ਦੇ ਮੁੱਖ ਬੁਲਾਰੇ ਐਡਵੋਕੇਟ ਅਸ਼ੋਕ ਬਜਾਜ ਨਾਲ ਜਾਣ-ਪਛਾਣ ਕਰਵਾਈ।
ਸ੍ਰੀ ਬਜਾਜ ਨੇ ਪਾਰਲੀਮੈਂਟ ਵਿੱਚ ਲਟਕੇ ਹੋਏ ਤਾਜ਼ਾ ਭੋਂ ਪ੍ਰਾਪਤੀ ਬਿੱਲ, ਜਿਸ ਦਾ ਆਪੋਜ਼ੀਸ਼ਨ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾ ਭੋਂ ਪ੍ਰਾਪਤੀ ਕਾਨੂੰਨ ਦੇ ਇਤਿਹਾਸ ਅਤੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਪਾਰਲੀਮੈਂਟ ਵਿੱਚ ਭੋਂ ਪ੍ਰਾਪਤੀ ਬਿੱਲ 2013 ਅਤੇ 2014 ਦੇ ਮੌਜੂਦਾ ਬਿੱਲ ਅਤੇ ਸੰਬੰਧਤ ਮੁੱਦੇ 'ਤੇ ਜਾਰੀ ਆਰਡੀਨੈਂਸ ਦੇ ਵੱਖ-ਵੱਖ ਪਹਿਲੂਆਂ 'ਤੇ ਚੱਲ ਰਹੇ ਰੇੜਕੇ ਬਾਰੇ ਵੀ ਖੁੱਲ੍ਹ ਕੇ ਦੱਸਿਆ।
ਤਿੰਨ ਘੰਟੇ ਚੱਲੇ ਇਸ ਸੈਮੀਨਾਰ ਦੀ ਕਾਰਵਾਈ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਚਲਾਈ ਤੇ ਰਾਮਪਾਲ ਸਿੰਘ ਗਿੱਲ, ਪੀ ਐੱਸ ਰੰਧਾਵਾ, ਪ੍ਰੋਫੈਸਰ ਰੰਧਾਵਾ, ਸ੍ਰੀ ਢੀਂਗਰਾ, ਹਰਮੇਸ਼ ਲਾਲ ਮਾਨਵ, ਐਡਵੋਕੇਟ ਅਭੈ ਕੁਮਾਰ ਜੈਨ ਤੇ ਅਮਰੀਕ ਸੈਣੀ ਨੇ ਵੀ ਆਪਣੇ ਵਿਚਾਰ ਰੱਖੇ।
ਸੈਮੀਨਾਰ ਦੌਰਾਨ ਇਹ ਰਾਇ ਉਭਰ ਕੇ ਸਾਹਮਣੇ ਆਈ ਕਿ ਦੇਸ਼ ਦੇ ਵਿਕਾਸ ਲਈ ਭੋਂ ਪ੍ਰਾਪਤੀ ਲਾਜ਼ਮੀ ਹੈ, ਪਰ ਇਹ ਦੇਸ਼ ਦੇ ਲੋਕਾਂ ਦੀ ਕੀਮਤ 'ਤੇ ਨਹੀਂ, ਸਗੋਂ ਲੋਕ-ਪੱਖੀ ਹੋਣੀ ਚਾਹੀਦੀ ਹੈ। ਬਹੁ-ਫਸਲੀ ਉਪਜਾਊ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਣੀ ਚਾਹੀਦੀ ਤੇ ਜੇ ਕੋਈ ਹੋਰ ਬਦਲ ਨਾ ਬਚਦਾ ਹੋਵੇ ਤਾਂ ਪ੍ਰਭਾਵਤ ਕਿਸਾਨਾਂ ਲਈ ਉਨ੍ਹਾਂ ਦੀ ਜ਼ਮੀਨ ਦੇ ਬਰਾਬਰ ਦੀ ਉਪਜਾਊ ਜ਼ਮੀਨ ਦਾ ਪ੍ਰਬੰਧ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਅਕਵਾਇਰ ਕੀਤੀ ਜਾਣ ਵਾਲੀ ਗੈਰ-ਖੇਤੀ ਜ਼ਮੀਨ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਦੇ ਮੁੜ ਵਸੇਬੇ ਤੇ ਰੁਜ਼ਗਾਰ ਦਾ ਪ੍ਰਬੰਧ ਮੁੱਢਲੀ ਸ਼ਰਤ ਹੋਣੀ ਚਾਹੀਦੀ ਹੈ। ਸੈਮੀਨਾਰ ਦੀ ਸੁਰ ਇਹ ਵੀ ਸੀ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇੱਥੇ ਖੇਤੀ ਅਧਾਰਤ ਸਨਅਤਾਂ ਹੀ ਲਾਈਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ-ਨਾਲ ਜਨ ਸਧਾਰਨ ਨੂੰ ਵੀ ਫਾਇਦਾ ਹੋਵੇਗਾ।
ਸੈਮੀਨਾਰ ਦੌਰਾਨ ਇੱਕ ਮਤਾ ਪਾਸ ਕਰਕੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਜ਼ਮੀਨ ਮਾਲਕਾਂ ਦੇ ਹਿੱਤਾਂ ਦੀ ਰਾਖੀ ਲਈ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਗਿਆ, ਜਿਸ ਦੌਰਾਨ ਅਜਿਹੇ ਸੈਮੀਨਾਰਾਂ ਦੀ ਲੜੀ ਚਲਾਈ ਜਾਵੇਗੀ।
ਸੈਮੀਨਾਰ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇੱਕ ਸਥਾਈ ਸੈਮੀਨਾਰ ਕਮੇਟੀ ਦਾ ਗਠਨ ਵੀ ਕੀਤਾ।
ਅੰਤ ਵਿੱਚ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ ਨੇ ਸਭਨਾਂ ਮੈਂਬਰਾਂ ਦਾ ਧੰਨਵਾਦ ਕੀਤਾ। ਸੈਮੀਨਾਰ ਦੌਰਾਨ ਸੀਨੀਅਰ ਉਪ ਪ੍ਰਧਾਨ ਟੀ ਐੱਸ ਧਾਲੀਵਾਲ, ਸ੍ਰੀ ਬੋਪਾਰਾਏ, ਆਰ ਐੱਸ ਭੋਗਲ, ਮਨਜੀਤ ਸੂਚ, ਮਨਿੰਦਰ ਸਚਦੇਵਾ ਤੇ ਬਲਰਾਮ ਸ਼ਕਤੀ ਆਦਿ ਵੀ ਹਾਜ਼ਰ ਸਨ।