ਸਮਾਜਵਾਦੀ ਪੈਦਾਵਰੀ ਢੰਗ 'ਚ ਹੀ ਸਭ ਨੂੰ ਰੁਜ਼ਗਾਰ ਦਿੱਤਾ ਜਾ ਸਕਦੈ : ਜਗਰੂਪ

ਸੰਸਾਰ ਪੱਧਰ 'ਤੇ ਕਿਰਤ ਕਰਨ ਵਾਲੇ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਦਾ ਵਿਗਿਆਨਕ ਰਾਹ ਦੱਸਣ ਵਾਲੇ ਮਹਾਨ ਫਿਲਾਸਫਰ ਕਾਰਲ ਮਾਰਕਸ ਦੇ 197ਵੇਂ ਜਨਮ ਦਿਨ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀਆਂ ਪੰਜਾਬ ਇਕਾਈਆਂ ਵੱਲੋਂ ਕੀਤੇ ਇਸ ਸੈਮੀਨਾਰ ਵਿੱਚ ਕਾਮਰੇਡ ਜਗਰੂਪ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਸਮਾਜਕ ਸਮੱਸਿਆਵਾਂ ਦੀ ਮੁੱਖ ਕੜੀ ਬੇਰੁਜ਼ਗਾਰੀ ਹੈ। ਇਹ ਸਰਮਾਏਦਾਰੀ ਵਿਕਾਸ ਦਾ ਨਤੀਜਾ ਹੈ। ਇਸਦਾ ਹੱਲ ਕੇਵਲ ਤੇ ਕੇਵਲ ਪੂੰਜੀਵਾਦੀ ਪੈਦਾਵਰੀ ਢੰਗ ਦੀ ਥਾਂ ਹੋਰ ਨਵਾਂ, ਉਚੇਰਾ ਢੰਗ ਸਮਾਜਵਾਦ ਸਥਾਪਤ ਕਰਕੇ ਹੀ ਕੀਤਾ ਜਾ ਸਕਦਾ ਹੈ। ਮਾਰਕਸ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਸਨੇ ਸਭ ਤੋਂ ਪਹਿਲਾਂ ਕਿਰਤੀ ਲੋਕਾਂ ਦੀ ਬੰਦ ਖਲਾਸੀ ਦਾ ਵਿਗਿਆਨਕ ਖਾਕਾ ਪੇਸ਼ ਕੀਤਾ। ਉਹਨਾਂ ਕਿਹਾ ਕਿ ਅੱਜ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਬਿਮਾਰੀਆਂ ਆਦਿ ਜਿਹੀਆਂ ਸਮੱਸਿਆਵਾਂ ਮੌਜੂਦਾ ਪ੍ਰਬੰਧ ਨੇ ਮਨੁੱਖਤਾ ਸਿਰ ਥੋਪ ਦਿੱਤੀਆਂ ਹਨ। ਇਸ ਪ੍ਰਬੰਧ ਨੇ ਤਕਨੀਕੀ ਉੱਨਤੀ ਦਾ ਲਾਭ ਹੜੱਪ ਲਿਆ ਹੈ, ਜਿਸਦਾ ਨੁਕਸਾਨ ਲੋਕਾਂ ਦੀਆਂ ਨਿੱਤ ਦਿਨ ਵੱਧਦੀਆਂ ਤਕਲੀਫਾਂ ਦੇ ਰੂਪ ਵਿੱਚ ਸਾਡੇ ਸਹਾਮਣੇ ਆ ਰਿਹਾ ਹੈ।
ਉਹਨਾਂ ਕਿਹਾ ਕਿ ਅੱਜ ਦੇ ਮਨੁੱਖ ਦੀਆਂ ਰੋਟੀ, ਕੱਪੜਾ, ਮਕਾਨ, ਇਲਾਜ ਅਤੇ ਵਿੱਦਿਆ ਬਹੁਤ ਘੱਟ ਮਨੁੱਖੀ ਮਿਹਨਤ ਖਰਚ ਕਰਕੇ ਬੜੀ ਅਸਾਨੀ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਪਰ ਪੈਦਾਵਾਰ ਦੇ ਸਾਧਨਾਂ 'ਤੇ ਕਾਬਜ਼ ਪੂੰਜੀਵਾਦੀ ਧਿਰ ਇਸਨੂੰ ਸਿਰਫ ਆਪਣੇ ਮੁਨਾਫਿਆਂ ਨੂੰ ਹੀ ਵੱਡਾ ਕਰਨ ਲਈ ਇਸਤੇਮਾਲ ਕਰ ਰਹੀ ਹੈ। ਉਹਨਾਂ ਕਿਹਾ ਕਿ ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਪੈਦਾਵਰੀ ਸੰਬੰਧ ਬਦਲ ਕੇ ਲੋਕਾਂ ਨੂੰ ਸਭ ਕੁਝ ਮੁਹੱਈਆ ਕਰਵਾਇਆ ਜਾ ਸਕਦਾ ਹੈ। ਉਹਨਾਂ ਸੈਮੀਨਾਰ 'ਚ ਸ਼ਾਮਲ ਹਾਜ਼ਰ ਨੌਜਵਾਨ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਮੱਸਿਆਵਾਂ ਦੇ ਹੱਲ ਲਈ ਇਸ ਸਿਧਾਂਤ ਵਿੱਚ ਮੁਹਾਰਤ ਹਾਸਲ ਕਰਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸਕੱਤਰ ਕੁਲਦੀਪ ਭੋਲਾ, ਮੌਜੂਦਾ ਸਕੱਤਰ ਸੁਖਜਿੰਦਰ ਮਹੇਸ਼ਰੀ, ਖਜ਼ਾਨਚੀ ਨਰਿੰਦਰ ਕੌਰ ਸੋਹਲ, ਬਲਕਰਨ ਮੋਗਾ, ਸੁਖਦੇਵ ਕਾਲਾ ਪੱਟੀ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਮੀਤ ਸ਼ੰਮੀ, ਸਕੱਤਰ ਵਿੱਕੀ ਮਹੇਸ਼ਰੀ, ਗਰਲ ਕਮੇਟੀ ਦੀ ਕਨਵੀਨਰ ਕਰਮਵੀਰ ਕੌਰ ਬੱਧਨੀ, ਚਰਨਜੀਤ ਛਾਂਗਾਰਾਏ, ਸੁਖਦੇਵ ਧਰਮੂਵਾਲਾ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਹਰਬਿੰਦਰ ਕਸੇਲ, ਵਿਸ਼ਾਲਦੀਪ ਵਲਟੋਹਾ, ਹਰਭਜਨ ਛੱਪੜੀਵਾਲਾ, ਸੰਦੀਪ ਜੋਧਾਂ, ਆਸ਼ੀਸ਼, ਪਿਆਰਾ ਮੇਘਾ, ਮੰਗਤ ਰਾਏ, ਵਿਜੈ ਰਾਜ ਲੁਧਿਆਣਾ, ਰਾਕੇਸ਼ ਮਲੋਟ, ਜਗਵਿੰਦਰ ਕਾਕਾ, ਹਰਮੇਲ ਉੱਭਾ, ਨਵਜੀਤ ਸੰਗਰੂਰ ਆਦਿ ਵੀ ਹਾਜ਼ਰ ਸਨ।