ਬਿਹਾਰ 'ਚ ਭਾਰੀ ਤਬਾਹੀ; 50 ਮੌਤਾਂ

ਦੁਬਾਰਾ ਆਏ ਭਿਆਨਕ ਭੁਚਾਲ ਨਾਲ ਨੇਪਾਲ ਮਗਰੋਂ ਸਭ ਤੋਂ ਜ਼ਿਆਦਾ ਤਬਾਹੀ ਬਿਹਾਰ 'ਚ ਹੋਈ। ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭੁਚਾਲ ਕਾਰਨ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 160 ਤੋਂ ਵੱਧ ਜ਼ਖ਼ਮੀ ਹੋ ਗਏ। ਤਬਾਹੀ ਨੂੰ ਦੇਖਦਿਆਂ ਐੱਨ ਡੀ ਆਰ ਐੱਫ਼ ਦੀਆਂ 4 ਟੀਮਾਂ ਪ੍ਰਭਾਵਤ ਇਲਾਕਿਆਂ 'ਚ ਭੇਜੀਆਂ ਗਈਆਂ ਹਨ।
ਅੱਜ ਦੁਪਹਿਰ ਜਦੋਂ ਪੈਰਾਂ ਹੇਠੋਂ ਜ਼ਮੀਨ ਹਿੱਲੀ ਤਾਂ ਅਫ਼ਰਾ-ਤਫ਼ਰੀ ਮਚ ਗਈ ਅਤੇ ਲੋਕ ਘਰਾਂ 'ਚੋਂ ਬਾਹਰ ਨਿਕਲ ਕੇ ਖੁੱਲ੍ਹੇ ਅਸਮਾਨ ਹੇਠ ਆ ਗਏ ਅਤੇ ਪਟਨਾ ਸਮੇਤ ਵੱਖ-ਵੱਖ ਥਾਵਾਂ 'ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਰਿਹਾ। ਘਰਾਂ ਅਤੇ ਬਿਜਲੀ ਦੇ ਖੰਭੇ ਹਿੱਲਦੇ ਦੇਖ ਕੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਥੇ ਜਾਣ ਅਤੇ ਲੋਕ ਇਮਾਰਤਾਂ ਤੋਂ ਦੂਰ ਖੁੱਲ੍ਹੇ ਅਸਮਾਨ ਹੇਠ ਇਕੱਠੇ ਹੋ ਗਏ। ਸੂਬੇ ਦੇ ਆਫ਼ਤ ਪ੍ਰਬੰਧ ਵਿਭਾਗ ਦੇ ਸੰਯੁਕਤ ਸਕੱਤਰ ਸੁਨੀਲ ਕੁਮਾਰ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 50 ਹੋ ਗਈ ਹੈ ਅਤੇ 160 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾ ਦੱਸਿਆ ਕਿ ਭੁਚਾਲ ਨਾਲ ਪੂਰਬੀ ਚੰਪਾਰਨ ਜ਼ਿਲ੍ਹੇ 'ਚ 8, ਸੀਤਾਮੜੀ ਅਤੇ ਦਰਭੰਗਾ 'ਚ 6-6, ਸੀਵਾਨ, ਲਖੀ ਸਰਾਏ ਅਤੇ ਅਰਰੀਆ ਜ਼ਿਲਿਆਂ 'ਚ 3-3 ਵਿਅਕਤੀ ਮਾਰੇ ਗਏ। ਉਨ੍ਹਾ ਦਸਿਆ ਕਿ ਸੁਪੌਲ, ਸਹਿਰਸਾ, ਸਾਰਣ, ਮਧੂਬਨੀ ਜ਼ਿਲਿਆਂ 'ਚ 2-2, ਕਟਿਹਾਰ, ਪੱਛਮੀ ਚੰਪਾਰਨ ਅਤੇ ਗਯਾ ਜ਼ਿਲ੍ਹੇ 'ਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ। ਸਰਕਾਰ ਨੇ ਭੁਚਾਲ 'ਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਅਤੇ ਜ਼ਖ਼ਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਭੁਚਾਲ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਲੋਕਾਂ ਨੂੰ ਲਾਊਡ ਸਪੀਕਰਾਂ ਰਾਹੀਂ ਭੁਚਾਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾ ਦੱਸਿਆ ਕਿ ਹਸਪਤਾਲਾਂ 'ਚ ਜ਼ਖ਼ਮੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾ ਦਸਿਆ ਕਿ ਲੋਕ ਭੁਚਾਲ ਕਾਰਨ ਏਨੇ ਜ਼ਿਆਦਾ ਭੈ-ਭੀਤ ਹਨ ਕਿ ਉਨ੍ਹਾਂ ਰਾਤ ਘਰਾਂ 'ਚੋਂ ਬਾਹਰ ਰਹਿ ਕੇ ਬਤੀਤ ਕੀਤੀ।