ਸਾਰਾ ਭਾਰਤ ਪਾਕਿ ਦੇ ਪ੍ਰਮਾਣੂ ਹਥਿਆਰਾਂ ਦੀ ਮਾਰ ਹੇਠ-ਕਿਦਵਾਈ

ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ, ਇਸ ਲਈ ਹੁਣ ਭਾਰਤ ਉਸ ਨਾਲ ਆਹਮੋ-ਸਾਹਮਣੇ ਦੀ ਲੜਾਈ ਨਹੀਂ ਕਰ ਸਕਦਾ। ਅਮਰੀਕਾ 'ਚ ਵਾਸ਼ਿੰਗਟਨ ਡੀ ਸੀ ਵਿਖੇ ਆਯੋਜਿਤ ਕਾਰੇਗੀ। ਇੰਟਰਨੈਸ਼ਨਲ ਨਿਊਕਲੀਅਰ ਪਾਲਿਸੀ ਕਾਨਫ਼ਰੰਸ ਦੌਰਾਨ ਪਾਕਿਸਤਾਨ ਦੇ ਲੈਫ਼ਟੀਨੈਂਟ ਜਨਰਲ (ਰਿਟਾਇਰਡ) ਖਾਲਿਦ ਕਿਦਵਾਈ ਨੇ ਇਹ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ ਕਿਦਵਾਈ 15 ਸਾਲਾਂ ਤੱਕ ਪਾਕਿਸਤਾਨ ਦੀ ਰਣਨੀਤਕ ਪਲਾਨ ਡਵੀਜ਼ਨ (ਐਸ ਪੀ ਡੀ) ਦੇ ਮੁਖੀ ਰਹੇ ਹਨ ਅਤੇ ਮੌਜੂਦਾ ਸਮੇਂ 'ਚ ਨੈਸ਼ਨਲ ਕਮਾਂਡ ਦੇ ਸਲਾਕਹਾਰ ਹਨ।
ਕਿਦਵਾਈ ਨੇ ਦਾਅਵਾ ਕੀਤਾ ਕਿ ਪ੍ਰਮਾਣੂ ਬੰਬ ਕਾਰਨ ਹੀ ਭਾਰਤ ਨਾਲ ਭਵਿੱਖ 'ਚ ਜੰਗ ਦਾ ਖ਼ਤਰਾ ਟਲ ਗਿਆ ਹੈ। ਆਪਣੇ ਭਾਸ਼ਣ 'ਚ ਪੂਰਾ ਸਮਾਂ ਕਿਦਵਾਈ ਪਾਕਿਸਤਾਨ ਦੀ ਪ੍ਰਮਾਣੂ ਸਮਰੱਥਾ ਬਾਰੇ ਹੀ ਗੱਲ ਕਰਦੇ ਰਹੇ। ਉਨ੍ਹਾ ਦਾਅਵਾ ਕੀਤਾ ਕਿ ਭਾਰਤ ਦਾ ਸਾਰਾ ਇਲਾਕਾ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਦੀ ਮਾਰ ਹੇਠ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਨੇ ਕਈ ਤਰ੍ਹਾਂ ਦੇ ਪ੍ਰਮਾਣੂ ਹਥਿਆਰ ਬਣਾ ਕੇ ਭਾਰਤ ਨਾਲ ਹੋਣ ਵਾਲੇ ਗੰਭੀਰ ਫ਼ੌਜੀ ਉਪਰੇਸ਼ਨ ਦੇ ਮੌਕੇ ਖ਼ਤਮ ਕਰ ਦਿੱਤੇ ਹਨ। ਪਾਕਿਸਤਾਨ ਦੀ ਪ੍ਰਮਾਣੂ ਤਾਕਤ 'ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾ ਕਿਹਾ ਕਿ ਉਹ ਪ੍ਰਮਾਣੂ ਬੰਬ ਨੂੰ ਇੱਕ ਤਰ੍ਹਾਂ ਨਾਲ ਸ਼ਾਂਤੀ ਦਾ ਹਥਿਆਰ ਮੰਨਦੇ ਹਨ ਅਤੇ ਉਨ੍ਹਾ ਦਾ ਮੰਨਣਾ ਹੈ ਕਿ ਪ੍ਰਮਾਣੂ ਹਥਿਆਰ ਜੰਗ ਨੂੰ ਰੋਕਦੇ ਹਨ।
ਕਿਦਵਾਈ ਨੇ ਕਿਹਾ ਕਿ ਬੀਤੇ 15 ਸਾਲਾਂ ਤੋਂ ਮੈਂ ਅਤੇ ਮੇਰੇ ਸਾਥੀ ਦੱਖਣੀ ਏਸ਼ੀਆ 'ਚ ਸ਼ਕਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਾਨਫ਼ਰੰਸ ਦੇ ਮਾਡਰੇਟਰ ਪੀਟਰ ਨੇ ਕਿਦਵਾਈ ਤੋਂ ਪੁੱਛਿਆ ਕਿ ਕੀ ਪਾਕਿਸਤਾਨ ਪ੍ਰਮਾਣੂ ਹਥਿਆਰ ਪ੍ਰੋਗਰਾਮ 'ਤੇ ਹੋਣ ਵਾਲੇ ਖਰਚ ਨੂੰ ਬੰਦ ਕਰੇਗਾ। ਇਸ ਦੇ ਜੁਆਬ 'ਚ ਕਿਦਵਾਈ ਨੇ ਕਿਹਾ ਕਿ ਉਨ੍ਹਾ ਦੀ ਕੋਈ ਸੀਮਾ ਨਹੀਂ ਹੈ ਅਤੇ ਨਾ ਹੀ ਉਸ ਦਾ ਭਾਰਤ ਦੇ ਨਾਲ ਕੋਈ ਗੱਠਜੋੜ ਹੈ। ਉਧਰ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰੇ, ਪਰ ਭਾਰਤ ਨੇ ਪ੍ਰਮਾਣੂ ਹਮਲੇ ਤੋਂ ਬਚਾਅ ਦੀ ਪੂਰੀ ਤਿਆਰੀ ਕਰ ਲਈ ਹੈ। ਇੱਕ ਨਵੀਂ ਰਿਪੋਰਟ ਅਨੁਸਾਰ ਵਾਸ਼ਿੰਗਟਨ ਅਤੇ ਬੀਜਿੰਗ ਵਾਂਗ ਨਵੀਂ ਦਿੱਲੀ ਨੇ ਵੀ ਪ੍ਰਮਾਣੂ ਹਮਲੇ ਤੋਂ ਬਚਾਅ ਲਈ ਸਕਿਉਰਟੀ ਕਵਰ ਤਿਆਰ ਕਰ ਲਿਆ ਹੈ।
ਸੂਤਰਾਂ ਅਨੁਸਾਰ ਭਾਰਤ ਨੇ ਅਜਿਹਾ ਰਡਾਰ ਤਿਆਰ ਕਰ ਲਿਆ ਹੈ, ਜਿਹੜਾ 5 ਹਜ਼ਾਰ ਕਿਲੋਮੀਟਰ ਦੀ ਦੂਰੀ ਤੋਂ ਆਉਣ ਵਾਲੀ ਮਿਜ਼ਾਈਲ ਦਾ ਪਤਾ ਲਾ ਸਕੇਗਾ। ਭਾਰਤ ਨੇ ਇਹ ਲਾਂਗ ਰੇਂਜ ਰਡਾਰ ਇਜ਼ਰਾਈਲ ਦੀ ਮਦਦ ਨਾਲ ਤਿਆਰ ਕੀਤਾ ਹੈ। ਫਿਲਹਾਲ ਇਹ ਰਡਾਰ 800 ਕਿਲੋਮੀਟਰ ਰੇਂਜ ਦੀ ਮਿਜ਼ਾਈਲ ਦਾ ਪਤਾ ਲਾ ਸਕਦਾ ਹੈ। ਸੂਤਰਾਂ ਅਨੁਸਾਰ ਰਡਾਰ ਲੱਗ ਜਾਣ ਮਗਰੋਂ 2016 ਤੱਕ ਇੱਕ ਮਿਜ਼ਾਈਲ ਇੰਟਰਸੈਪਟ ਯੂਨਿਟ ਵੀ ਸਥਾਪਤ ਕੀਤਾ ਜਾਵੇਗਾ ਅਤੇ ਇਸ ਦੇ ਸਥਾਪਤ ਹੋਣ ਮਗਰੋਂ ਦਿੱਲੀ ਵੀ ਉਨ੍ਹਾ ਸ਼ਹਿਰਾਂ 'ਚ ਸ਼ਾਮਲ ਹੋ ਜਾਵੇਗੀ, ਜਿੱਥੇ ਪ੍ਰਮਾਣੂ ਹਮਲੇ ਦਾ ਅਸਰ ਨਹੀਂ ਹੁੰਦਾ। ਇਸ ਵੇਲੇ ਵਾਸ਼ਿੰਗਟਨ, ਬੀਜਿੰਗ, ਪੈਰਿਸ, ਲੰਡਨ ਅਤੇ ਤੇਲਅਵੀਵ 'ਚ ਇਹ ਪ੍ਰਬੰਧ ਹੈ। ਇਹਨਾਂ ਸੂਤਰਾਂ ਨੇ ਖੁਲਾਸਾ ਕੀਤਾ ਕਿ ਦਿੱਲੀ ਮਗਰੋਂ ਮੁੰਬਈ 'ਚ ਵੀ ਸਕਿਉਰਟੀ ਕਵਰ ਲਾਇਆ ਜਾਵੇਗਾ।