ਕੈਪਟਨ ਅਮਰਿੰਦਰ ਨੇ ਮੋਗਾ ਕੇਸ 'ਚ ਪੰਜਾਬ ਸਰਕਾਰ ਦੇ ਨਿਆਂਇਕ ਜਾਂਚ ਦੇ ਫੈਸਲੇ ਨੂੰ ਨਕਾਰਿਆ

ਲੋਕ ਸਭਾ 'ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ 'ਚ ਆਰਬਿਟ ਕੰਪਨੀ ਦੀ ਬੱਸ 'ਚ ਇਕ ਲੜਕੀ ਨਾਲ ਛੇੜਛਾੜ ਤੇ ਉਸ ਦੀ ਹੱਤਿਆ ਦੇ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਜੁਡੀਸ਼ੀਅਲ ਕਮਿਸ਼ਨ ਬਣਾਏ ਜਾਣ ਦੇ ਫੈਸਲੇ ਨੂੰ ਨਕਾਰਿਆ ਹੈ। ਇਥੇ ਜਾਰੀ ਬਿਆਨ 'ਚ ਉਨ੍ਹਾਂ ਕਿਹਾ ਕਿ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਚੱਲ ਰਿਹਾ ਹੈ, ਅਜਿਹੇ 'ਚ ਵੱਖਰੀ ਜਾਂਚ ਬਿਠਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਮਾਮਲੇ 'ਚ ਸੁਓ ਮੋਟੋ ਨੋਟਿਸ ਲੈ ਚੁੱਕਾ ਹੈ ਤੇ ਇਹ ਮਾਮਲਾ ਹਾਲੇ ਤੱਕ ਚੱਲ ਰਿਹਾ ਹੈ। ਅਜਿਹੇ 'ਚ ਵੱਖਰੀ ਜਾਂਚ ਬਿਠਾਏ ਜਾਣ ਦੀ ਕੀ ਲੋੜ ਹੈ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਇਸ ਦੌਰਾਨ ਪੰਜਾਬ 'ਚ ਔਰਤਾਂ ਦੀ ਸੁਰੱਖਿਆ ਵਾਸਤੇ ਸੁਝਾਅ ਦੇਣ ਲਈ ਕਮੇਟੀ ਬਣਾਉਣ ਵਾਲੇ ਬਾਦਲ ਦਾ ਵੀ ਕੈਪਟਨ ਅਮਰਿੰਦਰ ਨੇ ਹਾਸਾ ਉਡਾਇਆ ਹੈ। ਉਨ੍ਹਾਂ ਕਿਹਾ ਕਿ ਬਾਦਲ ਅਸਲੀ ਮੁੱਦੇ 'ਤੇ ਆਉਣ ਦੀ ਬਜਾਇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜੀ ਇਨ੍ਹਾਂ ਦੀ ਪੁਰਾਣੀ ਆਦਤ ਹੈ, ਜਦਕਿ ਮੁੱਦਾ ਤੁਹਾਡੀ ਸਰਕਾਰ ਦੀ ਅਸਫਲਤਾ ਦਾ ਹੈ, ਜਿਸ ਕਾਰਨ ਕਾਨੂੰਨ ਤੇ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ ਅਤੇ ਸਿੱਟੇ ਵਜੋਂ ਮੋਗਾ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।