ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਜੇਤੂ

ਧੂਰੀ ਵਿਧਾਨ ਸਭਾ ਦੀ 11 ਅਪ੍ਰੈਲ ਨੂੰ ਹੋਈ ਉਪ ਚੋਣ ਦੀਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ 37,501 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਇਸ ਬਾਰੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਅੱੈਸ ਡੀ ਐੱਮ ਰਾਜੇਸ਼ ਧੀਮਾਨ ਨੇ ਦੱਸਿਆ ਕਿ ਧੂਰੀ ਹਲਕੇ ਦੇ ਕੁਲ 1 ਲੱਖ 51 ਹਜ਼ਾਰ 952 ਵੋਟਰਾਂ ਵਿੱਚੋਂ 1 ਲੱਖ 10 ਹਜ਼ਾਰ 951 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਨ੍ਹਾ ਦੱਸਿਆ ਕਿ ਅੱਜ ਹੋਈ ਵੋਟਾਂ ਦੀ ਗਿਣਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਕੁਲ 67 ਹਜ਼ਾਰ 596 ਵੋਟਾਂ, ਕਾਂਗਰਸ ਦੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਨੂੰ 30 ਹਜ਼ਾਰ 95 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦੇ (ਅ) ਦੇ ਉਮੀਦਵਾਰ ਸੁਰਜੀਤ ਸਿੰਘ ਕਾਲਾਬੂਲਾ ਨੂੰ 7554 ਵੋਟਾਂ ਹਾਸਲ ਹੋਈਆਂ। ਸ੍ਰੀ ਧੀਮਾਨ ਨੇ ਦੱਸਿਆ ਕਿ ਸੀ ਪੀ ਆਈ ਦੇ ਉਮੀਦਵਾਰ ਸੁਖਦੇਵ ਰਾਮ ਸ਼ਰਮਾ ਨੂੰ 1933 ਵੋਟਾਂ, ਜੈ ਜਵਾਨ ਜੈ ਕਿਸਾਨ ਦੀ ਉਮੀਦਵਾਰ ਮਨਜੀਤ ਕੌਰ ਨੂੰ 203 ਵੋਟਾਂ, ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੂੰ 261, ਗੁਰਪ੍ਰੀਤ ਸਿੰਘ ਨੂੰ 134, ਗੁਰਮੀਤ ਸਿੰਘ ਨੂੰ 397, ਜ਼ੋਰਾ ਸਿੰਘ 174, ਵਿਕਰਮ ਕੁਮਾਰ ਨੂੰ 835, ਰਣਜੀਤ ਭਸੀਨ ਨੂੰ 535 ਅਤੇ ਰਤਨ ਲਾਲ ਨੂੰ 163 ਵੋਟਾ ਪਈਆਂ, ਜਦਕਿ 1071 ਵੋਟਰਾਂ ਵੱਲੋਂ ਨੋਟਾ ਬਟਨ ਦੀ ਵਰਤੋਂ ਕੀਤੀ ਗਈ। ਜ਼ਿਕਰਯੋਗ ਹੈ ਕਿ ਕਾਫੀ ਲੰਮੇ ਸਮਂੇ ਤੋਂ ਇਸ ਹਲਕੇ ਤਂੋ ਸਰਕਾਰ ਵਿਰੋਧੀ ਉਮੀਦਦਵਾਰ ਜਿੱਤਦਾ ਆ ਰਿਹਾ ਹੈ, ਜਿਸ ਕਾਰਨ ਇਹ ਹਲਕਾ ਹਮੇਸ਼ਾ ਹੁਕਮਰਾਨ ਧਿਰ ਦੀ ਸੁਵੱਲੀ ਨਜ਼ਰ ਤੋਂ ਵਾਂਝਾ ਰਿਹਾ।
ਅਕਾਲੀ ਦਲ ਦੀ ਤੱਕੜੀ ਵਿੱਚ ਇਹ ਸੀਟ ਪੈਣ ਕਾਰਨ ਜਿਥੇ ਅਕਾਲੀ ਦਲ ਦਾ ਪੰਜਾਬ ਵਿਧਾਨ ਸਭਾ ਵਿੱਚ ਬਹੁਮਤ ਪੂਰਾ ਹੋ ਗਿਆ ਹੈ, ਉਥੇ ਕਾਫੀ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੇ ਉੱਪ ਮੁੱਖ ਮੰਤਰੀ ਤੋਂ ਮੁੱਖ ਮੰਤਰੀ ਬਣਨ ਦੀਆਂ ਕਿਆਸ-ਅਰਾਈਆਂ ਨੂੰ ਬੂਰ ਪੈਣ ਦੀ ਸੰਭਾਵਨਾ ਵਧ ਗਈ ਹੈ। ਚੇਤੇ ਰਹੇ ਕਿ ਲੰਘੀਆਂ ਵਿਧਾਨ ਸਭਾ ਚੋਣਾਂ 2012 ਵਿੱਚ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਅਰਵਿੰਦ ਖੰਨਾ ਨੁੰ 51536 ਵੋਟਾਂ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ 39063 ਵੋਟਾਂ ਪ੍ਰਾਪਤ ਹੋਈਆਂ ਸਨ ਅਤੇ ਹੁਣ ਹਾਲੀਆ ਨਤੀਜਿਆਂ ਮੁਤਾਬਿਕ ਜਿਥੇ ਕਾਂਗਰਸ ਦਾ ਵੋਟ ਬਂੈਕ ਕਾਫੀ ਡਿੱਗਿਆ ਹੈ, ਉਥੇ ਅਕਾਲੀ ਦਲ ਦਾ ਵੋਟ ਬੈਂਕ ਦੁੱਗਣਾ ਹੋ ਗਿਆ ਹੈ। ਕਾਂਗਰਸ ਦੀ ਹਾਰ ਨੇ ਕਾਂਗਰਸੀ ਹਲਕਿਆਂ ਨੁੰ ਸਵੈ-ਪੜਚੋਲ ਕਰਨ ਲਈ ਮਜਬੂਰ ਕਰ ਦਿੱਤਾ ਹੈ। ਜਿੱਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲਂੌਗੋਵਾਲ ਨੇ ਇਸ ਜਿੱਤ ਨੂੰ ਪਾਰਟੀ ਅਤੇ ਹਲਕੇ ਦੇ ਲੋਕਾਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਜੋ ਮੇਰੇ ਅਤੇ ਸਰਕਾਰ ਵਿੱਚ ਭਰੋਸਾ ਪ੍ਰਗਟ ਕੀਤਾ ਹੈ, ਉਸ ਲਈ ਉਨ੍ਹਾਂ ਦੀ ਹਲਕੇ ਦੇ ਲੋਕਾਂ ਪ੍ਰਤੀ ਜਿੰਮੇਵਾਰੀ ਹੋਰ ਵਧ ਗਈ ਹੈ ਅਤੇ ਨਿਰਸੁਆਰਥ ਹੋ ਕੇ ਹਲਕੇ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਹਰ ਵੇਲੇ ਤਤਪਰ ਰਹਿਣਗੇ ਅਤੇ ਬਿਨਾਂ ਕਿਸੇ ਭੇਦ-ਭਾਵ ਤੋਂ ਹਲਕੇ ਦੇ ਕੰਮ ਕੀਤੇ ਜਾਣਗੇ। ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਨਾਤਨ ਧਰਮ ਸਭਾ ਧੂਰੀ ਅਤੇ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਬਿੰਦਾ, ਅੱਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨਦੀਪ ਗਰਗ ਕਾਲਾ, ਸਿਟੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਅਮਰਜੀਤ ਸਿੰਘ ਕੋਹਲੀ, ਸਕੱਤਰ ਜਨਰਲ ਰਾਜੇਸ਼ਵਰ ਪਿੰਟੂ, ਸੀਨੀਅਰ ਮੀਤ ਪ੍ਰਧਾਨ ਰੰਜੀਵ ਕੁਮਾਰ ਗੋਰਾ, ਮੀਤ ਪ੍ਰਧਾਨ ਜਤਿੰਦਰ ਕੁਮਾਰ ਜੀਤਾ ਨੇ ਇਸ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਇਸ ਹਲਕੇ ਤੋਂ ਸਰਕਾਰ ਵਿਰੋਧੀ ਵਿਧਾਇਕ ਜਿੱਤਦਾ ਆ ਰਿਹਾ ਸੀ, ਜਿਸ ਕਾਰਨ ਹਲਕੇ ਦਾ ਲੋੜੀਂਦਾ ਵਿਕਾਸ ਨਹੀਂ ਹੋਇਆ, ਹੁਣ ਧੂਰੀ ਹਲਕੇ ਦੇ ਧੜਾਧੜ ਵਿਕਾਸ ਕਾਰਜ ਹੋਣਗੇ।
ਇਸ ਪ੍ਰਤੀਨਿਧ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨਾਰਥ ਅਮਰੀਕਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ ਦੇ ਪੁੱਤਰ ਕਾਕਾ ਕੁਲਪ੍ਰਤਾਪ ਸਿੰਘ ਪਨੂੰ ਢਿੱਲੋਂ, ਸੀਨੀਅਰ ਅਕਾਲੀ ਆਗੂ ਰਣਜੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ ਨੇ ਇਸ ਜਿੱਤ ਨੂੰ ਅਕਾਲੀ ਦਲ ਦੀਆਂ ਨੀਤੀਆਂ ਦੀਆਂ ਜਿੱਤ ਗਰਦਾਨਦਿਆਂ ਕਿਹਾ ਕਿ ਇਸ ਜਿੱਤ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ 'ਤੇ ਮੋਹਰ ਲਾਈ ਹੈ।