ਬਾਦਲ ਨੇ ਦਿੱਲੀ ਨੂੰ ਖੁਸ਼ ਕਰਨ ਲਈ ਸੂਬੇ ਦੇ ਹਿੱਤਾਂ ਦਾ ਸੌਦਾ ਕੀਤਾ : ਕੈਪਟਨ

ਲੋਕ ਸਭਾ 'ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਸਿਰਫ ਆਪਣੀ ਹੋਂਦ ਬਚਾਉਣ ਲਈ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਬਾਦਲ ਨੇ ਦਿੱਲੀ ਨੂੰ ਖੁਸ਼ ਕਰਨ ਲਈ ਹਰਿਆਣਾ ਨੂੰ ਜ਼ਿਆਦਾ ਪਾਣੀ ਦਿੰਦਿਆਂ ਸੂਬੇ ਦੇ ਹਿੱਤਾਂ ਦਾ ਸੌਦਾ ਕਰ ਦਿੱਤਾ ਹੈ, ਜਦਕਿ ਪੰਜਾਬ ਕੋਲ ਆਪਣੇ ਲਈ ਵੀ ਪਾਣੀ ਨਹੀਂ ਹੈ।
ਇਸ ਲੜੀ ਹੇਠ ਧੂਰੀ ਤੋਂ ਕਾਂਗਰਸ-ਸਾਂਝਾ ਮੋਰਚਾ ਦੇ ਸਾਂਝੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਦੇ ਹੱਕ 'ਚ ਡੰਡੋਗਲ, ਭੁਲਰਹੇੜੀ ਤੇ ਭਲਵਾਨ ਸਮੇਤ ਵੱਖ ਵੱਖ ਸਥਾਨਾਂ 'ਤੇ ਭਰਵੀਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਪਾਸੇ ਬਾਦਲ ਦਾਅਵਾ ਕਰਦੇ ਹਨ ਕਿ ਪੰਜਾਬ ਦਾ ਇਕ ਬੂੰਦ ਪਾਣੀ ਵੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ, ਜਦਕਿ ਇਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਹਰਿਆਣਾ ਨੂੰ ਜ਼ਿਆਦਾ ਪਾਣੀ ਦੇਣ ਲਈ ਖਨੌਰੀ ਸਥਿਤ ਭਾਖੜਾ ਮੇਨ ਲਾਈਨ ਨਹਿਰ 'ਤੇ ਕੰਢੇ ਉੱਪਰ ਚੁੱਕ ਦਿੱਤੇ ਹਨ।
ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ 1977 'ਚ ਐੱਸ ਵਾਈ ਐੰੱਲ ਦੇ ਨਿਰਮਾਣ ਲਈ ਬਾਦਲ ਨੇ ਦੇਵੀ ਲਾਲ ਤੋਂ 2 ਕਰੋੜ ਰੁਪਏ ਮਨਜ਼ੂਰ ਕਰ ਲਏ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਉਸਨੇ ਕੰਢੇ ਉੱਪਰ ਚੁੱਕਣ ਲਈ ਹਰਿਆਣਾ ਸਰਕਾਰ ਤੋਂ 3 ਕਰੋੜ ਰੁਪਏ ਮਨਜ਼ੂਰ ਕਰ ਲਏ ਹਨ, ਤਾਂ ਜੋ ਹਰਿਆਣਾ ਨੂੰ ਜ਼ਿਆਦਾ ਪਾਣੀ ਮਿਲ ਸਕੇ। ਬਾਦਲ ਇਹ ਸਭ ਦਿੱਲੀ ਬੈਠੇ ਆਪਣੇ ਭਾਜਪਾ ਦੇ ਆਕਾਵਾਂ ਨੂੰ ਖੁਸ਼ ਕਰਦਿਆਂ ਪੰਜਾਬ 'ਚ ਆਪਣੀ ਸਰਕਾਰ ਬਚਾਏ ਰੱਖਣ ਲਈ ਕਰ ਰਹੇ ਹਨ।
ਉਨ੍ਹਾ ਲੋਕਾਂ ਨੂੰ ਸਿਮਰਪ੍ਰਤਾਪ ਬਰਨਾਲਾ ਨੂੰ ਚੁਣਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਰੂਰੀ ਹੈ ਕਿ ਬਾਦਲ ਨੂੰ ਇਕ ਸਿਆਸੀ ਝਟਕਾ ਦਿੱਤਾ ਜਾਵੇ, ਤਾਂ ਜੋ ਸੂਬੇ ਦੇ ਹਿੱਤਾਂ ਤੋਂ ਉੱਪਰ ਆਪਣੇ ਵਿਅਕਤੀਗਤ ਹਿੱਤਾਂ ਨੂੰ ਤਰਜੀਹ ਦੇਣਾ ਬੰਦ ਕਰਨ। ਨਹੀਂ ਤਾਂ, ਬਾਦਲ ਦੀ ਸੋਚ ਆਪਣੇ ਪਰਵਾਰ ਤੋਂ ਸ਼ੁਰੂ ਹੋ ਕੇ ਉਸ 'ਤੇ ਹੀ ਖਤਮ ਹੁੰਦੀ ਹੈ। ਇਸ ਦੌਰਾਨ ਉਨ੍ਹਾ ਬਾਦਲ ਪਰਵਾਰ ਵੱਲੋਂ ਹੋਟਲ, ਟਰਾਂਸਪੋਰਟ ਤੇ ਹੋਰ ਬਿਜ਼ਨੈੱਸ ਰਾਹੀਂ ਕਮਾਈ ਵੱਡੀ ਦੌਲਤ ਦਾ ਜ਼ਿਕਰ ਕੀਤਾ।
ਨਸ਼ਿਆਂ ਦੇ ਜ਼ਹਿਰ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਪੰਜਾਬ 'ਚ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿੱਥੇ ਨਸ਼ਾਖੋਰੀ ਇਕ ਸਮੱਸਿਆ ਨਾ ਬਣ ਚੁੱਕੀ ਹੋਵੇ। ਇਨ੍ਹਾ ਨੇ ਖੁਦ ਅਮੀਰ ਬਣਨ ਵਾਸਤੇ ਸੂਬੇ ਦੀ ਸਾਰੀ ਪੀੜ੍ਹੀ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਦੌਰਾਨ ਕੀਤੇ ਵੱਡੇ-ਵੱਡੇ ਵਾਅਦਿਆਂ 'ਚੋਂ ਹਾਲੇ ਤੱਕ ਇਕ ਵੀ ਪੂਰਾ ਨਹੀਂ ਕੀਤਾ। ਇਸ ਲੜੀ ਹੇਠ ਫਰਵਰੀ 2014 'ਚ ਜਦੋਂ ਮੋਦੀ ਪੰਜਾਬ ਆਏ ਸਨ, ਉਨ੍ਹਾ ਵਾਅਦਾ ਕੀਤਾ ਸੀ ਕਿ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ, ਪਰ ਉਥੇ (ਗੁਜਰਾਤ) ਦੀ ਭਾਜਪਾ ਸਰਕਾਰ ਨੇ ਹਾਲੇ ਤੱਕ ਪੰਜਾਬੀ ਕਿਸਾਨਾਂ ਦੇ ਹੱਕ 'ਚ ਗੁਜਰਾਤ ਹਾਈ ਕੋਰਟ ਦੇ ਫੈਸਲੇ ਖਿਲਾਫ ਆਪਣੀ ਅਪੀਲ ਵਾਪਿਸ ਨਹੀਂ ਲਈ। ਉਨ੍ਹਾ ਇਸ ਮੁੱਦੇ 'ਤੇ ਬਾਦਲ ਦੀ ਚੁੱਪੀ ਦੀ ਨਿੰਦਾ ਕੀਤੀ।
ਉਨ੍ਹਾ ਖੁਦ ਨੂੰ ਅਕਾਲੀ ਕਹਿਣ ਵਾਲੇ ਬਾਦਲ ਦੀ ਭਰੋਸੇਮੰਦੀ 'ਤੇ ਵੀ ਸਵਾਲ ਕੀਤੇ। ਉਹਨਾ ਕਿਹਾ ਕਿ ਅਕਾਲੀ ਦਲ ਇਕ ਵਧੀਆ ਮੁਹਿੰਮ ਤੇ ਅੰਦੋਲਨ ਸੀ, ਜਿਸ ਨੂੰ ਤਿਆਰ ਕਰਨ ਲਈ ਬਾਬਾ ਖੜਕ ਸਿੰਘ ਵਰਗੇ ਆਗੂਆਂ ਨੇ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ, ਪਰ ਹੁਣ ਸਾਡੇ ਸਾਹਮਣੇ ਅਕਾਲੀ ਦਲ ਨਹੀਂ, ਬਲਕਿ ਬਾਦਲ ਗੈਂਗ ਰਹਿ ਗਿਆ ਹੈ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੇ ਬਾਦਲਾਂ ਨੂੰ ਦੱਸਣ ਲਈ ਕਿਹਾ ਕਿ ਇਨ੍ਹਾਂ ਅੱਠ ਸਾਲਾਂ ਦੌਰਾਨ ਉਨ੍ਹਾਂ ਪੰਜਾਬ ਲਈ ਕੀ ਕੀਤਾ ਹੈ।
ਇਸ ਮੌਕੇ ਸੰਬੋਧਨ ਕਰਦਿਆ ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਕਿਹਾ ਕਿ ਜੇ ਅਕਾਲੀਆਂ ਨੇ ਕੋਈ ਕੰਮ ਕੀਤਾ ਹੁੰਦਾ, ਤਾਂ ਉਨ੍ਹਾਂ ਨੂੰ ਸਾਰੀ ਸਰਕਾਰੀ ਮਸ਼ੀਨਰੀ, ਵਿਧਾਇਕ, ਸੰਸਦ ਮੈਂਬਰ, ਮੰਤਰੀ ਤੇ ਸੂਬੇ ਭਰ ਦੇ ਵਰਕਰ ਇਥੇ ਪ੍ਰਚਾਰ ਲਈ ਨਹੀਂ ਉਤਾਰਨੇ ਪੈਂਦੇ। ਇਸ ਤੋਂ ਸਿਰਫ ਇਨ੍ਹਾਂ ਦੀ ਘਬਰਾਹਟ ਦਾ ਪਤਾ ਚੱਲਦਾ ਹੈ। ਉਥੇ ਹੀ ਸਿਮਰਪ੍ਰਤਾਪ ਸਿੰਘ ਬਰਨਾਲਾ ਨੇ ਲੋਕਾਂ ਨਾਲ ਉਥੇ ਦੇ ਪਰਵਾਰ ਦੇ ਰਿਸ਼ਤਿਆਂ ਨੂੰ ਯਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਲੋਕਾਂ ਦੀ ਸੇਵਾ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੇ। ਇਸ ਦੌਰਾਨ ਪ੍ਰਚਾਰ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਸੁਖਜਿੰਦਰ ਰੰਧਾਵਾ, ਰਮਨਜੀਤ ਸਿੰਘ ਸਿੱਕੀ, ਬਲਬੀਰ ਸਿੱਧੂ, ਕਰਨ ਕੌਰ ਬਰਾੜ, ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ, ਰਜਨੀਸ਼ ਬੱਬੀ, ਸੰਗਤ ਸਿੰਘ ਗਿਲਜੀਆਂ, ਗੁਰ ਇਕਬਾਲ ਕੌਰ, ਮੁਹੰਮਦ ਸਦੀਕ, ਨਵਤੇਜ ਚੀਮਾ, ਗੁਰਕੀਰਤ ਸਿੰਘ ਕੋਟਲੀ, ਅਜਾਇਬ ਸਿੰਘ ਭੱਟੀ, ਜੋਗਿੰਦਰ ਸਿੰਘ ਪੰਜਗਰਾਈਂ, ਓ ਪੀ ਸੋਨੀ, ਡਾ. ਰਾਜ ਕੁਮਾਰ ਵੇਰਕਾ, ਸੁਖ ਸਰਕਾਰੀਆ, ਅਮਰੀਕ ਢਿਲੋਂ, ਸੁੰਦਰ ਸ਼ਿਆਮ ਅਰੋੜਾ, ਪਵਨ ਦੀਵਾਨ, ਬੀਬੀ ਹਰਚੰਦ ਕੌਰ, ਜਗਮੋਹਨ ਸਿੰਘ ਕੰਗ, ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਰਾਣਾ ਕੇ ਪੀ ਸਿੰਘ, ਚੌਧਰੀ ਜਗਜੀਤ, ਅਰੁਨਾ ਚੌਧਰੀ, ਜੱਸੀ ਖੰਗੂੜਾ, ਲਾਲੀ ਜਵੰਦਾ, ਰਮਨ ਬਹਿਲ, ਗਗਨਜੀਤ ਸਿੰਘ ਬਰਨਾਲਾ, ਪੰਜਾਬ ਯੂਥ ਕਾਂਗਰਸ ਪ੍ਰਧਾਨ ਵਿਕਰਮ ਚੌਧਰੀ ਵੀ ਮੌਜੂਦ ਸਨ।