Latest News

ਅੱਤਵਾਦ ਨੂੰ ਹਵਾ ਦੇਣ ਵਾਲਿਆਂ ਨੂੰ ਅਲੱਗ-ਥਲੱਗ ਕਰਨ ਦੀ ਲੋੜ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦਾ ਨਾਂਅ ਲਏ ਬਗੈਰ ਕਿਹਾ ਕਿ ਜੋ ਸਰਕਾਰਾਂ ਅੱਤਵਾਦ ਨੂੰ ਹੱਲਾਸ਼ੇਰੀ ਦਿੰਦੀਆਂ ਹਨ, ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਦੀ ਲੋੜ ਹੈ। ਜਰਮਨੀ ਦੀ ਚਾਂਸਲਰ ਏਜੰਲਾ ਮਰਕਲ ਨਾਲ ਸਾਂਝਾ ਬਿਆਨ ਜਾਰੀ ਕਰਨ ਤੋਂ ਬਾਅਦ ਮੋਦੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਅੱਤਵਾਦ ਦੀ ਸਹੀ ਪਰਿਭਾਸ਼ਾ ਤੈਅ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਭਾਰਤ ਦੀ ਪ੍ਰੰਪਰਾ ਸ਼ਾਂਤੀ ਨੂੰ ਸਮਰਪਿਤ ਹੈ।
ਮੋਦੀ ਨੇ ਕਿਹਾ ਕਿ ਸ਼ਾਂਤੀ ਦੇ ਯਤਨਾਂ ਲਈ ਭਾਰਤ ਦੀ ਬਾਰ-ਬਾਰ ਪ੍ਰਸੰਸਾ ਹੁੰਦੀ ਹੈ। ਉਨ੍ਹਾ ਕਿਹਾ ਕਿ ਭਾਰਤ ਨਾਲ ਇਨਸਾਫ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਭਾਰਤ ਨੂੰ ਸਥਾਈ ਮੈਂਬਰੀ ਦੇਣ 'ਚ ਕਾਫੀ ਦੇਰ ਹੋ ਚੁੱਕੀ ਹੈ। ਮੋਦੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਇਕਸੁਰ 'ਚ ਬੋਲਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਅੱਤਵਾਦ ਮਾਨਵਤਾ ਲਈ ਇੱਕ ਵੱਡਾ ਖਤਰਾ ਹੈ ਅਤੇ ਇਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਆਪਣੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਹੈ ਅਤੇ ਦੋਵੇਂ ਦੇਸ਼ ਆਪਣੇ ਰਿਸ਼ਤਿਆਂ ਨੂੰ ਨਵੀਆਂ ਸਿਖਰਾਂ 'ਤੇ ਲਿਜਾ ਰਹੇ ਹਨ। ਮੋਦੀ ਨੇ ਕਿਹਾ ਕਿ ਉਨ੍ਹਾ ਦੀ ਜਰਮਨੀ ਨਾਲ ਕੌਮਾਂਤਰੀ ਮਸਲਿਆਂ ਬਾਰੇ ਚਰਚਾ ਹੋਣੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਸ਼ੇਰ ਅਤੇ ਜਰਮਨੀ ਦਾ ਬਾਜ਼ ਚੰਗੇ ਸਾਥੀ ਸਾਬਤ ਹੋਣਗੇ। ਉਨ੍ਹਾ ਕਿਹਾ ਕਿ ਭਾਰਤ ਨੂੰ ਤਕਨੀਕ ਸਮੇਤ ਕਈ ਖੇਤਰਾਂ 'ਚ ਜਰਮਨੀ ਦੇ ਸਾਥ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਜਰਮਨੀ ਨਾਲ ਵਪਾਰ ਲਈ ਇੱਕ ਵੱਖਰੀ ਪ੍ਰਕਿਰਿਆ ਅਪਣਾਈ ਜਾਵੇਗੀ। ਉਨ੍ਹਾ ਕਿਹਾ ਕਿ ਕੌਸ਼ਲ ਵਿਭਾਗ 'ਚ ਜਰਮਨੀ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਜਰਮਨੀ ਤੋਂ ਭਾਰਤ ਬਹੁਤ ਕੁਝ ਸਿਖ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨ ਅਤੇ ਤਕਨੀਕ ਦੇ ਖੇਤਰ 'ਚ ਸਹਿਯੋਗ ਹੋਰ ਵਧਾਇਆ ਜਾਵੇਗਾ।
ਉਨ੍ਹਾ ਕਿਹਾ ਕਿ ਭਾਰਤ ਅਤੇ ਜਰਮਨੀ ਪੌਣਪਾਣੀ ਦੇ ਖੇਤਰ 'ਚ ਆ ਰਹੀਆਂ ਚੁਣੌਤੀਆਂ ਨਾਲ ਮਿਲ ਕੇ ਸਿੱਝਣਗੇ। ਉਨ੍ਹਾ ਕਿਹਾ ਕਿ ਭਾਰਤ ਸਵੱਛ ਊਰਜਾ ਦੇ ਖੇਤਰ 'ਚ ਜਰਮਨੀ ਤੋਂ ਬਹੁਤ ਕੁਝ ਸਿਖ ਸਕਦਾ ਹੈ।
ਇਸ ਤੋਂ ਪਹਿਲਾਂ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਗਏ ਸਵਾਗਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ 'ਚ ਸਭ ਤੋਂ ਘੱਟ ਪ੍ਰਤੀ ਵਿਅਕਤੀ ਗੈਸ ਨਿਕਾਸੀ ਦੇ ਬਾਵਜੂਦ ਆਲਮੀ ਤਪਸ ਨੂੰ ਲੈ ਕੇ ਭਾਰਤ ਤੋਂ ਸਵਾਲ ਕਰਨ ਬਾਰੇ ਵਿਕਸਿਤ ਦੇਸ਼ਾਂ ਨੂੰ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਭਾਰਤ ਸਤੰਬਰ 'ਚ ਫਰਾਂਸ 'ਚ ਹੋਣ ਵਾਲੇ ਪੌਣ ਪਾਣੀ 'ਚ ਤਬਦੀਲੀ ਸੰਮੇਲਨ ਲਈ ਏਜੰਡਾ ਤੈਅ ਕਰੇਗਾ। ਉਨ੍ਹਾ ਕਿਹਾ ਕਿ ਭਾਰਤ 'ਚ ਪ੍ਰਤੀ ਵਿਅਕਤੀ ਨਿਕਾਸੀ ਸਭ ਤੋਂ ਘੱਟ ਹੋਣ ਦੇ ਬਾਵਜੂਦ ਵਿਸ਼ਵ ਸਾਨੂੰ ਝਿੜਕ ਰਿਹਾ ਹੈ। ਉਨ੍ਹਾ ਕਿਹਾ ਕਿ ਭਾਰਤੀਆਂ ਦਾ ਸੱਭਿਆਚਾਰ ਅਤੇ ਪ੍ਰੰਪਰਾ 'ਚ ਸਦੀਆਂ ਤੋਂ ਕੁਦਰਤ ਦੀ ਰੱਖਿਆ ਕਰਨ ਦੀ ਸੋਚ ਰਹੀ ਹੈ ਅਤੇ ਕਈ ਯੁੱਗਾਂ ਤੋਂ ਕੁਦਰਤ ਨਾਲ ਪਿਆਰ ਕਰਦਾ ਆ ਰਿਹਾ ਹੈ। ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਨੂੰ ਸਵਾਲ ਪੁੱਛ ਰਹੀ ਹੈ। ਪੌਣ ਪਾਣੀ ਨੂੰ ਵਿਗਾੜਨ ਵਾਲੇ ਭਾਰਤ ਨੂੰ ਸਵਾਲ ਪੁੱਛ ਰਹੇ ਹਨ। ਉਨ੍ਹਾ ਕਿਹਾ ਕਿ ਜੇ ਕਿਤੇ ਕੁਦਰਤ ਦੀ ਰੱਖਿਆ ਨੀਤੀ ਹੈ ਤਾਂ ਇਹ ਭਾਰਤ ਹੀ ਹੈ। ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਪ੍ਰਤੀ ਜਵਾਬਦੇਹ ਨਹੀਂ ਹੈ ਅਤੇ ਭਾਰਤ ਦੁਨੀਆ ਨੂੰ ਦੱਸੇਗਾ ਕਿ ਕੁਦਰਤ ਦਾ ਸਭ ਤੋਂ ਵੱਧ ਨੁਕਸਾਨ ਉਨ੍ਹਾ ਨੇ ਹੀ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪੈਰਿਸ 'ਚ ਹੋਣ ਵਾਲੇ ਸੰਮੇਲਨ ਲਈ ਏਜੰਡਾ ਤੈਅ ਕਰੇਗਾ। ਭਾਰਤ ਦੀਆਂ ਪ੍ਰੰਪਰਾਵਾਂ ਅਤੇ ਤਰਜੀਹਾਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਭਾਰਤ ਹੀ ਇਕੋ ਇੱਕ ਦੇਸ਼ ਹੈ, ਜਿਸ ਨੇ ਕੁਦਰਤ ਦੀ ਸਭ ਤੋਂ ਵੱਧ ਸੇਵਾ ਕੀਤੀ ਹੈ। ਉਨ੍ਹਾ ਕਿਹਾ ਕਿ ਭਾਰਤੀ ਲੋਕ ਨਦੀਆਂ ਨੂੰ ਮਾਂ ਕਹਿ ਕੇ ਪੁਕਾਰਦੇ ਹਨ ਅਤੇ ਦਰੱਖਤਾਂ ਦੀ ਪੂਜਾ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਤਪਸ ਕਾਰਨ ਪੈਦਾ ਹੋਏ ਸੰਕਟ ਦਾ ਹੱਲ ਭਾਰਤੀ ਪ੍ਰੰਪਰਾਵਾਂ 'ਚ ਹੈ। ਉਨ੍ਹਾ ਨੇ ਪ੍ਰਵਾਸੀ ਭਾਰਤੀਆਂ ਨੂੰ ਇਸ ਕੰਮ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾ ਕਿਹਾ ਕਿ ਭਾਰਤ ਵੀ ਪੌਣ-ਪਾਣੀ 'ਚ ਤਬਦੀਲੀ ਦੀ ਵਿਸ਼ਵ ਸਮੱਸਿਆ ਦਾ ਹੱਲ ਚਾਹੁੰਦਾ ਹੈ। ਮੋਦੀ ਨੇ ਕਿਹਾ ਕਿ ਜਰਮਨੀ ਸੂਰਜੀ ਊਰਜਾ ਸੰਪਨ ਦੇਸ਼ ਹੈ ਅਤੇ ਸੂਰਜੀ ਊਰਜਾ ਦੇ ਖੇਤਰ 'ਚ ਭਾਰਤ ਨਾਲ ਉਸ ਦੀ ਭਾਈਵਾਲੀ ਨਾਲ ਇਸ ਤਰ੍ਹਾਂ ਦੀ ਊਰਜਾ ਦੀ ਲਾਗਤ 'ਚ ਕਮੀ ਕਰਨ ਲਈ ਮਦਦ ਮਿਲੇਗੀ। ਉਨ੍ਹਾ ਕਿਹਾ ਕਿ ਜੇ ਪੌਣ-ਪਾਣੀ 'ਚ ਤਬਦੀਲੀ ਦੀ ਸਮੱਸਿਆ ਨਾਲ ਨਾ ਸਿਝਿਆ ਗਿਆ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੁਕਸਾਨ ਪਹੁੰਚਾਏਗੀ।

1016 Views

e-Paper