ਖੱਬੇ ਪੱਖੀਆਂ ਦੀ ਸਾਂਝੀ ਸਰਗਰਮੀ ਨਾਲ ਹਮਦਰਦ ਤੇ ਕਾਰਕੁਨ ਬਾਗੋਬਾਗ

ਲੋਕ ਮਸਲਿਆਂ ਉੱਪਰ ਚੱਲਦੇ ਸੰਘਰਸ਼ਾਂ ਦੇ ਮੂਹਰੈਲ ਕਹੇ ਜਾਣ ਵਾਲੇ ਕਮਿਊਨਿਸਟਾਂ ਦੀ ਆਪਸੀ ਪਾਟੋਧਾੜ ਤੋਂ ਨਿਰਾਸ਼ ਤੇ ਚਿੰਤਤ ਹਮਦਰਦਾਂ ਤੇ ਕਾਰਕੁਨਾਂ ਦੇ ਚਿਹਰਿਆਂ ਉੱਪਰ ਹੁਣ ਹਲਕਾ ਧੂਰੀ ਤੋਂ ਚਾਰੇ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਤੇ ਸੀ ਪੀ ਐੱਮ (ਪੰਜਾਬ) ਵੱਲੋਂ ਸਾਂਝੀ ਤੇ ਇੱਕਜੁੱਟ ਹੋ ਕੇ ਚੋਣ ਲੜਨ ਨਾਲ ਖੁਸ਼ੀ ਤੇ ਰੌਣਕ ਪਰਤ ਆਈ ਹੈ। ਹਮਦਰਦ ਤੇ ਚਾਰੇ ਪਾਰਟੀਆਂ ਦੇ ਕਾਰਕੁਨਾਂ ਨੇ ਪੂਰੇ ਉਤਸ਼ਾਹ ਨਾਲ ਚੋਣ ਸਰਗਰਮੀ ਫੜੀ ਹੋਈ ਹੈ। ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੇ ਉਮੀਦਵਾਰ ਦੇ ਦਫਤਰਾਂ ਦੇ ਮੁਕਾਬਲੇ ਕਾਮਰੇਡਾਂ ਦੇ ਦਫਤਰ ਵਿੱਚ ਖੂਬ ਰੌਣਕ ਨਜ਼ਰ ਆ ਰਹੀ ਹੈ। 6 ਅਪ੍ਰੈਲ ਨੂੰ ਖੱਬੇ ਪੱਖੀਆਂ ਵੱਲੋਂ ਉਮੀਦਵਾਰ ਕਾਮਰੇਡ ਸੁਖਦੇਵ ਰਾਮ ਸ਼ਰਮਾ ਦੇ ਹੱਕ ਵਿੱਚ ਕੀਤੀ ਸਾਂਝੀ ਰੈਲੀ ਤੋਂ ਬਾਅਦ ਜਿੱਥੇ ਕਾਮਰੇਡਾਂ ਦੇ ਪ੍ਰਚਾਰ 'ਚ ਤੇਜ਼ੀ ਆਈ ਹੈ, ਉੱਥੇ ਦੂਜੇ ਉਮੀਦਵਾਰਾਂ ਨੂੰ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ ਹੈ। ਇਸ ਪੱਤਰਕਾਰ ਵੱਲੋਂ ਕਾਮਰੇਡਾਂ ਦੀ ਦਿਲੋਂ ਇੱਕਜੁੱਟ ਹੋ ਕੇ ਚੋਣ ਲੜਨ ਸੰਬੰਧੀ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਨਾਲ ਜੁੜੇ ਪਿੰਡ ਘਨੌਰੀ ਕਲਾਂ ਦੇ ਮਜ਼ਦੂਰ ਜਗਸੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਪਹਿਲਾਂ ਸਾਡਾ ਵਿਹੜਾ ਵੀ ਕਈ ਹਿੱਸਿਆਂ 'ਚ ਵੰਡਿਆ ਹੋਇਆ ਸੀ। ਅੱਡੋ-ਅੱਡ ਪ੍ਰੋਗਰਾਮਾਂ 'ਚ ਥੋੜ੍ਹੇ-ਥੋੜ੍ਹੇ ਜਾਂਦੇ ਪਰ ਹੁਣ ਜਦੋਂ ਸਾਂਝੇ ਪ੍ਰੋਗਰਾਮ 'ਚ ਜਾਂਦੇ ਹਾਂ ਪੂਰੇ ਸਾਧਨ ਭਰ ਕੇ ਲੈ ਕੇ ਜਾਂਦੇ ਹਾਂ। ਜੇ ਲੁਟੇਰੇ ਇਕੱਠੇ ਹੋ ਸਕਦੇ ਹਨ ਤਾਂ ਲੋਕਾਂ ਦੇ ਮਸਲਿਆਂ 'ਤੇ ਲੜਨ ਵਾਲੇ ਜੇ ਇਕੱਠੇ ਲੜਨਗੇ, ਕੁਝ ਲੈ ਕੇ ਰਹਿਣਗੇ। ਇਕੱਠੇ ਹੋ ਕੇ ਆਏ ਕਾਮਰੇਡਾਂ ਨੂੰ ਲੋਕ ਹੁਣ ਖੁਸ਼ੀ ਨਾਲ ਸੁਣਦੇ ਹਨ। ਜ਼ਿੰਦਗੀ ਦੇ ਆਖਰੀ ਪੜਾਅ 'ਤੇ ਪਹੁੰਚੇ ਪਚਾਸੀ ਸਾਲਾਂ ਦੇ ਬਜ਼ੁਰਗ ਸੁਖਦੇਵ ਸਿੰਘ ਨੇ ਕਿਹਾ ਕਿ ਅਖੀਰਲੇ ਸਮੇਂ ਲਾਲ ਝੰਡੇ ਨੂੰ ਇੱਕਜੁੱਟ ਹੋ ਕੇ ਲੜਦਿਆਂ ਵੇਖ ਕੇ ਮਨ ਨੂੰ ਖੁਸ਼ੀ ਹੋਈ ਕਿ ਲਹਿਰ ਦਾ ਮੂੰਹ ਮੱਥਾ ਸੰਵਰ ਜਾਵੇਗਾ। ਕਿਸਾਨੀ ਨਾਲ ਸੰਬੰਧਤ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਕੱਠੇ ਹੋ ਕੇ ਚੋਣ ਲੜਨ ਨਾਲ ਕਾਮਰੇਡ ਵੀ ਮੁਕਾਬਲੇ 'ਚ ਨਜ਼ਰ ਆਉਂਦੇ ਹਨ। ਚੋਣ ਨਤੀਜਾ ਭਾਵੇਂ ਕੋਈ ਹੋਵੇ, ਪਰ ਏਕਤਾ ਦੇ ਯਤਨ ਚੰਗੇ ਹਨ।
ਕਮਿਊਨਿਸਟ ਲਹਿਰ ਦੇ ਸਮੱਰਥਕ ਅਤੇ ਧੂਰੀ ਵਿਖੇ ਆਪਣਾ ਹੋਮਿਓਪੈਥਿਕ ਕਲੀਨਿਕ ਚਲਾਉਂਦੇ ਡਾਕਟਰ ਮਨਿੰਦਰ ਸਿੰਘ ਨੇ ਕਿਹਾ ਕਿ ਕਮਿਊਨਿਸਟਾਂ ਕੋਲ ਚੰਗੇ ਸਿਧਾਂਤਕਾਰ ਤੇ ਪੜ੍ਹੇ-ਲਿਖੇ ਸ਼ਖਸ ਹਨ, ਜੋ ਲੋਕਾਂ ਦੇ ਦੁੱਖਾਂ-ਦਰਦਾਂ ਦੇ ਹੱਲ ਨੂੰ ਜਾਣਦੇ ਹਨ। ਪਾਟੋਧਾੜ ਸੰਘਰਸ਼ਾਂ ਨੂੰ ਇੱਕਜੁੱਟ ਕਰਨਾ ਅਤੇ ਚੋਣ ਵਿੱਚ ਚਾਰੇ ਪਾਰਟੀਆਂ ਦੀ ਲੀਡਰਸ਼ਿਪ ਦਾ ਉਤਰਨਾ ਇੱਕ ਸ਼ੁੱਭ ਸੰਕੇਤ ਹੈ ਤੇ ਭਵਿੱਖ ਵਿੱਚ ਚੰਗੇ ਨਤੀਜੇ ਨਿਕਲਣਗੇ। ਮੂਲੋਵਾਲ ਦੇ ਇੱਕ ਨਰੇਗਾ ਮਜ਼ਦੂਰ ਨੇ ਕਿਹਾ ਕਿ ਪਹਿਲਾਂ ਕਾਮਰੇਡ ਅੱਡੋ-ਅੱਡ ਮੀਟਿੰਗਾਂ ਕਰਨ ਆਉਂਦੇ ਸੀ, ਜਦੋਂ ਕਿ ਮਸਲਾ ਇੱਕੋ ਹੁੰਦਾ, ਪਰ ਅੱਜ ਸਾਰੇ ਕਾਮਰੇਡਾਂ ਨੂੰ ਇਕੱਠੇ ਵੇਖ ਕੇ ਇੱਕ ਆਸ ਨਜ਼ਰ ਆਉਂਦੀ ਹੈ। ਸੀ ਪੀ ਆਈ ਦੇ ਮਜ਼ਦੂਰ ਫਰੰਟ ਨਾਲ ਜੁੜੇ ਪਿਆਰੇ ਲਾਲ ਨੇ ਕਿਹਾ ਕਿ ਸਾਂਝੀ ਸਰਗਰਮੀ ਕਾਰਨ ਲੋਕ ਵੀ ਚੰਗਾ ਕਹਿੰਦੇ ਹਨ ਤੇ ਫੰਡ ਵੀ ਦਿੰਦੇ ਹਨ ਤੇ ਚੋਣ ਜਲਸਿਆਂ 'ਚ ਵੀ ਆਉਂਦੇ ਹਨ। ਉਨ੍ਹਾ ਕਿਹਾ ਕਿ ਜੇ ਮਜ਼ਦੂਰਾਂ ਦੇ ਮਸਲੇ ਇੱਕੋ ਹਨ, ਫੇਰ ਲੜਾਈ ਇੱਕੋ ਹੀ ਹੋਣੀ ਚਾਹੀਦੀ ਹੈ। ਇਸ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਕਾਮਰੇਡ ਹਰਭਗਵਾਨ ਭੀਖੀ ਤੇ ਕਸ਼ਮੀਰ ਗਦਾਈਆ ਨੇ ਕਿਹਾ ਕਿ ਲੋਕਾਂ ਕੋਲੋਂ ਜਿਊਣ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਸਭ ਸਹੂਲਤਾਂ ਅਮੀਰਾਂ ਲਈ ਰਾਖਵੀਆਂ ਰੱਖੀਆਂ ਜਾ ਰਹੀਆਂ ਹਨ, ਜਿਸ ਖਿਲਾਫ ਬਹੁਤ ਵੱਡੀ ਤੇ ਸਾਂਝੀ ਲੜਾਈ ਦੀ ਲੋੜ ਹੈ। ਫਿਰ ਭਾਵੇਂ ਉਹ ਚੋਣ ਹੋਵੇ ਜਾਂ ਫਿਰ ਸੰਘਰਸ਼ਾਂ ਦੇ ਮੈਦਾਨ।