ਜ਼ਮੀਨੀ ਵਿਵਾਦ ਦੀ ਭੇਟ ਚੜ੍ਹਿਆ ਪ੍ਰਵਾਸੀ ਭਾਰਤੀ

ਭਾਵੇਂ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪ੍ਰਵਾਸੀ ਸੰਮੇਲਨਾਂ ਦੇ ਨਾਂਅ 'ਤੇ ਕਰੋੜਾਂ ਰੁਪਏ ਖਰਚ ਕਰਕੇ ਇਨਸਾਫ਼ ਦੇਣ ਦੇ ਦਮਗੱਜ਼ੇ ਮਾਰ ਰਹੀ ਹੈ, ਪ੍ਰੰਤੂ ਰੋਜ਼ੀ-ਰੋਟੀ ਦੀ ਖਾਤਰ ਸੱਤ ਸਮੁੰਦਰੋਂ ਪਾਰ ਵੱਸੇ ਪੰਜਾਬੀ ਆਪਣੇ ਮੁਲਕ ਭਾਰਤ 'ਚ ਆ ਕੇ ਕਾਨੂੰਨ ਦੀਆਂ ਕਥਿਤ ਨਾਕਾਮੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੀ ਹੀ ਕਾਨੂੰਨੀ ਨਾਕਾਮੀ ਦਾ ਸ਼ਿਕਾਰ ਹੋਇਆ ਕੈਨੇਡਾ ਨਿਵਾਸੀ ਹਰਿੰਦਰ ਸਿੰਘ (46) ਜਿਸ ਨੂੰ ਅੱਜ ਦੇਰ ਸ਼ਾਮ ਉਸ ਦੀ ਰਿਸ਼ਤੇ 'ਚ ਲੱਗਦੀ ਭਰਜਾਈ ਅਤੇ ਉਸਦੇ ਸਾਥੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪਰਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਸਰਾਂ ਪੁੱਤਰ ਸੁਰਜੀਤ ਸਿੰਘ ਨਿਵਾਸੀ ਅਪੈਕਸ ਕਾਲੋਨੀ ਦੁਸਾਂਝ ਰੋਡ ਮੋਗਾ, ਜੋ ਕਿ ਲੱਗਭੱਗ 25 ਵਰ੍ਹੇਂ ਪਹਿਲਾਂ ਪਰਵਾਰ ਸਮੇਤ ਕੈਨੇਡਾ ਚਲਾ ਗਿਆ ਸੀ ਅਤੇ ਉਸ ਦਾ ਆਪਣੇ ਸਰੀਕੇ ਵਿਚ ਜ਼ਮੀਨੀ ਵਿਵਾਦ ਚੱਲਦਾ ਸੀ। ਸੂਤਰਾਂ ਅਨੁਸਾਰ ਉਕਤ ਜ਼ਮੀਨੀ ਵਿਵਾਦ ਸੰਬੰਧੀ ਹਰਿੰਦਰ ਸਿੰਘ ਨੇ ਬਕਾਇਦਾ ਤੌਰ 'ਤੇ ਐੱਨ.ਆਰ.ਆਈ ਪੁਲਸ ਨੂੰ ਲਿਖਤੀ ਦਰਖਾਸਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਸੀ, ਜਿਸ ਵਿਚ ਉਸ ਨੇ ਆਪਣੀ ਕਥਿਤ ਭਰਜਾਈ ਖਿਲਾਫ਼ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਭਰਜਾਈ ਨੇ ਕਥਿਤ ਤੌਰ ਤੇ ਜਾਲ੍ਹੀ ਵਸੀਅਤ ਕਰਵਾ ਕੇ ਉਨ੍ਹਾਂ ਦੀ ਮਾਲਕੀਅਤ ਜ਼ਮੀਨ ਹੜੱਪਣ ਦਾ ਅਪਰਾਧ ਕੀਤਾ ਹੈ। ਇਸ ਮਾਮਲੇ ਦੀ ਜਾਂਚ ਐੱਨ ਆਰ ਆਈ ਪੁਲਸ ਵੱਲੋਂ ਮੁਕੰਮਲ ਕਰਕੇ ਰਿਪੋਰਟ ਆਈ.ਜੀ ਐੱਨ ਆਰ ਆਈ ਪਾਸ ਪਹੁੰਚਾ ਦਿੱਤੀ ਗਈ ਸੀ, ਪ੍ਰੰਤੂ ਅਜੇ ਤੱਕ ਵੀ ਉਕਤ ਪ੍ਰਵਾਸੀ ਭਾਰਤੀ ਨੂੰ ਇਨਸਾਫ਼ ਨਹੀਂ ਸੀ ਮਿਲਿਆ।
2 ਅਪ੍ਰੈਲ ਨੂੰ ਭਾਰਤ ਪਰਤੇ ਹਰਿੰਦਰ ਸਿੰਘ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਪੁਲਸ ਪਾਸੋਂ ਸੁਰੱਖਿਆ ਦੀ ਮੰਗ ਕੀਤੀ ਸੀ। ਜਦੋਂ ਪ੍ਰਵਾਸੀ ਭਾਰਤੀ ਆਪਣੀ ਜ਼ਮੀਨ 'ਚ ਬੀਜੀ ਕਣਕ ਦੀ ਕਟਾਈ ਕਰ ਰਿਹਾ ਸੀ ਤਾਂ ਉਥੇ ਉਸਦੀ ਕਥਿਤ ਭਰਜਾਈ ਆਪਣੇ ਦੋ ਸਾਥੀਆਂ ਕੁਲਦੀਪ ਸਿੰਘ ਉਰਫ਼ ਕੀਪਾ ਅਤੇ ਕੁਲਬੀਰ ਸਿੰਘ ਸਮੇਤ ਪਹੁੰਚੀ ਅਤੇ ਗੋਲੀਆਂ ਮਾਰ ਕੇ ਪ੍ਰਵਾਸੀ ਭਾਰਤੀ ਹਰਿੰਦਰ ਸਿੰਘ ਸਰਾਂ ਦੀ ਹੱਤਿਆ ਕਰ ਦਿੱਤੀ ਗਈ, ਜਦਕਿ ਨਾਲ ਕੰਮ ਕਰਦੇ ਇਕ ਮਜ਼ਦੂਰ ਸਲੀਮ ਨਿਵਾਸੀ ਦੌਧਰ ਦੇ ਵੀ ਗੋਲੀ ਲੱਗੀ।
ਘਟਨਾ ਦਾ ਪਤਾ ਚੱਲਦਿਆਂ ਪੁਲਸ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਜਤਿੰਦਰ ਸਿੰਘ ਖਹਿਰਾ ਨੇ ਸਪੱਸ਼ਟ ਕੀਤਾ ਕਿ ਜਾਂਚ ਦੌਰਾਨ ਜੇਕਰ ਕਿਸੇ ਪੁਲਸ ਅਧਿਕਾਰੀ ਦੀ ਕੁਤਾਹੀ ਪਾਈ ਗਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਕਾਤਲਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਸੰਬੰਧ ਵਿੱਚ ਪੁਲਸ ਨੇ ਕੁਲਬੀਰ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਕੌਰ ਕਾਲੀਏਵਾਲਾ, ਇੰਸਪੈਕਟਰ ਭੋਲਾ ਸਿੰਘ ਜੋ ਇਸ ਮੌਕੇ ਕ੍ਰਾਇਮ ਬ੍ਰਾਂਚ ਚੰਡੀਗੜ੍ਹ ਵਿਖੇ ਤਾਇਨਾਤ ਹੈ, ਰਜਿੰਦਰ ਸਿੰਘ, ਚੇਤ ਸਿੰਘ ਵਾਸੀ ਬਹਿਰਾਮਪੁਰ ਜਿਲ੍ਹਾ ਰੋਪੜ ਤੇ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।