ਮਹਿਲਾ ਕਮਿਸ਼ਨ ਖਿਲਾਫ ਕੁਮਾਰ ਵਿਸ਼ਵਾਸ ਹਾਈ ਕੋਰਟ 'ਚ

ਆਮ ਆਦਮੀ ਪਾਰਟੀ ਦੇ ਨੇਤਾ ਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੇ ਦਿੱਲੀ ਮਹਿਲਾ ਕਮਿਸ਼ਨ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਣ ਲਈ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੈ, ਜਿਸ ਵਿਚ ਮੰਗ ਕੀਤੀ ਹੈ ਕਿ ਦਿੱਲੀ ਮਹਿਲਾ ਕਮਿਸ਼ਨ ਨੇ ਉਨ੍ਹਾ ਖਿਲਾਫ ਜਿਹੜਾ ਸੰਮਨ ਭੇਜਿਆ ਹੈ, ਉਸ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ।
ਇਸ ਪਟੀਸ਼ਨ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਵਕੀਲ ਬਣਾਇਆ ਗਿਆ ਹੈ ਤੇ ਹੋ ਸਕਦਾ ਹੈ ਕਿ ਭਲਕੇ ਇਸ ਪਟੀਸ਼ਨ 'ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਹੋਵੇ। ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਬਰਖਾ ਸ਼ੁਕਲਾ ਨੇ ਕੁਮਾਰ ਵਿਸ਼ਵਾਸ ਦੇ ਪੇਸ਼ ਨਾ ਹੋਣ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਉਨ੍ਹਾ ਕਿਹਾ ਕਿ ਮਹਿਲਾ ਕਮਿਸ਼ਨ ਵੱਜੋਂ ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਨੂੰ ਮੁੜ ਸੰਮਨ ਭੇਜੇ ਗਏ ਸਨ, ਪਰ ਉਹ ਫੇਰ ਵੀ ਹਾਜ਼ਰ ਨਹੀਂ ਹੋਇਆ। ਉਨ੍ਹਾ ਦਸਿਆ ਕਿ ਕਮਿਸ਼ਨ ਨੇ ਹੁਣ ਇੱਕ ਪੱਤਰ ਲਿਖ ਕੇ ਗ੍ਰਹਿ ਮੰਤਰਾਲੇ, ਪੁਲਸ ਕਮਿਸ਼ਨਰ ਅਤੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਤੋਂ ਇਸ ਮਾਮਲੇ 'ਚ ਦਖਲ ਦੀ ਮੰਗ ਕੀਤੀ ਗਈ ਹੈ। ਬਰਖਾ ਸ਼ੁਕਲਾ ਨੇ ਕਿਹਾ ਕਿ ਉਨ੍ਹਾ ਦਾ ਮਕਸਦ ਪੀੜਤ ਦੇ ਪਰਵਾਰ ਤੇ ਜੀਵਨ ਨੂੰ ਬਚਾਉਣਾ ਹੈ। ਆਮ ਆਦਮੀ ਪਾਰਟੀ ਦੇ ਆਗੂ ਵਿਸ਼ਵਾਸ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰੀ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ। ਬਰਖਾ ਸ਼ੁਕਲਾ ਨੇ ਦਸਿਆ ਕਿ ਉਨ੍ਹਾ ਨੇ ਪੀੜਤ ਮਹਿਲਾ ਦੇ ਪਤੀ ਨੂੰ ਵੀ ਤਲਬ ਕੀਤਾ ਸੀ ਅਤੇ ਉਹ ਪੇਸ਼ ਹੋਇਆ ਸੀ। ਉਨ੍ਹਾ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਪੀੜਤ ਮਹਿਲਾ ਤੇ ਉਸ ਦੇ ਪਤੀ ਦੇ ਸੰਬੰਧ ਆਮ ਵਰਗੇ ਹੋ ਜਾਣ, ਕਿਉਂਕਿ ਮਹਿਲਾ ਦਾ ਦੋਸ਼ ਹੈ ਕਿ ਕੁਮਾਰ ਵਿਸ਼ਵਾਸ ਨਾਲ ਨਜਾਇਜ਼ ਸੰਬੰਧਾਂ ਦੀਆਂ ਅਫ਼ਵਾਹਾਂ ਕਾਰਨ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ। ਮਹਿਲਾ ਦੇ ਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਚਾਹੁੰਦਾ ਹੈ ਕਿ ਵਿਸ਼ਵਾਸ ਅਤੇ ਉਨ੍ਹਾ ਦੀ ਪਤਨੀ ਆਉਣ ਤੇ ਸਫ਼ਾਈ ਦੇਣ ਅਤੇ ਇਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਸਵੀਕਾਰ ਕਰ ਲੈਣਗੇ।