ਰਵੀ ਸਿੱਧੂ ਨੂੰ 7 ਸਾਲ ਦੀ ਕੈਦ

ਅਦਾਲਤ ਨੇ ਪੈਸੇ ਲੈ ਕੇ ਨਿਯੁਕਤੀਆਂ ਕਰਨ ਅਤੇ ਉੱਤਰ ਕਾਪੀਆਂ ਦੀ ਕੱਟ-ਵੱਢ ਕਰਨ ਦੇ ਮਾਮਲੇ 'ਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਮਾਮਲੇ 'ਚ ਉਸ ਦੇ ਸਾਥੀ ਪੁਰਸ਼ੋਤਮ ਸਿੰਘ ਸੋਢੀ ਨੂੰ 2 ਸਾਲ ਅਤੇ ਪ੍ਰਿਤਪਾਲ ਸਿੰਘ ਤੇ ਪਰਮਜੀਤ ਸਿੰਘ ਨੂੰ 4-4 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਵਧੀਕ ਸੈਸ਼ਨ ਜੱਜ ਜਸਟਿਸ ਪੁਸ਼ਵਿੰਦਰ ਸਿੰਘ ਨੇ ਅੱਜ ਫੈਸਲਾ ਸੁਣਾਉਂਦਿਆਂ ਰਵੀ ਸਿੱਧੂ ਨੂੰ 7 ਸਾਲ ਦੀ ਕੈਦ ਦੇ ਨਾਲ-ਨਾਲ ਇੱਕ ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਕੱਲ੍ਹ ਅਦਾਲਤ ਨੇ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਕੱਲ੍ਹ ਅਦਾਲਤ ਨੇ ਮਾਮਲੇ ਦੇ ਦੋ ਹੋਰ ਦੋਸ਼ੀਆਂ ਜਸਪਾਲ ਸਿੰਘ ਅਤੇ ਗੁਰਪਾਲ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ, ਜਦਕਿ ਰਵੀ ਸਿੱਧੂ ਸਮੇਤ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਪਟਿਆਲਾ ਪੁਲਸ ਨੇ ਚਾਰੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਸੀ।
ਦੱਸਣਯੋਗ ਹੈ ਕਿ ਪਟਿਆਲਾ ਵਿੱਚ ਚੌਕਸੀ ਪੁਲਸ ਨੇ ਪੈਸੇ ਲੈ ਕੇ ਨਿਯੁਕਤੀਆਂ ਦੇ ਮਾਮਲੇ ਵਿੱਚ ਰਵੀ ਸਿੱਧੂ ਅਤੇ ਉਸ ਦੇ ਸਾਥੀਆਂ ਵਿਰੁੱਧ 30 ਅਪ੍ਰੈਲ 2002 ਨੂੰ 409, 420, 465, 467, 468, 120 ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ 7,12,13 ਧਾਰਾਵਾਂ ਤਹਿਤ ਪਟਿਆਲਾ ਵਿੱਚ ਮਾਮਲਾ ਦਰਜ ਕੀਤਾ ਸੀ। ਇੱਥੇ ਦੱਸਣਯੋਗ ਹੈ ਕਿ ਇਸ ਮਾਮਲੇ ਨਾਲ ਸੰਬੰਧਤ ਦੋ ਵਿਅਕਤੀ ਭਗੌੜੇ ਹਨ, ਜਦੋਂ ਕਿ ਤਿੰਨਾਂ ਦੀ ਇਸ ਸਮੇਂ ਦੌਰਾਨ ਮੌਤ ਹੋ ਗਈ। ਉਸ ਨੂੰ 25 ਮਾਰਚ 2002 ਵਿੱਚ ਵਿਜੀਲੈਂਸ ਪੁਲਸ ਨੇ ਉਸ ਦੇ ਸੈਕਟਰ 39 ਵਿਚਾਲੇ ਫਲੈਟ ਵਿੱਚੋਂ ਗ੍ਰਿਫ਼ਤਾਰ ਕੀਤਾ ਸੀ। ਭ੍ਰਿਸ਼ਟਾਚਾਰ ਦੇ ਇੱਕ ਹੋਰ ਮਾਮਲੇ ਵਿੱਚ ਰੋਪੜ ਦੀ ਅਦਾਲਤ ਨੇ ਜੁਲਾਈ 2013 ਵਿੱਚ ਉਸ ਨੂੰ 6 ਸਾਲਾਂ ਦੀ ਸਜ਼ਾ ਸੁਣਾਈ ਸੀ ਅਤੇ ਜੁਰਮਾਨਾ ਵੀ ਕੀਤਾ ਸੀ। ਉਸ ਵਿਰੁੱਧ ਚੌਕਸੀ ਵਿਰੁੱਧ ਦੀ ਧਾਰਾ 13 ਅਤੇ 7 ਤਹਿਤ ਮਾਮਲਾ ਦਰਜ ਕੀਤਾ ਸੀ। ਇਥੇ ਦੱਸਣਯੋਗ ਹੈ ਕਿ ਰਵੀ ਸਿੱਧੂ ਨੂੰ ਦੋਵਾਂ ਮਾਮਲਿਆਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਸੀ।
ਜ਼ਿਕਰਯੋਗ ਹੈ ਕਿ ਅਪ੍ਰੈਲ 2002 ਵਿਚ 10 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਰਵੀ ਸਿੱਧੂ ਦੀ ਮਾਂ ਪ੍ਰਿਤਪਾਲ ਕੌਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਕੁਝ ਸਮੇਂ ਬਾਅਦ ਵਿਦੇਸ਼ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਬਾਕੀ ਤਿੰਨ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ ਸੀ।