ਸੁਖਬੀਰ ਵੱਲੋਂ ਅਰਸ਼ਦੀਪ ਦੇ ਪਿਉ ਨਾਲ ਚੁੱਪ-ਚੁਪੀਤੇ ਮੁਲਾਕਾਤ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੰਗਲਵਾਰ ਨੂੰ ਚੁੱਪ-ਚੁਪੀਤੇ ਸਿਵਲ ਹਸਪਤਾਲ ਮੋਗਾ ਆਣ ਧਮਕੇ। ਉਨ੍ਹਾ ਨੇ ਆਪਣੇ ਦੌਰੇ ਨੂੰ ਬੇਹੱਦ ਗੁਪਤ ਰੱਖਿਆ। ਸੁਖਬੀਰ ਬਾਦਲ ਇੱਕ ਪ੍ਰਾਈਵੇਟ ਗੱਡੀ ਰਾਹੀਂ ਸਰਕਾਰੀ ਹਸਪਤਾਲ ਪਹੁੰਚੇ ਅਤੇ ਉਨ੍ਹਾ ਆਰਬਿਟ ਬੱਸ ਕਾਂਡ 'ਚ ਮਾਰੀ ਗਈ ਬੱਚੀ ਅਰਸ਼ਦੀਪ ਦੇ ਪਿਤਾ ਨਾਲ ਗੁਪਤ ਮੀਟਿੰਗ ਕੀਤੀ।
ਅਰਸ਼ਦੀਪ ਦੀ ਮਾਂ ਇਸ ਬੱਸ ਕਾਂਡ 'ਚ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾ ਦਾ ਮੋਗਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸੁਖਬੀਰ ਬਾਦਲ ਏਨੀ ਕਾਹਲੀ 'ਚ ਸਨ ਕਿ ਉਨ੍ਹਾਂ ਬਾਥਰੂਮ ਗਈ ਅਰਸ਼ਦੀਪ ਦੀ ਮਾਂ ਸ਼ਿੰਦਰ ਕੌਰ ਦਾ ਇੰਤਜ਼ਾਰ ਨਾ ਕੀਤੀ ਅਤੇ ਉਹ ਦੇਖਦਿਆਂ ਹੀ ਦੇਖਦਿਆਂ ਹਸਪਤਾਲ 'ਚ ਨਿਕਲ ਗਏ, ਜਦਕਿ ਦੱਸਣ ਵਾਲਿਆਂ ਮੁਤਾਬਕ ਉਹ ਹਸਪਤਾਲ 'ਚ ਸ਼ਿੰਦਰ ਕੌਰ ਨੂੰ ਹੀ ਮਿਲਣ ਗਏ ਸਨ।
ਇਸ ਮੌਕੇ ਉਨ੍ਹਾਂ ਨਾਲ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਗਿੱਲ, ਡੀ.ਆਈ.ਜੀ ਅਮਰ ਸਿੰਘ ਚਾਹਲ, ਐੱਸ.ਐੱਸ.ਪੀ ਮੋਗਾ ਜਤਿੰਦਰ ਸਿੰਘ ਖਹਿਰਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ, ਗੁਰਮਿੰਦਰਜੀਤ ਸਿੰਘ ਬੱਬਲੂ ਤੋਂ ਇਲਾਵਾ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।