Latest News

ਧੂਰੀ ਦੀ ਚੋਣ ਅਤੇ ਪੰਜਾਬ ਦੀ ਰਾਜਨੀਤੀ

Published on 17 Apr, 2015 12:18 AM.


ਪੰਜਾਬ ਦੀ ਇਕਲੌਤੀ ਉੱਪ ਚੋਣ ਵਾਲੇ ਧੂਰੀ ਹਲਕੇ ਦਾ ਨਤੀਜਾ ਕੱਲ੍ਹ ਆ ਗਿਆ ਹੈ। ਜਿਵੇਂ ਪਹਿਲਾਂ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਅਕਾਲੀ ਦਲ ਨੇ ਇਹ ਚੋਣ ਜਿੱਤ ਲੈਣੀ ਹੈ, ਹੋਇਆ ਵੀ ਉਵੇਂ ਅਤੇ ਉਨ੍ਹਾਂ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਹਰਾ ਦਿੱਤਾ ਹੈ। ਕਿਸੇ ਦਾ ਧਿਆਨ ਵੀ ਇਸ ਸੀਟ ਦੀ ਜਿੱਤ-ਹਾਰ ਵੱਲ ਓਨਾ ਨਹੀਂ ਸੀ, ਜਿੰਨਾ ਇਸ ਪੱਖ ਵੱਲ ਸੀ ਕਿ ਇਸ ਚੋਣ ਦੇ ਨਤੀਜੇ ਤੋਂ ਪਿੱਛੋਂ ਕੀ ਹੋਵੇਗਾ? ਕਾਂਗਰਸ ਦੇ ਆਗੂਆਂ ਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਆਪੋ ਵਿੱਚ ਲੜਨ ਰੁੱਝੇ ਰਹਿਣ ਕਰ ਕੇ ਉਨ੍ਹਾਂ ਨੇ ਚੋਣ ਹਾਰੀ ਹੈ। ਕਿਸੇ ਵੀ ਆਗੂ ਨੂੰ ਚੋਣ ਜਿੱਤਣ ਦੀ ਦਿਲਚਸਪੀ ਨਹੀਂ ਸੀ। ਉਨ੍ਹਾਂ ਨੂੰ ਕਿਸੇ ਹਾਈ ਕਮਾਂਡ ਵੱਲੋਂ ਇਸ ਹਾਰ ਲਈ ਪੇਸ਼ੀ ਦੀ ਚਿੰਤਾ ਵੀ ਨਹੀਂ। ਕੇਂਦਰ ਵਿੱਚ ਪਾਰਟੀ ਹਾਈ ਕਮਾਨ ਦੇ ਆਪਣੇ ਪੱਲੇ ਕੱਖ ਨਹੀਂ ਤੇ ਓਥੋਂ ਵਾਲੇ ਸਾਰੇ ਆਗੂ ਵੀ ਆਪੋ ਵਿੱਚ ਇੱਕ ਸੁਰ ਨਹੀਂ ਦਿਖਾਈ ਦੇਂਦੇ। ਇਸ ਕਰ ਕੇ ਪੰਜਾਬ ਵਾਲਿਆਂ ਨੂੰ ਵੀ ਕਿਸੇ ਨੇ ਨਹੀਂ ਘੂਰਨਾ।
ਚੋਣ ਦਾ ਨਤੀਜਾ ਆਏ ਤੋਂ ਕਈ ਲੋਕ ਇਹ ਕਹਿੰਦੇ ਹਨ ਕਿ ਇਸ ਹਾਰ ਨੇ ਸੁਰਜੀਤ ਸਿੰਘ ਬਰਨਾਲਾ ਦੇ ਪਰਵਾਰ ਦਾ ਭਵਿੱਖ ਖ਼ਤਮ ਕਰ ਦਿੱਤਾ ਹੈ। ਇਹ ਫਜ਼ੂਲ ਦੀ ਗੱਲ ਹੈ। ਸੁਰਜੀਤ ਸਿੰਘ ਬਰਨਾਲਾ ਨੂੰ ਪਤਾ ਸੀ ਕਿ ਸੀਟ ਜਿੱਤੀ ਨਹੀਂ ਜਾਣੀ, ਇਸ ਦੇ ਬਾਵਜੂਦ ਪੋਤਰੇ ਨੂੰ ਕਾਂਗਰਸ ਟਿਕਟ ਉੱਤੇ ਖੜਾ ਕਰਨ ਨੂੰ ਇਸ ਕਰ ਕੇ ਤਿਆਰ ਹੋ ਗਿਆ ਕਿ ਹਾਰ ਜਾਣ ਦੇ ਬਾਵਜੂਦ ਅਗਲੀ ਵਾਰ ਆਮ ਚੋਣਾਂ ਮੌਕੇ ਪੋਤਰਾ ਇਸ ਸੀਟ ਤੋਂ ਦਾਅਵਾ ਕਰਨ ਜੋਗਾ ਹੋ ਜਾਵੇਗਾ। ਇਹ ਦਾਅਵਾ ਕਾਂਗਰਸ ਕੋਲ ਵੀ ਹੋ ਸਕਦਾ ਹੈ ਤੇ ਬਾਦਲ ਅਕਾਲੀ ਦਲ ਵੱਲ ਵੀ ਮੋੜਾ ਕੱਟਣ ਦਾ ਆਧਾਰ ਬਣ ਸਕਦਾ ਹੈ। ਵੱਡੇ ਬਾਦਲ ਨੇ ਕਈ ਵਾਰੀ ਬਾਗ਼ੀ ਹੋਏ ਲੋਕਾਂ ਨੂੰ ਦੋਬਾਰਾ ਚਰਨੀਂ ਲਾ ਕੇ ਰਾਜਨੀਤਕ ਦਾਅ ਖੇਡੇ ਹੋਏ ਹਨ। ਅਗਲੇ ਸਾਲ ਬਰਨਾਲਾ ਪਰਵਾਰ ਨਾਲ ਵੀ ਏਦਾਂ ਦਾ ਸਮਝੌਤਾ ਹੋ ਸਕਦਾ ਹੈ।
ਜਿਹੜੀ ਅਸਲ ਖੇਡ ਇਸ ਚੋਣ ਪਿੱਛੇ ਸੀ, ਉਹ ਵੱਡੇ ਬਾਦਲ ਦੀ ਨਹੀਂ, ਛੋਟੇ ਬਾਦਲ ਸੁਖਬੀਰ ਸਿੰਘ ਦੀ ਸੀ ਕਿ ਕਿਸੇ ਤਰ੍ਹਾਂ ਵਿਧਾਨ ਸਭਾ ਵਿੱਚ ਆਪਣੇ ਸਿਰ ਬਹੁ-ਸੰਮਤੀ ਬਣਾਈ ਜਾਵੇ। ਸਿਰਫ਼ ਤਿੰਨ ਸੀਟਾਂ ਦੀ ਘਾਟ ਸੀ ਤੇ ਇਹ ਘਾਟ ਲੁਧਿਆਣੇ ਦੇ ਦੋ ਬੈਂਸ ਭਰਾਵਾਂ ਨੂੰ ਨਾਲ ਜੋੜ ਕੇ ਲੱਗਭੱਗ ਪੂਰੀ ਹੋ ਗਈ ਸੀ, ਪਰ ਉਹ ਜੁੜ ਕੇ ਵੀ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਨਹੀਂ ਸੀ ਮੰਨੇ ਤੇ ਬਾਅਦ ਵਿੱਚ ਬਾਗ਼ੀ ਹੋ ਗਏ ਸਨ। ਜਦੋਂ ਉਹ ਬਾਗ਼ੀ ਹੋਏ ਤਾਂ ਸੁਖਬੀਰ ਸਿੰਘ ਬਾਦਲ ਨੇ ਨਵੀਂ ਨੀਤੀ ਹੇਠ ਮੋਗੇ ਦੇ ਵਿਧਾਇਕ ਜੋਗਿੰਦਰ ਪਾਲ ਜੈਨ ਦਾ ਕਾਂਗਰਸ ਤੇ ਵਿਧਾਨ ਸਭਾ ਦੋਵਾਂ ਤੋਂ ਅਸਤੀਫਾ ਦਿਵਾ ਕੇ ਫਿਰ ਅਕਾਲੀ ਟਿਕਟ ਉੱਤੇ ਚੋਣ ਲੜਵਾ ਕੇ ਜਿਤਾਇਆ ਅਤੇ ਉਸ ਦੇ ਬਾਅਦ ਤਲਵੰਡੀ ਸਾਬੋ ਵਿੱਚ ਇਹੋ ਖੇਡ ਖੇਡੀ ਸੀ। ਇਨ੍ਹਾਂ ਦੋ ਕਾਂਗਰਸੀ ਵਿਧਾਇਕਾਂ ਨੂੰ ਅਕਾਲੀਆਂ ਦਾ ਚੋਲਾ ਪਵਾਉਣ ਪਿੱਛੋਂ ਧੂਰੀ ਵਿੱਚ ਏਸੇ ਨੀਤੀ ਹੇਠ ਅਰਵਿੰਦ ਖੰਨਾ ਦਾ ਅਸਤੀਫਾ ਦਿਵਾਇਆ ਸੀ, ਪਰ ਬਦਲੇ ਹਾਲਾਤ ਵਿੱਚ ਖੰਨਾ ਇਸ ਗੱਲੋਂ ਡਰ ਗਿਆ ਕਿ ਜੇ ਓਥੇ ਆਮ ਆਦਮੀ ਪਾਰਟੀ ਦੀ ਲਹਿਰ ਚੱਲ ਪਈ ਤਾਂ ਬਣੀ-ਬਣਾਈ ਭੱਲ ਖ਼ਤਮ ਹੋ ਜਾਵੇਗੀ। ਨਤੀਜੇ ਵਜੋਂ ਓਥੋਂ ਦੀ ਟਿਕਟ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੇ ਕੇ ਜਿਤਾ ਲਿਆ ਹੈ।
ਹੁਣ ਜਦੋਂ ਵਿਧਾਨ ਸਭਾ ਵਿੱਚ ਅਕਾਲੀ ਦਲ ਦੀ ਆਪਣੇ ਸਿਰ ਬਹੁ-ਸੰਮਤੀ ਬਣ ਚੁੱਕੀ ਹੈ, ਇਹ ਚਰਚਾ ਵੀ ਨਾਲ ਹੀ ਚੱਲ ਪਈ ਹੈ ਕਿ ਭਾਜਪਾ ਦੀ ਲੋੜ ਨਹੀਂ ਰਹਿ ਗਈ ਤੇ ਬਾਦਲ ਬਾਪ-ਬੇਟਾ ਕਿਸੇ ਵੇਲੇ ਵੀ ਫ਼ੈਸਲਾ ਲੈ ਸਕਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੂੰ ਕਮਾਨ ਸੌਂਪਣ ਦਾ ਕੰਮ ਸਿਰੇ ਚਾੜ੍ਹ ਦਿੱਤਾ ਜਾਵੇ। ਭਾਜਪਾ ਪਹਿਲਾਂ ਵੀ ਸ਼ਾਇਦ ਅੜਿੱਕਾ ਨਹੀਂ ਸੀ ਪਾਉਣ ਲੱਗੀ, ਪਰ ਹੁਣ ਉਹ ਏਨੇ ਜੋਗੀ ਰਹੀ ਨਹੀਂ। ਇਸ ਲਈ ਕਿਸੇ ਵੇਲੇ ਵੀ ਉਹ ਇਹ ਕੰਮ ਕਰ ਦੇਣ ਦਾ ਮਨ ਬਣਾ ਲੈਣ ਤਾਂ ਕਰ ਸਕਦੇ ਹਨ, ਪਰ ਜਾਣਕਾਰ ਹਲਕੇ ਕਹਿੰਦੇ ਹਨ ਕਿ ਵੱਡੇ ਬਾਦਲ ਦੀ ਅਜੇ ਵੀ ਠਰ੍ਹੰਮੇ ਨਾਲ ਚੱਲਣ ਦੀ ਨੀਤੀ ਹੈ। ਸ਼ਾਇਦ ਇਹ ਗੱਲ ਠੀਕ ਹੋਵੇ।
ਸਭ ਤੋਂ ਮਾੜੀ ਭਾਜਪਾ ਨਾਲ ਹੋਈ ਹੈ। ਉਹ ਅਕਾਲੀਆਂ ਤੋਂ ਠਿੱਬੀ ਖਾ ਬੈਠੀ ਹੈ। ਇਸੇ ਲਈ ਧੂਰੀ ਵਾਲੀ ਇਸ ਚੋਣ ਦੀ ਸਾਰੀ ਮੁਹਿੰਮ ਦੌਰਾਨ ਇੱਕ ਵੀ ਭਾਜਪਾ ਲੀਡਰ ਓਥੇ ਨਹੀਂ ਗਿਆ ਅਤੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਪੰਜਾਬ ਭਾਜਪਾ ਦਾ ਪ੍ਰਧਾਨ ਓਥੇ ਰਸਮੀ ਜਿਹਾ ਗੇੜਾ ਮਾਰਨ ਚਲਾ ਗਿਆ ਸੀ। ਅੰਦਰੋਂ ਉਹ ਏਨੇ ਕੌੜ ਵਿੱਚ ਹਨ ਕਿ ਖੜੇ ਪੈਰ ਆਪਣੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀਆਂ ਰੈਲੀਆਂ ਪੰਜਾਬ ਵਿੱਚ ਕਰਨ ਦੀ ਵਿਉਂਤ ਦੇ ਨਾਲ ਇਸ ਪ੍ਰਚਾਰ ਦਾ ਝੰਡਾ ਵੀ ਚੁੱਕ ਲਿਆ ਹੈ ਕਿ ਕੋਈ ਗੱਲ ਨਹੀਂ, ਏਥੇ ਪੰਜਾਬ ਵਿੱਚ ਜੇ ਇਹ ਬਹੁ-ਸੰਮਤੀ ਨਾਲ ਮਨ-ਆਈਆਂ ਕਰਨਗੇ ਤਾਂ ਕੇਂਦਰ ਵਿੱਚ ਸਾਡੇ ਲਈ ਇਹ ਵੀ ਬੇਲੋੜੀ ਚੀਜ਼ ਨੇ। ਇਸ ਦਲੀਲ ਦੇ ਵਿੱਚ ਇੱਕ ਧਮਕੀ ਲੁਕੀ ਹੋਈ ਹੈ। ਉਨ੍ਹਾਂ ਦਾ ਇਸ਼ਾਰਾ ਇਹ ਹੈ ਕਿ ਜੇ ਪੰਜਾਬ ਵਿੱਚ ਸਾਨੂੰ ਕੋਈ ਗੱਦੀ ਛੱਡਣੀ ਪਵੇ ਤਾਂ ਕੇਂਦਰ ਵਿੱਚ ਅਕਾਲੀਆਂ ਦਾ ਕੋਈ ਵਜ਼ੀਰ ਵੀ ਨਹੀਂ ਰਹਿਣਾ। ਅਕਾਲੀ ਇਹ ਇਸ਼ਾਰਾ ਸਮਝਦੇ ਹਨ।
ਏਦਾਂ ਦੀ ਗੱਲ ਸੋਚਣੀ ਗ਼ਲਤ ਹੋਵੇਗੀ ਕਿ ਅਕਾਲੀ ਦਲ ਤੇ ਭਾਜਪਾ ਧੂਰੀ ਵਾਲੀ ਚੋਣ ਤੋਂ ਬਾਅਦ ਕਾਹਲੀ ਵਿੱਚ ਵੱਖੋ-ਵੱਖ ਰਾਹ ਪੈ ਜਾਣਗੇ। ਦੋਵਾਂ ਧਿਰਾਂ ਨੂੰ ਇੱਕ ਦੂਸਰੇ ਦੀ ਲੋੜ ਹਾਲੇ ਰਹਿਣੀ ਹੈ। ਜਦੋਂ ਛੇ ਪਾਰਟੀਆਂ ਨੇ ਪੁਰਾਣੇ ਜਨਤਾ ਪਰਵਾਰ ਦੇ ਇਕੱਠ ਦੇ ਨਾਂਅ ਉੱਤੇ ਇੱਕ ਵਾਰ ਫਿਰ ਇੱਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਉਸ ਐਲਾਨ ਤੋਂ ਭਾਜਪਾ ਤ੍ਰਹਿਕਦੀ ਹੈ। ਅਕਾਲੀ ਦਲ ਨੂੰ ਵੀ ਕਾਂਗਰਸ ਭਾਵੇਂ ਬਹੁਤਾ ਨਾ ਡਰਾਉਂਦੀ ਹੋਵੇ, ਰਾਜ ਅੰਦਰਲੇ ਹਾਲਾਤ ਤੇ ਖ਼ਾਸ ਤੌਰ ਉੱਤੇ ਸ਼ਹਿਰੀ ਵੋਟਰਾਂ ਵਿੱਚ ਜ਼ਾਹਰ ਹੋ ਰਹੀ ਨਾਰਾਜ਼ਗੀ ਦਾ ਗਿਆਨ ਹੈ ਤੇ ਉਨ੍ਹਾਂ ਵੋਟਾਂ ਲਈ ਉਹ ਭਾਜਪਾ ਤੋਂ ਦੂਰੀ ਨਹੀਂ ਪਾਉਣਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਧੂਰੀ ਦਾ ਨਤੀਜਾ ਆਉਂਦੇ ਸਾਰ ਏਸੇ ਲਈ ਆਖ ਦਿੱਤਾ ਹੈ ਕਿ ਅਗਲੀਆਂ ਆਮ ਚੋਣਾਂ ਵੀ ਭਾਜਪਾ ਦੇ ਨਾਲ ਗੱਠਜੋੜ ਕਰ ਕੇ ਹੀ ਲੜਨੀਆਂ ਹਨ। ਫਿਰ ਵੀ ਅੰਦਰੋ-ਅੰਦਰੀ ਖਿੱਚੋਤਾਣ ਵਧ ਜਾਣੀ ਹੈ।

1169 Views

e-Paper