ਜੈਲਲਿਤਾ ਦੀ ਅਪੀਲ 'ਤੇ ਫ਼ੈਸਲਾ ਅੱਜ

ਸੋਮਵਾਰ ਨੂੰ ਆਉਣ ਵਾਲਾ ਫ਼ੈਸਲਾ ਨਾ ਸਿਰਫ਼ ਸਾਬਕਾ ਮੁੱਖ ਮੰਤਰੀ ਜੈਲਲਿਤਾ ਲਈ ਅਹਿਮ ਹੋਵੇਗਾ, ਸਗੋਂ ਇਹ ਸੱਤਾਧਾਰੀ ਅੰਨਾ ਡੀ ਐੱਮ ਕੇ ਅਤੇ ਤਾਮਿਲਨਾਡੂ ਦੀ ਸਿਆਸਤ ਲਈ ਬੇਹੱਦ ਅਹਿਮ ਹੋਵੇਗਾ। ਸੋਮਵਾਰ ਨੂੰ ਸਵੇਰੇ 11 ਵਜੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਸੀ ਆਰ ਕੁਮਾਰਾਸਾਮੀ ਵੱਲੋਂ ਬੇਹਿਸਾਬੀ ਜਾਇਦਾਦ ਮਾਮਲੇ 'ਚ ਜੈਲਲਿਤਾ ਦੀ ਅਪੀਲ 'ਤੇ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ 'ਚ ਉਨ੍ਹਾ ਦੀ ਸਹਿਯੋਗੀ ਸ਼ਸ਼ੀਕਲਾ ਅਤੇ ਸੁਸ਼ੀਕਲਾ ਦੇ ਰਿਸ਼ਤੇਦਾਰਾਂ ਸੁਧਾਕਰਨ ਅਤੇ ਇਲਾਵਰਾਸੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਦੇ ਨਾਲ-ਨਾਲ ਸਾਰਿਆਂ ਨੂੰ 1-1 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ। ਬੰਗਲੌਰ ਦੀ ਅਦਾਲਤ ਨੇ ਮੁਕੱਦਮੇ ਦੀ 18 ਮਹੀਨਿਆਂ ਤੱਕ ਸੁਣਵਾਈ ਮਗਰੋਂ ਉਨ੍ਹਾ ਨੂੰ ਸਜ਼ਾ ਸੁਣਾਈ ਸੀ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਜੇ ਫ਼ੈਸਲਾ ਜੈਲਲਿਤਾ ਦੇ ਉਲਟ ਹੋਇਆ ਤਾਂ ਇਸ ਦਾ ਅੰਨਾ ਡੀ ਐੱਮ ਕੇ ਨੂੰ ਨੁਕਸਾਨ ਹੋਵੇਗਾ, ਕਿਉਂਕਿ ਜੈਲਲਿਤਾ 10 ਸਾਲਾਂ ਤੱਕ ਚੋਣ ਨਹੀਂ ਲੜ ਸਕੇਗੀ। ਇਸ ਕਾਰਨ ਪਾਰਟੀ ਅਤੇ ਕਾਡਰ ਨੂੰ ਕੰਟਰੋਲ ਕਰ ਸਕਣਾ ਬੇਹੱਦ ਮੁਸ਼ਕਲ ਹੋਵੇਗਾ। ਉਧਰ ਡੀ ਐੱਮ ਕੇ ਦਾ ਮੰਨਣਾ ਹੈ ਕਿ ਜੈਲਲਿਤਾ ਨੂੰ ਸਜ਼ਾ ਜ਼ਰੂਰ ਹੋਵੇਗੀ। ਪਾਰਟੀ ਦਾ ਕਹਿਣਾ ਹੈ ਕਿ ਜੈਲਲਿਤਾ ਨੂੰ ਸਜ਼ਾ ਨਾਲ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸਪੱਸ਼ਟ ਸੰਦੇਸ਼ ਮਿਲਣਾ ਚਾਹੀਦਾ ਹੈ। ਵਿਸ਼ਲੇਸ਼ਕਾਂ ਅਨੁਸਾਰ ਜੈਲਲਿਤਾ ਦੀ ਸਜ਼ਾ ਬਹਾਲ ਰਹਿੰਦੀ ਹੈ ਤਾਂ ਉਸ ਦਾ ਸਭ ਤੋਂ ਵੱਧ ਫਾਇਦਾ ਡੀ ਐੱਮ ਕੇ ਨੂੰ ਹੀ ਹੋਵੇਗਾ।