ਰੋਟੀ ਦੇ ਪੈਸੇ ਮੰਗਣ 'ਤੇ ਹੋਮਗਾਰਡ ਦੇ ਜਵਾਨ ਨੇ ਢਾਬੇ ਦੇ ਮੁਲਾਜ਼ਮ ਨੂੰ ਮਾਰੀ ਗੋਲੀ

ਲੰਘੀ ਦੇਰ ਰਾਤ 11 ਵਜੇ ਦੇ ਕਰੀਬ ਥਾਣਾ ਗੜ੍ਹਸ਼ੰਕਰ ਅਧੀਨ ਆਉਂਦੀ ਪੁਲਸ ਚੌਂਕੀ ਸਮੁੰਦੜਾ ਦੇ ਇੱਕ ਹੋਮਗਾਰਡ ਮੁਲਾਜ਼ਮ ਨੇ ਢਾਬੇ 'ਤੇ ਕੰਮ ਕਰਦੇ ਮੁਲਾਜ਼ਮ ਨੂੰ ਖਾਧੀ ਰੋਟੀ ਦੇ 120 ਰੁਪਏ ਦੇਣ ਦੀ ਬਜਾਏ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਚੰਡੀਗੜ੍ਹ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਪਨਾਮ ਲਾਗੇ ਬਣੇ ਏ-ਵੰਨ ਢਾਬੇ 'ਤੇ 2 ਹੋਮਗਾਰਡ ਮੁਲਾਜ਼ਮ ਰਾਤ 10.30 ਦੇ ਕਰੀਬ ਡਿਊਟੀ 'ਤੇ ਜਾਂਦੇ ਸਮੇਂ ਰੋਟੀ ਖਾਣ ਲਈ ਢਾਬੇ 'ਤੇ ਆਏ ਅਤੇ ਰੋਟੀ ਖਾਣ ਤੋਂ ਬਾਅਦ ਬਣੇ 120 ਰੁਪਏ ਦੇਣ ਦੀ ਬਜਾਏ ਢਾਬੇ ਦੇ ਮੁਲਾਜ਼ਮ ਨਾਲ ਬਹਿਸਣ ਲੱਗ ਪਏ ਅਤੇ ਆਪਣੀ ਵਰਦੀ ਦਾ ਰੋਹਬ ਪਾਉਣ ਲੱਗੇ ਅਤੇ ਪੈਸੇ ਦੇਣ ਦੀ ਬਜਾਏ ਗੋਲੀ ਮਾਰਨ ਦੀ ਧਮਕੀ ਦੇਣ ਲੱਗੇ। ਜਦ ਢਾਬੇ ਦੇ ਮੁਲਾਜ਼ਮ ਕ੍ਰਿਸ਼ਨ ਲਾਲ ਉਰਫ ਬਿੱਟੂ ਨੇ ਹੋਮਗਾਰਡ ਦੇ ਮੁਲਾਜ਼ਮਾਂ ਤੋਂ ਰੋਟੀ ਦੇ ਪੈਸੇ ਮੰਗੇ ਤਾਂ ਇੱਕ ਸ਼ਰਾਬੀ ਹਾਲਤ 'ਚ ਹੋਮਗਾਰਡ ਮੁਲਾਜ਼ਮ ਸੰਤੋਖ ਸਿੰਘ ਨੇ ਆਪਣੀ ਸਰਕਾਰੀ ਬੰਦੂਕ ਨਾਲ ਗੋਲੀ ਚਲਾ ਦਿੱਤੀ, ਜੋ ਕਿ ਢਾਬੇ ਦੇ ਕਰਿੰਦੇ ਦੇ ਹੱਥ 'ਤੇ ਜਾ ਲੱਗੀ, ਜੋ ਕਿ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਹੋਮਗਾਰਡ ਦੇ ਮੁਲਾਜ਼ਮ ਨੇ ਆਪਣੀ ਸਰਕਾਰੀ ਬੰਦੂਕ ਨੂੰ ਮੌਕੇ 'ਤੇ ਹੀ ਤੋੜਨ ਦਾ ਯਤਨ ਵੀ ਕੀਤਾ, ਜਿਸ 'ਤੇ ਢਾਬੇ ਦੇ ਬਾਕੀ ਕਰਿੰਦਿਆਂ ਨੇ ਸ਼ਰਾਬੀ ਹੋਮਗਾਰਡ ਮੁਲਾਜ਼ਮ ਸੰਤੋਖ ਸਿੰਘ ਨੂੰ ਕਾਬੂ ਕਰ ਲਿਆ, ਜਦਕਿ ਉਸ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਢਾਬੇ 'ਤੇ ਵਾਪਰੀ ਇਸ ਸਾਰੀ ਘਟਨਾ ਬਾਰੇ ਢਾਬੇ ਦੇ ਵਰਕਰਾਂ ਨੇ ਢਾਬੇ ਦੇ ਮਾਲਕ ਨੂੰ ਫੋਨ ਰਾਹੀਂ ਸੂਚਿਤ ਕੀਤਾ ਅਤੇ ਢਾਬੇ ਦੇ ਮਾਲਕ ਨੇ ਤੁਰੰਤ ਗੋਲੀ ਚੱਲਣ ਦੀ ਘਟਨਾ ਬਾਰੇ ਥਾਣਾ ਪੁਲਸ ਗੜ੍ਹਸ਼ੰਕਰ ਨੂੰ ਸੂਚਿਤ ਕੀਤਾ। ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਆਏ ਡਿਊਟੀ ਅਫਸਰ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਦੋਸ਼ੀ ਹੋਮਗਾਰਡ ਦੇ ਜਵਾਨ ਨੂੰ ਕਾਬੂ ਕਰਨ ਦੀ ਬਜਾਏ ਢਾਬੇ ਦੇ ਕਰਿੰਦਿਆਂ ਦੀ ਨਾਜਾਇਜ਼ ਕੁੱਟਮਾਰ ਸ਼ੁਰੁ ਕਰ ਦਿੱਤੀ ਅਤੇ ਢਾਬੇ ਦੇ ਮਾਲਕ ਕਮਲਜੀਤ ਸਿੰਘ ਅਤੇ ਉਸ ਦੇ ਭਰਾ ਇੰਦਰਜੀਤ ਨੂੰ ਹਿਰਾਸਤ ਵਿੱਚ ਲੈ ਕੇ ਸਾਰੀ ਰਾਤ ਹਵਾਲਾਤ ਵਿੱਚ ਬੰਦ ਰੱਖਿਆ। ਡੀ. ਐੱਸ. ਪੀ. ਗੜ੍ਹਸ਼ੰਕਰ ਮਨਜੀਤ ਸਿੰਘ ਨੇ ਦਿਨ ਚੜ੍ਹਦਿਆਂ ਹੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਥਾਣਾ ਮੁਖੀ ਗੜ੍ਹਸ਼ੰਕਰ ਕੁਲਵੰਤ ਸਿੰਘ ਵਿਰਕ ਨੂੰ ਆਦੇਸ਼ ਦਿੱਤੇ ਕਿ ਤੁਰੰਤ ਡਿਊਟੀ ਅਫਸਰ ਏ. ਐੱਸ. ਆਈ. ਓਮ ਪ੍ਰਕਾਸ਼ ਸਸਪੈਂਡ ਕੀਤਾ ਜਾਵੇ।
ਜ਼ਖ਼ਮੀ ਮੁਲਾਜ਼ਮ ਕ੍ਰਿਸ਼ਨ ਲਾਲ ਉਰਫ ਬਿੱਟੂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਆਂਦਾ ਗਿਆ। ਜ਼ਖ਼ਮੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ।
ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਹੋਮਗਾਰਡ ਸੰਤੋਖ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 307, 427 ਅਤੇ ਅਸਲਾ ਐਕਟ ਦੀ ਧਾਰਾ 27, 54, 59 ਅਤੇ ਡੈਮਜ਼ ਆਫ਼ ਪਬਲਿਕ ਪ੍ਰਾਪਰਟੀ ਐਕਟ ਦੀ ਧਾਰਾ 3 ਅਧੀਨ ਮਾਮਲਾ ਦਰਜ ਕਰ ਲਿਆ ਹੈ। ਘਟਨਾ ਵਾਲੀ ਥਾਂ 'ਤੇ ਪਹੁੰਚੇ ਹਲਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਦੋਸ਼ੀ ਪੁਲਸ ਮੁਲਾਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।