ਸਲਮਾਨ ਨੂੰ ਸਜ਼ਾ ਤੇ 7 ਘੰਟੇ 'ਚ ਹੀ ਜ਼ਮਾਨਤ

ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਨੂੰ ਮੁੰਬਈ ਦੀ ਇੱਕ ਸੈਸ਼ਨ ਅਦਾਲਤ ਨੇ ਗੈਰ ਇਰਾਦਤਨ ਹੱਤਿਆ ਦੇ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਬਾਅਦ ਮੁੰਬਈ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਲਮਾਨ ਖਾਨ ਨੂੰ ਦੋ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ।
ਜਸਟਿਸ ਡੀ ਡਬਲਿਊ ਦੇਸ਼ਪਾਂਡੇ ਨੇ 49 ਸਾਲਾ ਦਬੰਗ ਬਾਲੀਵੁੱਡ ਸਟਾਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਅਤੇ ਡਰਾਈਵਿੰਗ ਲਸੰਸ ਨਾ ਰੱਖਣ ਦੇ ਦੋਸ਼ਾਂ ਸਮੇਤ ਸਾਰੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਅਦਾਲਤ ਦੀ ਕਾਰਵਾਈ 45 ਮਿੰਟਾਂ ਲਈ ਮੁਲਤਵੀ ਰੱਖੀ ਗਈ। ਦੱਖਣੀ ਮੁੱਬਈ ਦੇ ਅਦਾਲਤੀ ਇਲਾਕੇ ਵਿੱਚ ਸਥਿਤ ਅਦਾਲਤੀ ਕੰਪਲੈਕਸ ਦੇ ਆਸ-ਪਾਸ ਭਾਰੀ ਭੀੜ ਸੀ, ਜਿਨ੍ਹਾਂ ਵਿੱਚ ਸਲਮਾਨ ਖਾਨ ਦੇ ਪ੍ਰਸੰਸਕ ਵੀ ਮੌਜੂਦ ਸਨ। ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਸਮੇਂ ਸਲਮਾਨ ਖਾਨ ਦੀਆਂ ਅੱਖਾਂ ਭਰ ਆਈਆਂ, ਪਰ ਉਹ ਸ਼ਾਂਤ ਅਤੇ ਸਹਿਜ ਰਹੇ। ਫੈਸਲੇ ਸਮੇਂ ਅਦਾਲਤ ਵਿੱਚ ਸਲਮਾਨ ਦੀ ਭੈਣ, ਭਰਾ ਅਤੇ ਪਰਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਅਦਾਲਤ ਨੇ ਇਸ ਮਾਮਲੇ 'ਚ ਫ਼ੈਸਲਾ ਸੁਣਾਉਂਦਿਆਂ ਦਿੱਲੀ ਦੇ ਬੀ ਐਮ ਡਬਲਿਊ ਨਿਖਿਲ ਨੰਦਾ ਅਤੇ ਅਲੀਸਟੇਅਰ ਪਰੇਰਾ ਮਾਮਲੇ ਨੂੰ ਧਿਆਨ 'ਚ ਰੱਖਦਿਆਂ ਸਲਮਾਨ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਸਲਮਾਨ ਕੋਲੋਂ ਪੁੱਛਿਆ ਕਿ ਫ਼ੈਸਲੇ 'ਤੇ ਉਨ੍ਹਾ ਨੂੰ ਕੀ ਕਹਿਣਾ ਹੈ ਤਾਂ ਸਲਮਾਨ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਹਾਦਸੇ ਸਮੇਂ ਉਹ ਕਾਰ ਨਹੀਂ ਚਲਾ ਰਹੇ ਸਨ। ਓਧਰ ਇਸੇ ਦੌਰਾਨ ਮੀਡੀਆ ਕਰਮਚਾਰੀਆਂ ਦੀ ਭਾਰੀ ਭੀੜ ਦੇ ਨਾਲ ਪੁਲਸ ਮੁਲਾਜ਼ਮਾਂ ਦੀ ਝੜਪ ਵੀ ਹੋ ਗਈ। ਪੁਲਸ ਨੇ ਇਸ ਤੋਂ ਬਾਅਦ ਪੱਤਰਕਾਰਾਂ ਨੂੰ ਬਾਹਰ ਕੱਢ ਕੇ ਅਦਾਲਤ ਦੇ ਕਮਰੇ ਦੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ। ਜ਼ਿਕਰਯੋਗ ਹੈ ਕਿ 28 ਸਤੰਬਰ 2002 ਦੀ ਰਾਤ ਨੂੰ ਸਲਮਾਨ ਦੀ ਟੋਇਟਾ ਲੈਂਡ ਕਰੂਜ਼ਰ ਬਾਂਦਰਾ ਦੇ ਉਪ ਨਗਰ ਇਲਾਕੇ 'ਚ ਪੱਟਰੀ 'ਤੇ ਸੁੱਤੇ ਲੋਕਾਂ ਨੂੰ ਕੁਚਲਦੀ ਹੋਈ ਇੱਕ ਬੇਕਰੀ 'ਚ ਦਾਖ਼ਲ ਹੋ ਗਈ ਸੀ। ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖ਼ਮੀ ਹੋ ਗਏ ਸਨ। ਬਾਂਦਰਾ ਦੇ ਮੈਟਰੋਪਾਲਿਟਨ ਮੈਜਿਸਟਰੇਟ, ਜਿਨ੍ਹਾਂ ਨੇ ਸਲਮਾਨ ਖ਼ਿਲਾਫ਼ ਲਾਪਰਵਾਹੀ ਨਾਲ ਕਾਰ ਚਲਾਉਣ ਦੇ ਹਲਕੇ ਦੋਸ਼ 'ਚ ਸੁਣਵਾਈ ਕੀਤੀ ਸੀ, ਜਿਸ 'ਚ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਦੀ ਵਿਵਸਥਾ ਹੈ, ਨੇ 2012 'ਚ ਗ਼ੈਰ ਇਰਾਦਤਨ ਕਤਲ ਦੇ ਬਹੁਤ ਗੰਭੀਰ ਦੋਸ਼ ਦੇ ਨਾਲ ਮਾਮਲਾ ਸੈਸ਼ਨ ਕੋਰਟ 'ਚ ਭੇਜ ਦਿੱਤਾ ਸੀ, ਜਿੱਥੇ ਇਸਤਗਾਸਾ ਪੱਖ ਇਸ ਗੱਲ 'ਤੇ ਬਜ਼ਿੱਦ ਸੀ ਕਿ ਹਾਦਸੇ ਦੇ ਸਮੇਂ ਸ਼ਰਾਬ ਪੀ ਕੇ ਸਲਮਾਨ ਹੀ ਲੈਂਡ ਕਰੂਜ਼ਰ ਚਲਾ ਰਹੇ ਸਨ, ਉੱਥੇ ਹੀ ਸਲਮਾਨ ਦਾ ਦਾਅਵਾ ਸੀ ਕਿ ਉਸ ਸਮੇਂ ਉਨ੍ਹਾਂ ਦਾ ਡਰਾਇਵਰ ਅਸ਼ੋਕ ਸਿੰਘ ਚਾਲਕ ਦੀ ਸੀਟ 'ਤੇ ਸੀ। ਅਸ਼ੋਕ ਸਿੰਘ ਨੇ ਵੀ ਬਚਾਓ ਧਿਰ ਦੀ ਇਸ ਗੱਲ ਦਾ ਸਮੱਰਥਨ ਕੀਤਾ। ਬਚਾਓ ਪੱਖ ਨੇ ਇਹ ਦਲੀਲ ਵੀ ਦਿੱਤੀ ਕਿ ਪੁਲਸ ਨੇ ਸਟੀਅਰਿੰਗ ਵਹੀਲ ਤੋਂ ਉਂਗਲਾਂ ਦੇ ਨਿਸ਼ਾਨ ਨਹੀਂ ਲਏ ਸਨ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਵਾਹਨ ਕੌਣ ਚਲਾ ਰਿਹਾ ਸੀ। ਸਥਾਨਕ ਸਮਾਜਿਕ ਕਾਰਕੁਨ ਸੰਤੋਸ਼ ਦਾਉਂਕਰ ਨੇ ਇੱਕ ਅਰਜ਼ੀ ਦਾਖਲ ਕਰਕੇ ਦੋਸ਼ ਲਾਇਆ ਸੀ ਕਿ ਪੁਲਸ ਨੇ ਗਲਤ ਡਾਕਟਰਾਂ ਕੋਲੋਂ ਪੁੱਛਗਿੱਛ ਕਰਕੇ ਝੂਠੇ ਸਬੂਤ ਪੇਸ਼ ਕੀਤੇ, ਜਿਸ ਨਾਲ ਮਾਮਲੇ 'ਚ ਤਿੰਨ ਸਾਲ ਦੀ ਦੇਰੀ ਹੋਈ।