ਭਾਰਤ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਨੇਪਾਲ ਦੇ ਭੁਚਾਲ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਉਦਿਆਂ ਭਾਰਤ ਸਰਕਾਰ ਨੇ ਮ੍ਰਿਤਕਾਂ ਦੇ ਪਰਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵੱਲੋਂ ਭੁਚਾਲ 'ਚ ਮਾਰੇ ਗਏ ਵਿਅਕਤੀਆਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਕ ਸਹਾਇਤਾ ਦਿੱਤੀ ਜਾਵੇਗੀ।
ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਨੇਪਾਲ 'ਚ ਸ਼ਨੀਵਾਰ ਨੂੰ ਆਏ ਜ਼ਬਰਦਸਤ ਭੁਚਾਲ ਦੇ ਝਟਕੇ ਤਿੱਬਤ 'ਚ ਵੀ ਮਹਿਸੂਸ ਕੀਤੇ ਗਏ ਅਤੇ ਤਿੱਬਤ 'ਚ ਭੁਚਾਲ ਨਾਲ 17 ਵਿਅਕਤੀ ਮਾਰੇ ਗਏ ਅਤੇ 53 ਹੋਰ ਜ਼ਖ਼ਮੀ ਹੋ ਗਏ। ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੇ ਅਧਿਕਾਰੀਆਂ ਨੇ ਦੱਸਿਆ ਕਿ ਤਿੱਬਤ ਦੀ ਨਿਆਲਮ ਕਾਊਂਟੀ 'ਚੋਂ 12 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਉਨ੍ਹਾਂ 'ਚੋਂ 7 ਹਜ਼ਾਰ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ, ਜਦਕਿ ਗਈਰੋਂਗ ਕਾਊਂਟੀ 'ਚੋਂ 5 ਹਜ਼ਾਰ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਇਥੇ ਸ਼ਨੀਵਾਰ ਅੱਧੀ ਰਾਤ ਮਗਰੋਂ ਤਕਰੀਬਨ ਪੌਣੇ ਦੋ ਵਜੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ 'ਤੇ ਤੀਬਰਤਾ 5.9 ਸੀ।