ਕਣਕ ਦਾ ਮੁਆਵਜ਼ਾ ਸਿਰਫ਼ 100 ਰੁਪਏ

ਮੌਸਮ ਦੀ ਮਾਰ ਨਾਲ ਝੰਬੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਨਮਕ ਛਿੜਕਦਿਆਂ ਪ੍ਰਸ਼ਾਸਨ ਵੱਲੋਂ ਉਨ੍ਹਾ ਨੂੰ 63 ਅਤੇ 84 ਰੁਪਏ ਦੇ ਚੈੱਕ ਦਿੱਤੇ ਗਏ ਹਨ। ਫੈਜ਼ਾਬਾਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਚੈੱਕ ਉਨ੍ਹਾ ਕਿਸਾਨਾਂ ਨੂੰ ਦਿੱਤੇ ਹਨ, ਜਿਨ੍ਹਾਂ ਦੀ ਫ਼ਸਲ ਬੇਮੌਸਮੀ ਬਰਸਾਤ ਨਾਲ ਤਬਾਹ ਹੋ ਗਈ ਹੈ। ਰੌਲਾ ਪੈਣ 'ਤੇ ਹਰਕਤ 'ਚ ਆਉਂਦਿਆਂ ਸਰਕਾਰ ਨੇ ਕੁਝ ਮੁਲਾਜ਼ਮ ਮੁਅੱਤਲ ਕਰ ਦਿੱਤੇ ਹਨ ਅਤੇ ਨਵੇਂ ਸਿਰੇ ਤੋਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਫੈਜ਼ਾਬਾਦ ਦੇ ਵਾਜ਼ਿਦਪੁਰ ਪਿੰਡ ਦੇ ਮੁਹੰਮਦ ਸਾਬਿਰ ਕੋਲ 5 ਬੀਘੇ ਜ਼ਮੀਨ ਹੈ ਅਤੇ ਜਦੋਂ ਫਸਲ ਤਿਆਰ ਸੀ ਤਾਂ ਅਚਾਨਕ ਹੋਈ ਭਾਰੀ ਬਾਰਸ਼ ਨੇ ਪੂਰੀ ਫ਼ਸਲ ਹੀ ਤਬਾਹ ਕਰ ਦਿੱਤੀ। ਸੂਬਾ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਤਾਂ ਉਸ ਨੂੰ ਆਸ ਬੱਝ ਗਈ ਕਿ ਉਸ ਦੇ ਨੁਕਸਾਨ ਦੀ ਭਰਪਾਈ ਹੋ ਜਾਵੇਗੀ, ਪਰ ਮੁਆਵਜ਼ੇ ਦੇ ਚੈੱਕ ਦੇਖ ਕੇ ਉਸ ਦੇ ਹੋਸ਼ ਉਡ ਗਏ। ਉਸ ਨੂੰ 5 ਬੀਘੇ ਫ਼ਸਲ ਦੇ ਖ਼ਰਾਬੇ ਬਦਲੇ ਮੁਆਵਜ਼ੇ ਵਜੋਂ 100 ਰੁਪਏ ਦਾ ਚੈੱਕ ਮਿਲਿਆ ਸੀ। ਇਸੇ ਪਿੰਡ ਦੇ ਇੱਕ ਹੋਰ ਕਿਸਾਨ ਮੁਹੰਮਦ ਸ਼ਾਹਿਦ ਨੂੰ 3 ਬੀਘੇ ਜ਼ਮੀਨ ਬਦਲੇ 63 ਰੁਪਏ ਮੁਆਵਜ਼ੇ ਦਾ ਚੱੈਕ ਮਿਲਿਆ। ਉਸ ਨੇ ਆਪਣੀ ਪ੍ਰਤੀਕ੍ਰਿਆ 'ਚ ਕਿਹਾ ਕਿ ਪ੍ਰਸ਼ਾਸਨ ਸਾਡੇ ਨਾਲ ਮਜ਼ਾਕ ਕਰ ਰਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਲਰਕਾਂ ਦੀ ਲਾਪਰਵਾਹੀ ਕਾਰਨ ਕਿਸਾਨਾਂ ਨੂੰ ਘੱਟ ਮੁਆਵਜ਼ਾ ਮਿਲਿਆ ਹੈ। ਉਨ੍ਹਾ ਕਿਹਾ ਕਿ ਕੁਝ ਕਲਰਕਾਂ ਨੂੰ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।