ਬਿਲਡਰਾਂ ਤੋਂ ਦੁਖੀ ਲੋਕ ਰਾਹੁਲ ਨੂੰ ਮਿਲੇ

ਛੁੱਟੀ ਤੋਂ ਵਾਪਸ ਪਰਤਣ ਮਗਰੋਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਲੋਕਾਂ ਨਾਲ ਸੰਪਰਕ ਮੁਹਿੰਮ ਤੇਜ਼ ਕਰ ਦਿੱਤੀ ਹੈ।
ਅੱਜ ਉਨ੍ਹਾ ਦਿੱਲੀ ਰਾਜਧਾਨੀ ਖੇਤਰ 'ਚ ਮਕਾਨ ਖਰੀਦਣ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਘਰ ਖਰੀਦਦਾਰਾਂ ਦੇ 100 ਤੋਂ ਜ਼ਿਆਦਾ ਪ੍ਰਤੀਨਿਧ ਮੰਡਲਾਂ ਨੇ ਕਾਂਗਰਸ ਮੁੱਖ ਦਫ਼ਤਰ 'ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਬਿਲਡਰਾਂ ਦੇ ਝੂਠੇ ਵਾਅਦਿਆਂ ਅਤੇ ਫਲੈਟਾਂ 'ਚ ਦੇਰੀ ਵਰਗੀਆਂ ਸਮੱਸਿਆਵਾਂ ਤੋਂ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ।
ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੈਨੂੰ ਇੱਕ ਨਵੀਂ ਜਾਣਕਾਰੀ ਮਿਲੀ ਹੈ। ਪਹਿਲਾ ਮੇਰੀ ਸੋਚ ਸੀ ਕਿ ਜ਼ਮੀਨ ਦੇ ਮੁੱਦੇ ਕਾਰਨ ਸਿਰਫ਼ ਕਿਸਾਨ ਅਤੇ ਆਦਿਵਾਸੀ ਪਰੇਸ਼ਾਨ ਹਨ, ਪਰ ਹੁਣ ਪਤਾ ਚਲਿਆ ਹੈ ਕਿ ਇਹੋ ਪਰੇਸ਼ਾਨੀ ਮਿਡਲ ਕਲਾਸ ਦੇ ਲੋਕਾਂ ਦੀ ਵੀ ਹੈ।
ਉਨ੍ਹਾ ਦੱਸਿਆ ਕਿ ਘਰ ਖਰੀਦਣ ਵਾਲਿਆਂ ਨੂੰ ਇੱਕ ਨਿਸਚਿਤ ਸੁਪਰ ਏਰੀਆ, ਪ੍ਰਾਜੈਕਟ ਪੂਰਾ ਕਰਨ ਦੀ ਸਮਾਂ-ਸੀਮਾ ਅਤੇ ਖੂਬਸੂਰਤ ਆਲੇ-ਦੁਆਲੇ ਦਾ ਵਾਅਦਾ ਕੀਤਾ ਜਾਂਦਾ ਹੈ, ਪਰ ਉਨ੍ਹਾਂ ਨੂੰ ਬਿਲਡਰ ਤੋਂ ਜੋ ਕੁਝ ਮਿਲਦਾ ਹੈ, ਉਹ ਇਸ ਤੋਂ ਬਿਲਕੁਲ ਵੱਖ ਹੁੰਦਾ ਹੈ।
ਰਾਹੁਲ ਗਾਂਧੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪੂਰੀ ਤਰ੍ਹਾਂ ਉਨ੍ਹਾ ਨਾਲ ਖੜੀ ਹੈ, ਜਿਵੇਂ ਅਸੀਂ ਕਿਸਾਨਾਂ, ਆਦਿਵਾਸੀਆਂ ਅਤੇ ਮਜ਼ਦੂਰਾਂ ਨਾਲ ਹਾਂ।