ਬੱਸ ਕਾਂਡ; ਮੋਗਾ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

ਮੋਗਾ ਨੇੜੇ 29 ਅਪ੍ਰੈਲ ਨੂੰ ਆਰਬਿਟ ਬੱਸ ਵਿਚੋਂ ਕਥਿਤ ਤੌਰ 'ਤੇ ਧੱਕੇ ਦੇ ਕੇ ਬਾਹਰ ਸੁੱਟਣ ਨਾਲ ਮੌਤ ਦੇ ਮੂੰਹ ਗਈ ਨੰਨ੍ਹੀ ਅਰਸ਼ਦੀਪ ਕੌਰ ਦੇ ਮਾਮਲੇ ਵਿਰੁੱਧ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਮੋਗਾ ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਐਕਸ਼ਨ ਕਮੇਟੀ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕੱਢਦਿਆਂ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਦੇ ਮੁੱਖ ਚੌਕ ਵਿਚ ਲਗਾਤਾਰ 5 ਘੰਟੇ ਜਾਮ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਯੋਗਿੰਦਰ ਯਾਦਵ, ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਪੀਪਲਜ਼ ਪਾਰਟੀ ਆਫ ਪੰਜਾਬ ਯੂਥ ਵਿੰਗ ਦੇ ਕੌਮੀ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਪੰਜਾਬ ਕਾਂਗਰਸ ਦੇ ਸਕੱਤਰ ਡਾ. ਹਰਜੋਤ ਕਮਲ ਸਿੰਘ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਬਰਾੜ, ਲੋਕ ਸੰਗਰਾਮ ਮੰਚ ਦੇ ਬਲਵੰਤ ਮੱਖੂ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਮਨਜੀਤ ਸਿੰਘ ਮੱਲਾ, ਪੀ.ਐਸ.ਯੂ ਦੇ ਆਗੂ ਜਨਰਲ ਸਕੱਤਰ ਰਜਿੰਦਰ ਸਿੰਘ, ਕਰਮਜੀਤ ਕੋਟਕਪੂਰਾ, ਸੀ ਪੀ ਐੱਮ ਪੰਜਾਬ ਦੇ ਮੰਗਤ ਰਾਮ ਪਾਸਲਾ, ਕੁਲ ਹਿੰਦ ਕਿਸਾਨ-ਮਜ਼ਦੂਰ ਸਭਾ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਸੰਧੂ, ਐਡਵੋਕੇਟ ਨਰਿੰਦਰ ਸਿੰਘ ਚਾਹਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਆਮ ਪਾਰਟੀ ਦੇ ਆਗੂ ਅਜੈ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸ਼੍ਰੋਮਣੀ ਅਕਾਲੀ ਦਲ (1920) ਦੇ ਬੂਟਾ ਸਿੰਘ ਰਣਸੀਂਹ, ਭਾਈ ਗੁਰਦੀਪ ਸਿੰਘ ਬਠਿੰਡਾ, ਸੀ ਪੀ ਐੱਮ ਦੇ ਸਕੱਤਰ ਸੁਰਜੀਤ ਸਿੰਘ ਗਗੜਾ, ਭਾਈ ਹਰਜਿੰਦਰ ਸਿੰਘ ਰੋਡੇ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੰਨਾ ਸਮਾਂ ਇਸ ਮਾਮਲੇ ਵਿਚ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਮਾਮਲਾ ਦਰਜ ਹੋਣ ਤੋਂ ਇਲਾਵਾ ਆਰਬਿਟ ਬੱਸਾਂ ਦੇ ਪਰਮਿਟ ਪੱਕੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾ ਕਿਹਾ ਕਿ ਕੱਲ 5 ਮਈ ਨੂੰ ਹੋਣ ਵਾਲੀ ਆਲ ਪਾਰਟੀ ਮੀਟਿੰਗ ਤੋਂ ਬਾਅਦ ਇਸ ਸੰਘਰਸ਼ ਨੂੰ ਪੰਜਾਬ ਭਰ ਵਿਚ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪੀੜਤ ਪਰਿਵਾਰ ਨੂੰ ਏਨੇ ਦਬਾਅ ਵਿਚ ਮਨਾ ਕੇ ਰਾਤੋ-ਰਾਤ ਮ੍ਰਿਤਕ ਲੜਕੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਲੜਕੀ ਦੇ ਚਾਚੇ ਅਤੇ ਹੋਰ ਪਰਵਾਰਕ ਮੈਂਬਰਾਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ।
ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ, ਪੀ ਪੀ ਪੀ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਧਾਲੀਵਾਲ, ਕਾਮਰੇਡ ਸੂਰਤ ਸਿੰਘ ਧਰਮਕੋਟ, ਗੁਰਮੇਲ ਸਿੰਘ ਮਾਛੀਕੇ, ਗਰਦੌਰ ਸਿੰਘ ਚੜਿੱਕ, ਤਰਸੇਮ ਪੀਟਰ, ਸੰਜੀਵ ਮਿੰਟੂ, ਸਿੰਦਰ ਸਿੰਘ ਝੰਡੇਆਣਾ, ਗੁਰਦੀਪ ਸਿੰਘ ਜੈਮਲਵਾਲਾ, ਗੁਰਪ੍ਰੀਤ ਸਿੰਘ ਰੂੜੇਕੇ, ਸੁਮੇਲ ਸਿੰਘ ਸਿੱਧੂ, ਚਰਨਜੀਤ ਕੌਰ, ਸੁਰਜੀਤ ਫੂਲ, ਬਖਸ਼ੀਸ਼ ਅਜ਼ਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਅੱਜ 11 ਵਜੇ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ, ਜਿਸ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗਾ।
ਸ਼ਹਿਰ ਵਿਚ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਰਹੀ। ਬਜ਼ਾਰਾਂ ਵਿਚ ਬੇਰੌਣਕੀ ਛਾਈ ਰਹੀ।
ਐਕਸ਼ਨ ਕਮੇਟੀ ਵੱਲੋਂ ਦਿੱਤੇ ਧਰਨੇ ਕਾਰਨ ਸ਼ਹਿਰ ਦੇ ਚਾਰੇ ਪਾਸੇ ਸਾਰਾ ਦਿਨ ਜਿੱਥੇ ਪੁਲਸ ਤਾਇਨਾਤ ਰਹੀ, ਉੱਥੇ ਇਸ ਕਾਂਡ ਕਾਰਨ ਸ਼ਹਿਰ ਨੂੰ ਦਿੱਤੇ ਬੰਦ ਦੇ ਸੱਦੇ ਦੇ ਬਾਵਜੂਦ ਭਾਵੇਂ ਸ਼ਹਿਰ ਦੀਆਂ ਬਹੁਤੀਆਂ ਦੁਕਾਨਾਂ ਤਾਂ ਖੁੱਲ੍ਹੀਆ ਰਹੀਆਂ, ਪਰ ਸ਼ਹਿਰ ਵਿਚ ਖਰੀਦੋ-ਫਰੋਖਤ ਲਈ ਗਾਹਕਾਂ ਦੇ ਘੱਟ ਆਉਣ ਕਾਰਨ ਸ਼ਹਿਰ ਦੀਆਂ ਦੁਕਾਨਾਂ 'ਤੇ ਬੇਰੌਣਕੀ ਛਾਈ ਰਹੀ।