ਭੋਂ-ਪ੍ਰਾਪਤੀ ਬਿੱਲ ਵਿਰੁੱਧ 14 ਮਈ ਨੂੰ ਹਜ਼ਾਰਾਂ ਕਮਿਊਨਿਸਟ ਗ੍ਰਿਫਤਾਰੀਆਂ ਦੇਣਗੇ : ਅਰਸ਼ੀ

14 ਮਈ 2015 ਨੂੰ ਹਜ਼ਾਰਾਂ ਕਮਿਊਨਿਸਟ ਪੰਜਾਬ ਦੇ ਜ਼ਿਲ੍ਹਾ ਹੈਡਕੁਆਟਰਾਂ ਉਤੇ ਮੋਦੀ ਸਰਕਾਰ ਦੇ ਭੋਂ-ਹੜੱਪੂ ਬਿੱਲ ਵਿਰੁੱਧ, ਪੰਜਾਬ ਦੇ ਕਿਸਾਨਾਂ ਦੀ ਬੇਮੌਸਮੇ ਮੀਂਹਾਂ ਤੇ ਤੂਫਾਨ ਕਾਰਨ ਮਾਰੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਲਈ, ਪੰਜਾਬ ਦੀਆਂ ਮੰਡੀਆਂ ਵਿਚ ਕਿਸਾਨਾਂ ਦੀ ਰੁਲ ਰਹੀ ਫਸਲ ਤੇ ਕਿਸਾਨੀ ਮੁੱਦਿਆਂ ਪ੍ਰਤੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਬੇਰੁਖੀ ਵਿਰੁੱਧ ਗ੍ਰਿਫਤਾਰੀਆਂ ਦੇਣਗੇ। ਮੋਦੀ ਸਰਕਾਰ ਦਾ ਭੋਂ-ਪ੍ਰਾਪਤੀ ਬਿੱਲ ਜੋ 2013 ਦੇ ਕਾਨੂੰਨ ਦੀਆਂ ਕਿਸਾਨ-ਪੱਖੀ ਧਾਰਾਵਾਂ ਨੂੰ ਖਤਮ ਕਰਦਾ ਹੈ, ਅਸਲ ਵਿਚ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਲਿਆਂਦਾ ਗਿਆ ਹੈ। ਜ਼ਮੀਨ ਮਾਲਕਾਂ ਦੀ ਸਹਿਮਤੀ ਅਤੇ ਸਮਾਜਿਕ ਅਸਰ ਵਾਲੀਆਂ ਅਤਿ ਅਹਿਮ ਮੱਦਾਂ ਨੂੰ ਸਮਾਪਤ ਕਰਦਾ ਹੈ।
ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਕਲ੍ਹ ਇਥੇ ਹੋਈ ਸੂਬਾ ਕੌਂਸਲ ਮੀਟਿੰਗ ਮਗਰੋਂ ਜਾਰੀ ਕੀਤੇ ਬਿਆਨ ਵਿਚ ਦਸਿਆ ਕਿ ਸੂਬਾ ਕੌਂਸਲ ਦੀ ਮੀਟਿੰਗ ਵਿਸ਼ੇਸ਼ ਤੌਰ 'ਤੇ 14 ਮਈ ਦੇ ਜੇਲ੍ਹ ਭਰੋ ਅੰਦੋਲਨ ਦੀ ਤਿਆਰੀ ਦਾ ਜਾਇਜ਼ਾ ਲੈਣ, ਰਣਨੀਤੀ ਪੱਕੀ ਕਰਨ ਅਤੇ ਤਿਆਰੀ ਤੇਜ਼ ਕਰਨ ਲਈ ਸੱਦੀ ਗਈ ਸੀ। ਸਕੱਤਰ ਵਲੋਂ ਪੇਸ਼ ਅੰਦੋਲਨ ਦੀ ਤਿਆਰੀ ਰਿਪੋਰਟ ਉਤੇ ਬਹਿਸ ਵਿਚ ਸਾਰੇ ਜ਼ਿਲ੍ਹਾ ਸਕੱਤਰਾਂ ਨੇ ਹਿੱਸਾ ਲਿਆ ਅਤੇ ਆਪਣੇ-ਆਪਣੇ ਜ਼ਿਲ੍ਹੇ ਵਿਚ ਚੱਲ ਰਹੀਆਂ ਤਿਆਰੀਆਂ ਬਾਰੇ ਸੰਖੇਪ ਵਿਚ ਦੱਸਿਆ।
ਸਾਥੀ ਅਰਸ਼ੀ ਨੇ ਦੱਸਿਆ ਕਿ ਪਾਰਟੀ ਦੇ ਸਾਰੇ 24 ਜ਼ਿਲ੍ਹਿਆਂ ਦੀਆਂ ਕੌਂਸਲ/ਕਾਰਜਕਾਰਨੀ ਮੀਟਿੰਗਾਂ ਹੋ ਚੁੱਕੀਆਂ ਹਨ; ਡਿਊਟੀਆਂ ਲੱਗ ਗਈਆਂ ਅਤੇ ਗ੍ਰਿਫਤਾਰੀਆਂ ਦੇਣ ਲਈ ਥਾਵਾਂ ਚੁਣ ਲਈਆਂ ਹਨ। ਸੂਬਾ ਕੌਂਸਲ ਨੇ ਫੈਸਲਾ ਕੀਤਾ ਕਿ ਲਾਮਬੰਦੀ ਲਈ ਪਿੰਡਾਂ ਵਿਚ ਜਥਾ ਮਾਰਚ, ਜਲਸੇ ਕੀਤੇ ਜਾਣਗੇ। ਪੋਸਟਰ ਅਤੇ ਭੋਂ-ਪ੍ਰਾਪਤੀ ਬਿੱਲ ਬਾਰੇ ਦੁਵਰਕੀਆਂ ਛਾਪੀਆਂ ਗਈਆਂ ਹਨ।
ਸੂਬਾ ਕੌਂਸਲ ਨੇ ਹਾਲੀਆ ਤੂਫਾਨ ਵਿਚ ਮਾਰੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਨਾ ਦੇਣ ਅਤੇ ਮੰਡੀਆਂ ਵਿਚ ਰੁਲ ਰਹੀਆਂ ਫਸਲਾਂ ਕੌਡੀਆਂ ਦੇ ਭਾਅ ਚੁਕਣ ਦੇ ਮੁੱਦਿਆਂ ਉਤੇ ਕਿਸਾਨੀ ਪ੍ਰਤੀ ਦਿਖਾਈ ਮੋਦੀ ਸਰਕਾਰ ਅਤੇ ਬਾਦਲ ਸਰਕਾਰ ਦੀ ਬੇਰੁਖੀ ਅਤੇ ਲੀਪਾ-ਪੋਚੀ ਦੀ ਸਖਤ ਨਿਖੇਧੀ ਕੀਤੀ।
ਸੂਬਾ ਕੌਂਸਲ ਨੇ ਨੇਪਾਲ ਅਤੇ ਭਾਰਤ ਵਿਚ ਹਾਲੀਆ ਭੁਚਾਲ ਦੀ ਕੁਦਰਤੀ ਆਫਤ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਪੀੜਤਾਂ ਦੇ ਪਰਵਾਰਾਂ ਦਾ ਦੁੱਖ ਵੰਡਾਇਆ ਅਤੇ ਫੈਸਲਾ ਕੀਤਾ ਕਿ ਪਾਰਟੀ ਦੇ ਕੌਮੀ ਕੇਂਦਰ ਵਲੋਂ ਪੀੜਤਾਂ ਲਈ ਭੇਜੇ ਜਾ ਰਹੇ ਰਾਹਤ ਫੰਡ ਵਿਚ ਚੋਖਾ ਹਿੱਸਾ ਪਾਇਆ ਜਾਵੇ। ਸਾਥੀ ਹਰਦੇਵ ਸਿੰਘ ਅਰਸ਼ੀ ਨੇ ਇਕ ਬਸ ਵਿਚ ਇਕ ਲੜਕੀ ਅਤੇ ਉਸ ਦੀ ਮਾਂ ਨਾਲ ਕੀਤੀ ਗਈ ਛੇੜਛਾੜ ਦੀ ਸਖਤ ਨਿਖੇਧੀ ਕੀਤੀ ਅਤੇ ਇਸ ਨੂੰ ਪੰਜਾਬ ਦੀ ਵਿਗੜੀ ਹੋਈ ਅਮਨ ਕਾਨੂੰਨ ਦੀ ਦਸ਼ਾ ਦਾ ਪ੍ਰਤੀਕ ਆਖਿਆ। ਉਹਨਾਂ ਕਿਹਾ ਕਿ ਜੇ ਸੂਬੇ ਦੇ ਮੁੱਖ ਮੰਤਰੀ ਦੀ ਮਾਲਕੀ ਵਾਲੀ ਬੱਸ ਵਿਚ ਹੀ ਔਰਤਾਂ ਦੀ ਇੱਜ਼ਤ ਸੁਰਖਿਅਤ ਨਹੀਂ ਤਾਂ ਹੋਰ ਕਿਸੇ ਥਾਂ ਕੀ ਹੋਵੇਗੀ।
ਮੀਟਿੰਗ ਦੀ ਪ੍ਰਧਾਨਗੀ ਸਰਵਸਾਥੀ ਅਮਰਜੀਤ ਆਸਲ, ਕਸ਼ਮੀਰ ਸਿੰਘ ਗਦਾਈਆ ਅਤੇ ਕੁਲਵੰਤ ਸਿੰਘ ਮੌਲਵੀਵਾਲਾ ਨੇ ਕੀਤੀ।