ਪੰਜਾਬੀਆਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਿਐ : ਕੈਪਟਨ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਰ ਦੀਆਂ ਆਰਬਿਟ ਬੱਸਾਂ ਦਾ ਕਹਿਰ ਪਿਛਲੇ ਤਿੰਨ ਸਾਲਾਂ ਤੋਂ ਨਿਰੰਤਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਪਰ ਰਿਹਾ ਹੈ ਤੇ ਮੁੱਖ ਮੰਤਰੀ ਬਾਦਲ ਰਾਜ ਚਲਾਉਣ ਦੀ ਸਮਰੱਥਾ ਗੁਵਾ ਚੁੱਕਾ ਹੈ, ਜਿਸ ਲਈ ਪੰਜਾਬ ਵਿੱਚ ਤਰੁੰਤ ਰਾਸ਼ਟਰਪਤੀ ਰਾਜ ਲਾਗੂ ਹੋਣ ਦੇ ਹਾਲਤ ਪੈਦਾ ਹੋ ਗਏ ਹਨ। ਅੱਜ ਇੱਥੇ ਸਿਵਲ ਹਸਪਤਾਲ ਵਿਖੇ 29 ਅਪ੍ਰੈਲ ਨੂੰ ਵਾਪਰੇ ਮੋਗਾ ਬੱਸ ਕਾਂਡ ਦੀ ਮ੍ਰਿਤਕ ਲੜਕੀ ਦੀ ਜ਼ੇਰੇ ਇਲਾਜ ਪੀੜਤ ਮਾਤਾ ਸ਼ਿੰਦਰ ਕੌਰ ਦਾ ਹਾਲ-ਚਾਲ ਪੁੱਛਿਆ ਤੇ ਪੀੜਤ ਪਰਵਾਰ ਨੂੰ ਆਪਣੇ ਵੱਲੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਉਪਰੰਤ ਸਿਵਲ ਹਸਪਤਾਲ ਵਿਖੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਆਰਬਿਟ ਬੱਸ ਵਿਚੋਂ ਧੱਕਾ ਦੇ ਕੇ ਸੁੱਟੀ ਗਈ 13 ਸਾਲਾ ਅਰਦਸ਼ਦੀਪ ਕੌਰ ਦਾ ਸਸਕਾਰ ਤਾਰਿਆਂ ਦੀ ਲੋਅ ਵਿੱਚ ਪੁਲਸ ਦੀ ਸਰਪ੍ਰਸਤੀ ਤੇ ਸਰਕਾਰੀ ਦਬਾਅ ਹੇਠ ਕੀਤਾ ਗਿਆ, ਤਾਂ ਜੋ ਬਾਦਲ ਸਰਕਾਰ ਦੇ ਵਿਰੁੱਧ ਲੋਕਾਂ ਦਾ ਰੋਹ ਹੋਰ ਨਾ ਭੜਕੇ। ਉਨ੍ਹਾ ਚੇਤਾ ਕਰਵਾਇਆ ਕਿ ਅਜਿਹਾ ਇਤਿਹਾਸ ਵਿੱਚ ਪਹਿਲਾਂ ਬਰਤਾਨਵੀ ਹਕੂਮਤ ਵੇਲੇ ਉਸ ਸਮੇਂ ਵਾਪਰਿਆ ਸੀ, ਜਦੋਂ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਦੇਣ ਤੋਂ ਬਾਅਦ ਉਨ੍ਹਾਂ ਦਾ ਅੰਤਮ ਸੰਸਕਾਰ ਵੀ ਰਾਤ ਵੇਲੇ ਕਰ ਦਿੱਤਾ। ਉਨ੍ਹਾ ਕਿਹਾ ਕਿ ਹੁਣ ਪੰਜਾਬੀਆਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ ਤੇ 18 ਮਹੀਨਿਆਂ ਬਾਅਦ ਪੰਜਾਬ ਵਿਚੋਂ ਸਦਾ ਲਈ ਅਕਾਲੀ ਦਲ ਦਾ ਬਿਸਤਰਾ ਗੋਲ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਅਕਾਲੀ ਦਲ ਵੱਲੋਂ ਆਏ ਦਿਨ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਦੱਬਵੀਂ ਅਵਾਜ਼ ਵਿੱਚ ਵਿਰੋਧ ਕਰਨ ਵਾਲੇ ਭਾਜਪਾਈਆਂ ਨੂੰ ਸਰਕਾਰ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਇਕੱਲਾ ਮੁਆਵਜ਼ਾ ਦੇਣ ਨਾਲ ਮਾਮਲਾ ਖ਼ਤਮ ਹੋਣ ਵਾਲਾ ਨਹੀਂ, ਸਗੋ ਕਾਂਗਰਸ ਇਸ ਮਾਮਲੇ ਦੀ ਤਹਿ ਤੱਕ ਜਾਵੇਗੀ। ਉਨ੍ਹਾ ਕਿਹਾ ਕਿ ਉਹ ਪੰਜਾਬ ਵਿਚੋਂ ਅਕਾਲੀ ਦਲ ਦਾ ਬੂਟਾ ਪੱਕੇ ਤੌਰ 'ਤੇ ਪੁੱਟ ਕੇ ਹੀ ਦਮ ਲੈਣਗੇ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਪ੍ਰਨੀਤ ਕੌਰ, ਹਲਕਾ ਧਰਮਕੋਟ ਦੇ ਇੰਚਾਰਜ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਜੋਗਿੰਦਰ ਸਿੰਘ ਪੰਜਗਰਾਈਂ, ਅਜੈਬ ਸਿੰਘ ਭੱਟੀ, ਹਰਚੰਦ ਕੌਰ ਘਨੌਰੀ, ਮੁਹੰਮਦ ਸਦੀਕ, ਕੇਵਲ ਢਿੱਲਂੋ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ, ਗੁਰਕੀਰਤ ਕੋਟਲੀ, ਨਵਤੇਜ ਚੀਮਾ, ਗੁਰਇਕਬਾਲ ਕੌਰ ਬਬਲੀ, ਕਰਨ ਬਰਾੜ, ਹਰਦਿਆਲ ਕੰਬੋਜ, ਰਮਨਜੀਤ ਸਿੱਕੀ (ਸਾਰੇ ਵਿਧਾਇਕ), ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਕਾਂਗੜ, ਜਾਟ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਡੈਨੀ, ਸਾਬਕਾ ਜ਼ਿਲ੍ਹਾ ਪ੍ਰਧਾਨ ਤਾਰਾ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਹੀਰੋ, ਸਾਬਕਾ ਮੰਤਰੀ ਮਾਲਤੀ ਥਾਪਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਡਾ. ਹਰਜੋਤ ਕਮਲ ਸਿੰਘ, ਸਾਬਕਾ ਜਸਟਿਸ ਮਹਿਤਾਬ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਮਨਜੀਤ ਸਿੰਘ ਮਾਨ, ਵਿਜੈ ਸਾਥੀ, ਪ੍ਰਧਾਨ ਵਿਜੈ ਕਾਲੜਾ, ਇੰਦਰਜੀਤ ਸਿੰਘ ਬੀੜ ਚੜਿੱਕ ਜ਼ਿਲ੍ਹਾ ਪ੍ਰਧਾਨ ਜਾਟ ਮਹਾਂ ਸਭਾ, ਸਰਪੰਚ ਗੁਰਿੰਦਰ ਸਿੰਘ ਗੁੱਗੂ ਦਾਤਾ, ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਲਿਖਾਰੀ, ਦਿਆਲ ਸਿੰਘ ਬਰਾੜ ਰਾਜੇਆਣਾ, ਯੋਧਾ ਬਰਾੜ, ਸੇਵਕ ਸਿੰਘ ਸੈਦੋਕੇ, ਰਵੀ ਗਰੇਵਾਲ, ਗੁਰਬੀਰ ਸਿੰਘ ਗੋਗਾ ਸੰਗਲਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜਸਵੰਤ ਸਿੰਘ ਪੱਪੀ, ਪਲਮਿੰਦਰ ਸਿੰਘ, ਅਮਰਜੀਤ ਅਮਰਾ, ਪਰਮਿੰਦਰ ਡਿੰਪਲ, ਜਸਵਿੰਦਰ ਬਲਖੰਡੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।