ਮੋਦੀ ਸਰਕਾਰ ਐੱਫ ਸੀ ਆਈ ਨੂੰ ਖਤਮ ਕਰਨਾ ਚਾਹੁੰਦੀ : ਬਾਜਵਾ

ਅੱਜ ਦੇਰ ਸ਼ਾਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਦਾਣਾ ਮੰਡੀ ਮੁੱਲਾਂਪੁਰ ਦਾਖਾ ਵਿੱਚ ਕਣਕ ਦੀਆਂ ਢੇਰੀਆਂ 'ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸਲ ਵਿੱਚ ਮੋਦੀ ਸਰਕਾਰ ਐੱਫ ਸੀ ਆਈ ਨੂੰ ਖਤਮ ਕਰਕੇ ਵਪਾਰੀਆਂ ਦੇ ਰਹਿਮੋ-ਕਰਮ 'ਤੇ ਕਿਸਾਨਾਂ ਨੂੰ ਛੱਡਣਾ ਚਾਹੁੰਦੀ ਹੈ। ਐੱਫ ਸੀ ਆਈ 30 ਹਜ਼ਾਰ ਕਰੋੜ ਘਾਟੇ ਵਿੱਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪੰਜਾਬ ਦੇ ਝੋਨੇ ਅਤੇ ਕਣਕ ਦੀ ਲੋੜ ਨਹੀਂ ਹੈ।
ਬਲਕਿ ਮੱਧ ਪ੍ਰਦੇਸ਼ ਵਿੱਚ ਦੁਰਮ ਕਿਸਮ ਦੀ ਕਣਕ ਪੈਦਾ ਹੁੰਦੀ ਹੈ, ਜੋ ਖਾਣ ਦੇ ਯੋਗ ਹੈ। ਪ੍ਰਧਾਨ ਬਾਜਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਯੂਰੀਆ ਅਤੇ ਡਾਇਆ ਖਾਦ 'ਤੇ ਸਬਸਿਡੀ ਖਤਮ ਕਰਨਾ ਚਾਹੁੰਦੀ ਹੈ, ਪਰ ਬਾਦਲ ਕਿਸਾਨੀ ਮਸਲਿਆਂ ਬਾਰੇ ਖਾਮੋਸ਼ ਹੈ, ਕਿਉਂਕਿ ਕੇਂਦਰ ਸਰਕਾਰ ਨੇ ਬਾਦਲ ਨੂੰ ਪਦਮ ਭੂਸ਼ਣ ਦੀ ਪਦਵੀ ਨਾਲ ਨਿਵਾਜਿਆ ਹੈ। ਉਨ੍ਹਾਂ ਕਾਂਗਰਸ ਏਕਤਾ ਬਾਰੇ ਕਿਹਾ ਕਿ ਜਿੰਨੇ ਕਿਸਾਨ ਦੇ ਮੁੱਦੇ ਹਨ, ਅਸੀਂ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਲੜ ਰਹੇ ਹਾਂ। ਉਨ੍ਹਾਂ ਬਾਦਲ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ। ਉਨ੍ਹਾਂ ਨਸ਼ਿਆਂ ਦੇ ਮੁੱਦੇ 'ਤੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਵਿੱਚ ਆਉਣ 'ਤੇ ਅਸੀਂ ਇੱਕ ਸਾਲ ਵਿੱਚ ਮਾਫੀਏ ਨੂੰ ਨੱਥ ਪਾਵਾਂਗੇ ਤੇ ਉਨ੍ਹਾਂ ਦੀਆਂ ਜ਼ਮੀਨਾਂ ਕੁਰਕ ਕਰਕੇ ਕਿਸਾਨਾਂ ਨੂੰ ਵੰਡਾਂਗੇ। ਇਸ ਮੌਕੇ ਹਲਕਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੰਘ ਸਿੱਧੂ, ਮੇਜਰ ਸਿੰਘ ਭੈਣੀ, ਪ੍ਰਮਿੰਦਰ ਸਿੰਘ ਬਿੱਟੂ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਪੰਡਤ ਸ਼ਾਂਤੀ ਸਰੂਪ, ਬਲਵੰਤ ਸਿੰਘ ਧਨੋਆ, ਕਰਨੈਲ ਸਿੰਘ ਗਿੱਲ, ਹਰਵਿੰਦਰ ਸਿੰਘ ਸੇਖੋਂ, ਸ਼ੰਕਰ ਗੋਇਲ, ਮਹਾਂਵੀਰ ਬਾਂਸਲ, ਅਰਵਿੰਦ ਦਾਖਾ ਅਤੇ ਚੇਅਰਮੈਨ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।