ਸੂਬੇ ਅੰਦਰ ਅਮਨ-ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ : ਬਾਦਲ

ਪੰਜਾਬ ਸਰਕਾਰ ਰਾਜ ਅੰਦਰ ਅਮਨ-ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵੇਗੀ ਤੇ ਸਰਕਾਰ ਸਮਾਜ ਵਿਰੋਧੀ ਅਨਸਰਾਂ ਨੂੰ ਉਨ੍ਹਾਂ ਦੇ ਮਕਸਦ ਵਿਚ ਕਾਮਯਾਬ ਨਹੀਂ ਹੋਣ ਦੇਵੇਗੀ। ਇਹ ਪ੍ਰਗਟਾਵਾ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਦਾ ਹਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਦੀ ਦੁੱਖਦਾਈ ਘਟਨਾ ਹੈ ਅਤੇ ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਓਨੀ ਘੱਟ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੋਨੀ ਠੀਕ-ਠਾਕ ਹਨ ਅਤੇ ਉਹ ਜਲਦੀ ਸਿਹਤਯਾਬ ਹੋਣ। ਉਨ੍ਹਾਂ ਪੰਜਾਬ ਪੁਲਸ ਦੀ ਸਰਹਾਨਾ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਵਲੋਂ ਸ੍ਰੀ ਸੋਨੀ 'ਤੇ ਹਮਲਾ ਕਰਨ ਵਾਲੇ ਤਿੰਨੇ ਮੁਲਜ਼ਮਾਂ ਨੂੰ ਫੜ ਲਿਆ ਗਿਆ ਹੈ। ਸਥਾਨਕ ਐਸਕੋਰਟ ਹਸਪਤਾਲ ਵਿਖੇ ਪੱਤਰਕਾਰਾਂ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਪੁਲਸ ਵਲੋਂ ਮੁਲਜ਼ਮਾਂ ਤੋਂ ਕੀਤੀ ਗਈ ਪੁੱਛ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਸ੍ਰੀ ਸੋਨੀ 'ਤੇ ਕੀਤਾ ਗਿਆ ਹਮਲੇ ਪਿੱਛੇ ਕਿਸੇ ਗਰੁੱਪ ਜਾਂ ਵਿਸ਼ੇਸ਼ ਵਿਅਕਤੀ ਦਾ ਹੱਥ ਨਹੀਂ ਬਲਕਿ ਇਹ ਵਿਅਕਤੀਗਤ ਹਮਲਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਆਪਸੀ ਪਿਆਰ ਤੇ ਸ਼ਾਂਤੀ ਬਣਾਈ ਰੱਖੀ ਹੈ ਤੇ ਸਰਕਾਰ ਸੂਬੇ ਅੰਦਰ ਭਾਈਚਾਰਕ ਸਾਂਝ ਬਣਾਈ ਰੱਖਣ ਨੂੰ ਹਮੇਸ਼ਾਂ ਤਰਜੀਹ ਦਿੰਦੀ ਰਹੀ ਹੈ। ਦੇਸ਼ ਦੀਆਂ ਅੰਦਰੂਨੀ ਤੇ ਬਾਹਰੀ ਕੁਝ ਏਜੰਸੀਆਂ ਰਾਜ ਅੰਦਰ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਕਰਕੇ ਰਾਜ ਦੇ ਮਾਹੋਲ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ, ਪਰ ਸੂਬਾ ਸਰਕਾਰ ਅਜਿਹੇ ਅਨਸਰਾਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਵਚਨਬੱਧ ਹੈ।
ਇਸ ਮੌਕੇ ਪੱਤਰਕਾਰਾਂ ਵਲੋਂ ਬੀਤੇ ਦਿਨੀਂ ਪਾਕਿਸਤਾਨੀ ਤਸਕਰਾਂ ਵਲੋਂ ਬੀ.ਐਸ.ਐਫ ਦੇ ਜਵਾਨਾਂ ਤੇ ਕੀਤੇ ਹਮਲੇ ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦੇਦਿੰਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੇ ਇਸ ਸਬੰਧੀੰ ਕਿਹਾ ਹੈ ਕਿ ਭਾਰਤ ਸਰਕਾਰ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦੋਵੇਗੀ। ਉਨ੍ਹਾਂ ਕਿਹਾ ਕਿ ਬੀ.ਐਸ.ਐਫ ਦੇ ਜਵਾਨਾਂ 'ਤੇ ਹਮਲਾ ਨਿੰਦਣਯੋਗ ਹੈ। ਪੱਤਰਕਾਰਾਂ ਵਲੋਂ ਪੁੱਛੇ ਇਕ ਹੋਰ ਸਵਾਲ ਕਿ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਮੁਆਵਜ਼ੇ ਲਈ ਭੇਜੇ ਪੈਸੇ ਵੰਡੇ ਨਹੀਂ ਗਏ, ਸੰਬੰਧੀ ਜਵਾਬ ਦੇਂਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਜਾਖੜ ਜ਼ਮੀਨੀ ਸੱਚਾਈ ਜਾਣਨ ਤੋਂ ਬਗੈਰ ਅਜਿਹਾ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਸ. ਬਾਦਲ ਨੇ ਸ੍ਰੀ ਸੋਨੀ ਦੇ ਪਰਵਾਰਿਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਸ. ਬਾਦਲ ਨੇ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕਰਕੇ ਸ੍ਰੀ ਸੋਨੀ ਦੀ ਸਿਹਤ ਬਾਰੇ ਜਾਣਕਾਰੀ ਲਈ। ਦੱਸਣ ਯੋਗ ਹੈ ਕਿ ਬੀਤੇ ਦਿਨੀਂ ਗੁਰਦਾਸਪੁਰ ਸ਼ਹਿਰ ਦੇ ਸ਼ਿਵ ਸੈਨਾ ਆਗੂ ਸ੍ਰੀ ਹਰਵਿੰਦਰ ਸੋਨੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਮੌਕੇ ਹੋਰਨਾਂ ਸ੍ਰੀ ਸਮੇਧ ਸਿੰਘ ਡੀ.ਜੀ.ਪੀ ਪੰਜਾਬ, ਸ੍ਰੀ ਈਸ਼ਵਰ ਚੰਦਰ ਸ਼ਰਮਾ ਆਈ.ਜੀ. ਪੁਲਸ ਬਾਰਡਰ ਰੇਂਜ, ਸ੍ਰੀ ਜਤਿੰਦਰ ਸਿੰਘ ਔਲਖ ਪੁਲਸ ਕਮਿਸ਼ਨਰ, ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ, ਸ੍ਰੀ ਰਾਜੇਸ ਸ਼ਰਮਾ ਐਸ.ਡੀ.ਐਮ-2 ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।