ਹਾਰ 'ਚ ਤੂਫਾਨ ਕਾਰਨ 45 ਲੋਕਾਂ ਦੀ ਮੌਤ, 150 ਜਖ਼ਮੀ

ਬਿਹਾਰ 'ਚ ਮੰਗਲਵਾਰ ਦੀ ਦੇਰ ਰਾਤ ਉੱਤਰ-ਪੂਰਬੀ ਇਲਾਕੇ 'ਚ ਆਏ ਤੂਫਾਨ ਕਾਰਨ ਕਾਫੀ ਤਬਾਹੀ ਹੋਈ ਹੈ। 45 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 150 ਤੋਂ ਜ਼ਿਆਦਾ ਜ਼ਖਮੀ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹਨ। ਵੱਡੇ ਪੱਧਰ 'ਤੇ ਘਰਾਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਪ੍ਰਭਾਵਤ ਇਲਾਕਿਆਂ ਦਾ ਦੌਰਾ ਵੀ ਕਰ ਸਕਦੇ ਹਨ। ਤੂਫਾਨ ਦਾ ਅਸਰ ਪੂਰਨੀਆ, ਸਹਰਸਾ, ਕਟਿਹਾਰ, ਸੁਪੋਲ, ਮਧੋਪੁਰਾ, ਮਧੁਬਨੀ ਅਤੇ ਦਰਭੰਗਾ ਸਮੇਤ ਆਲੇ-ਦੁਆਲੇ ਦੇ ਕੁਝ ਜ਼ਿਲ੍ਹਿਆਂ 'ਚ ਦੇਖਿਆ ਗਿਆ ਹੈ। ਕੋਸੀ ਦੇ ਇਸ ਇਲਾਕੇ 'ਚ ਅਕਸਰ ਤੂਫਾਨ ਆਉਂਦੇ ਹਨ, ਪਰ ਇਸ ਵਾਰ ਤੇਜ਼ੀ ਜਿਆਦਾ ਸੀ। ਆਫਤ ਪ੍ਰਬੰਧਨ ਵਿਭਾਗ ਦੇ ਮੁੱਖ ਸਕੱਤਰ ਨੇ ਕਿਹਾ ਹੈ ਕਿ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ 'ਚ ਭਿਆਨਕ ਤੂਫਾਨ ਕਾਰਨ 32 ਲੋਕਾਂ ਦੀ ਮੌਤ ਹੋ ਗਈ ਹੈ ਅਤੇ 80 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕਾਂ 'ਚ ਸਭ ਤੋਂ ਜ਼ਿਆਦਾ ਪੂਰਨੀਆ ਜ਼ਿਲ੍ਹੇ ਦੇ ਲੋਕ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਮਧੇਪੁਰਾ ਅਤੇ ਕਟਿਹਾਰ ਤੋਂ ਵੀ ਮੌਤਾਂ ਦੀਆਂ ਖਬਰਾਂ ਹਨ। 10 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ। ਸੜਕਾਂ ਅਤੇ ਬਿਜਲੀ ਦੇ ਪੋਲਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਅਤੇ ਬਿਜਲੀ ਵਿਵਸਥਾ ਠੱਪ ਪੈ ਗਈ ਹੈ। ਹਨੇਰੀ ਤੂਫਾਨ ਕਾਰਨ ਮੋਬਾਈਲ ਟਾਵਰਾਂ ਨੂੰ ਵੀ ਨੁਕਸਾਨ ਹੋਇਆ ਹੈ, ਜਿਸ ਕਾਰਨ ਮੋਬਾਇਲ ਨੈਟਵਰਕ ਵੀ ਘੱਟ ਨਹੀਂ ਕਰ ਰਿਹਾ ਹੈ। ਮਧੇਪੁਰਾ ਜ਼ਿਲ੍ਹੇ 'ਚ ਵੀ ਹਨੇਰੀ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 25 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਕਈ ਇਲਾਕਿਆਂ 'ਚ ਬਿਜਲੀ ਠੱਪ ਹੋ ਗਈ ਹੈ। ਮਧੇਪੁਰ ਦੇ ਡੀ ਐੱਮ ਨੇ ਕਿਹਾ ਹੈ ਕਿ ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਮੁਹੱਈਆ ਕਰਵਾਈ ਜਾਵੇ। ਪੂਰਨੀਆ ਜ਼ਿਲ੍ਹੇ ਦੇ ਇੱਕ ਅਧਿਕਾਰੀ ਮੁਤਾਬਕ ਜ਼ਿਲ੍ਹੇ ਦੇ ਡਗਰੂਆ 'ਚ ਸੈਂਕੜੇ ਝੌਂਪੜੀਆਂ ਅਤੇ ਟੀਨ ਦੀਆਂ ਚੱਤਾਂ ਉੱਡ ਗਈਆਂ ਹਨ ਅਤੇ ਮਕਾਨ ਡਿੱਗ ਗਏ ਹਨ। ਪੂਰਨੀਆ ਦੇ ਡੀ ਐੱਮ ਰਾਜੇਸ਼ ਕੁਮਾਰ ਨੇ 15 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਖਬਰਾਂ ਮੁਤਾਬਕ ਪੂਰਨੀਆ 'ਚ ਮ੍ਰਿਤਕਾਂ ਦੀ ਗਿਣਤੀ 25 ਹੋ ਗਈ ਹੈ ਅਤੇ ਇਹ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਹੈ।