ਮੋਦੀ ਵੱਲੋਂ ਵਿਸ਼ਵ ਨੂੰ ਭਾਰਤ 'ਚ ਨਿਵੇਸ਼ ਦਾ ਸੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ 'ਚ ਵਿਸ਼ਵ ਨਿਰਮਾਣ ਕਾਰਜਾਂ ਦਾ ਕੇਂਦਰ ਬਣਨ ਦੀ ਭਾਰੀ ਸਮਰੱਥਾ ਹੈ। ਇਸ ਦੇ ਨਾਲ ਹੀ ਉਨ੍ਹਾ ਨੇ ਸੰਸਾਰ ਨੂੰ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੀ ਭਾਰਤੀ ਅਰਥ-ਵਿਵਸਥਾ ਨਾਲ ਭਾਈਵਾਲੀ ਦਾ ਸੱਦਾ ਦਿੱਤਾ।
ਅੱਜ ਇਥੇ ਹਨੋਵਰ ਉਦਯੋਗਿਕ ਪ੍ਰਦਰਸ਼ਨੀ 'ਚ ਭਾਰਤੀ ਪੈਵੇਲੀਅਨ ਦਾ ਉਦਘਾਟਨ ਕਰਨ ਮਗਰੋਂ ਮੋਦੀ ਨੇ ਭਾਰਤੀ ਸਟਾਲਾਂ ਅਤੇ ਪ੍ਰਦਰਸ਼ਨੀ ਨੂੰ ਦੇਖਿਆ ਅਤੇ ਭਾਰਤੀ ਪੈਵੇਲੀਅਨ 'ਚ ਉਨ੍ਹਾ ਨੇ ਜਰਮਨੀ ਦੀ ਚਾਂਸਲਰ ਐਂਜਲਾ ਮਾਰਕੇਲ ਨੂੰ ਚਾਹ ਅਤੇ ਸਨੈਕਸ ਦੀ ਪੇਸ਼ਕਸ਼ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ ਅਤੇ ਭਾਰਤ ਦੀ ਨੌਜੁਆਨ ਆਬਾਦੀ ਅਤੇ ਮੰਗ ਪੂਰੀ ਦੁਨੀਆ ਨੂੰ ਆਪਣੇ ਵੱਲ ਖਿੱਚ ਰਹੀ ਹੈ। ਉਨ੍ਹਾ ਕਿਹਾ ਭਾਰਤ ਇਸ ਪ੍ਰਦਰਸ਼ਨੀ 'ਚ ਇੱਕ ਭਾਈਵਾਲ ਦੇਸ਼ ਹੈ। ਉਨ੍ਹਾ ਕਿਹਾ ਕਿ ਨਾ ਸਿਰਫ਼ ਸਗੋਂ ਪੂਰਾ ਸੰਸਾਰ ਭਾਰਤ ਵੱਲ ਦੇਖ ਰਿਹਾ ਹੈ। ਉਨ੍ਹਾ ਕਿਹਾ ਕਿ ਭਾਰਤ 'ਚ ਨਿਰਮਾਣ ਦਾ ਕੇਂਦਰ ਬਨਣ ਦੀ ਪੂਰੀ ਸਮਰੱਥਾ ਹੈ। ਉਨ੍ਹਾ ਕਿਹਾ ਕਿ ਨਿਰਮਾਣ ਦੀ ਘੱਟ ਲਾਗਤ ਅਤੇ ਕੰਮਕਾਜ ਦੇ ਹੁਨਰਮੰਦ ਸੰਚਾਲਨ ਨਾਲ ਭਾਰਤ ਇਸ ਖੇਤਰ 'ਚ ਵਿਸ਼ਵ ਇੰਜਨ ਬਣ ਸਕਦਾ ਹੈ। ਉਨ੍ਹਾ ਨੇ ਸਮੁੱਚੇ ਵਿਸ਼ਵ ਨੂੰ ਭਾਰਤ ਨਾਲ ਭਾਈਵਾਲੀ ਵਧਾਉਣ ਲਈ ਭਾਰਤ 'ਚ ਨਿਵੇਸ਼ ਦਾ ਸੱਦਾ ਦਿੱਤਾ। ਉਨ੍ਹਾ ਕਿਹਾ ਕਿ ਸਮੁੱਚੀ ਦੁਨੀਆ ਨੂੰ ਭਾਰਤ ਦਾ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਨਵੀਆਂ ਬੁਲੰਦੀਆਂ 'ਤੇ ਪਹੁੰਚਿਆ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀਆਂ ਸਾਰੀਆਂ ਰੇਟਿੰਗ ਏਜੰਸੀਆਂ ਆਖ ਰਹੀਆਂ ਹਨ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੀ ਅਰਥ ਵਿਵਸਥਾ ਹੈ। ਇਸੇ ਦੌਰਾਨ ਜਰਮਨੀ ਦੀ ਚਾਂਸਲਰ ਮਾਰਕੇਲ ਨੇ ਕਿਹਾ ਕਿ ਭਾਰਤ ਨੇ ਇਸ ਪ੍ਰਦਰਸ਼ਨੀ 'ਚ ਜੋ ਕੁਝ ਦਿਖਾਇਆ ਹੈ, ਉਸ ਤੋਂ ਉਹ ਬੇਹੱਦ ਪ੍ਰਭਾਵਤ ਹਨ। ਉਨ੍ਹਾ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਕਾਫ਼ੀ ਜ਼ਿਆਦਾ ਨੌਜਵਾਨ ਅਬਾਦੀ ਹੈ, ਜਿਹੜੇ ਰੁਜ਼ਗਾਰ ਅਤੇ ਆਪਣੇ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ। ਮਾਰਕੇਲ ਨੇ ਕਿਹਾ ਕਿ ਜਦੋਂ ਤੁਸੀਂ ਲੋਕਤੰਤਰ, ਨਵਪ੍ਰੀਵਰਤਨ ਸਮਰੱਥਾ ਅਤੇ ਖੁਸ਼ਹਾਲੀ 'ਤੇ ਵਿਚਾਰ ਕਰਦੇ ਹੋ ਤਾਂ ਭਾਰਤ ਦਾ ਸ਼ਾਨਦਾਰ ਭਵਿੱਖ ਹੈ ਅਤੇ ਭਾਰਤ ਇਸ ਦਾ ਚੰਗਾ ਉਦਾਹਰਣ ਹੈ, ਜਿਹੜਾ ਅਸਾਨੀ ਨਾਲ ਸੰਭਵ ਹੈ। ਉਨ੍ਹਾ ਕਿਹਾ ਕਿ ਉਨ੍ਹਾ ਦਾ ਦੇਸ਼ ਭਾਰਤ ਨਾਲ ਨਜ਼ਦੀਕੀ ਭਾਈਵਾਲੀ ਦਾ ਯਤਨ ਕਰ ਰਿਹਾ ਹੈ ਅਤੇ ਮੈਨੂੰ ਆਸ ਹੈ ਕਿ ਹਨੋਵਰ ਪ੍ਰਦਰਸ਼ਨੀ ਨਾਲ ਸਾਡੇ ਸੰਬੰਧਾਂ 'ਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ। ਉਨ੍ਹਾ ਭਰੋਸਾ ਦੁਆਇਆ ਕਿ ਜਰਮਨੀ ਇਸ ਭਾਈਵਾਲੀ ਦਾ ਵਿਕਾਸ ਕਰਨ ਲਈ ਤਿਆਰ ਹੈ।