Latest News

ਕਸ਼ਮੀਰੀ ਪੰਡਤਾਂ ਲਈ ਵੱਖਰੀਆਂ ਕਾਲੋਨੀਆਂ ਨਹੀਂ

ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਕਸ਼ਮੀਰੀ ਪੰਡਤਾਂ ਨੂੰ ਜ਼ਮੀਨ ਦੇਣ ਦੇ ਮੁੱਦੇ 'ਤੇ ਜ਼ਬਰਦਸਤ ਹੰਗਾਮਾ ਹੋਇਆ ਹੈ। ਕੱਲ੍ਹ ਤੱਕ ਪੰਡਤਾਂ ਨੂੰ ਜ਼ਮੀਨ ਦੇਣ ਦੀ ਗੱਲ ਕਹਿਣ ਵਾਲੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਹੁਣ ਪਲਟ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਵਾਪਸੀ ਕਰਵਾਈ ਜਾਵੇਗੀ ਅਤੇ ਉਨ੍ਹਾਂ ਲਈ ਕੋਈ ਵੱਖਰੀ ਕਾਲੋਨੀ ਨਹੀਂ ਬਣਾਈ ਜਾਵੇਗੀ।
ਓਧਰ ਇਸ ਮਾਮਲੇ ਨੂੰ ਲੈ ਕੇ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਘਾਟੀ 'ਚ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਕਾਰਜ ਯੋਜਨਾ ਤਿਆਰ ਕਰ ਰਹੀ ਹੈ। ਸਈਦ ਦੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੀਟਿੰਗ ਤੋਂ ਬਾਅਦ ਅਧਿਕਾਰਤ ਰੂਪ ਨਾਲ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਨੇ ਭਰੋਸਾ ਜਤਾਇਆ ਹੈ ਕਿ ਸੂਬਾ ਸਰਕਾਰ ਉਜੜੇ ਹੋਏ ਕਸ਼ਮੀਰੀ ਪੰਡਤਾਂ ਲਈ ਵੱਖਰਾ ਟਾਊਨਸ਼ਿਪ ਬਣਾਉਣ ਲਈ ਜ਼ਮੀਨ ਅਕਵਾਇਰ ਕਰੇਗੀ ਅਤੇ ਉਨ੍ਹਾਂ ਨੂੰ ਜ਼ਮੀਨ ਮੁਹੱਈਆ ਕਰਵਾਏਗੀ। ਸਈਦ ਨੇ ਕਿਹਾ ਕਿ ਸਰਕਾਰ ਕਸ਼ਮੀਰੀ ਪੰਡਤਾਂ ਨੂੰ ਵਾਪਸੀ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੋ ਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਣਗੀਆਂ ਤਾਂ ਉਹ ਵਾਪਸ ਕਿਵੇਂ ਆਉਣਗੇ।
ਜ਼ਿਕਰਯੋਗ ਹੈ ਕਿ ਅੱਤਵਾਦੀ ਯਾਸੀਨ ਮਲਿਕ ਨੇ ਪੰਡਤਾਂ ਨੂੰ ਜ਼ਮੀਨ ਦੇਣ ਦਾ ਵਿਰੋਧ ਕੀਤਾ ਸੀ। ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਚੇਅਰਮੈਨ ਯਾਸੀਨ ਮਲਿਕ ਨੇ ਕਿਹਾ ਹੈ ਕਿ ਜੇਕਰ ਕਸ਼ਮੀਰ 'ਚ ਕਸ਼ਮੀਰੀ ਪੰਡਤਾਂ ਲਈ ਵੱਖਰੀ ਕਾਲੋਨੀ ਵਸਾਈ ਗਈ ਤਾਂ ਕਸ਼ਮੀਰ ਸੰਸਾਰ ਦਾ ਦੂਜਾ ਇਜ਼ਰਾਈਲ ਬਣ ਜਾਵੇਗਾ। ਯਾਸੀਨ ਨੇ ਸੂਬੇ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ 'ਤੇ ਸੂਬੇ 'ਚ ਆਰ ਐਸ ਐਸ ਦਾ ਏਜੰਡਾ ਲਾਗੂ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸ ਯੋਜਨਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਜੰਮੂ-ਕਸ਼ਮੀਰ ਵਿੱਚ ਕਈ ਪਾਰਟੀਆਂ ਅਤੇ ਅੱਤਵਾਦੀਆਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਮੰਗਲਵਾਰ ਨੂੰ ਦਿੱਲੀ 'ਚ ਹੋਈ ਮੀਟਿੰਗ ਵਿੱਚ ਇਸ 'ਤੇ ਚਰਚਾ ਹੋਈ ਸੀ।
ਮੁਫ਼ਤੀ ਮੁਹੰਮਦ ਸਈਦ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਭਰੋਸਾ ਦਿਵਾਇਆ ਹੈ ਕਿ ਸੂਬਾ ਸਰਕਾਰ ਘਾਟੀ 'ਚ ਕਸ਼ਮੀਰੀ ਪੰਡਤਾਂ ਦੀ ਟਾਊਨਸ਼ਿਪ ਲਈ ਜਲਦ ਤੋਂ ਜਲਦ ਜ਼ਮੀਨ ਨੂੰ ਅਕਵਾਇਰ ਕਰਕੇ ਉਸ ਨੂੰ ਮੁਹੱਈਆ ਕਰਵਾਏਗੀ।

818 Views

e-Paper