ਕੇਂਦਰ-ਰਾਜਾਂ ਦੇ ਸਹਿਯੋਗ ਨਾਲ ਹੀ ਵਿਕਾਸ ਸੰਭਵ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਕੇਂਦਰ ਅਤੇ ਸੂਬੇ ਮਿਲ ਕੇ ਕੰਮ ਕਰਨਗੇ ਤਾਂ ਹੀ ਦੇਸ਼ ਦਾ ਵਿਕਾਸ ਹੋਵੇਗਾ। ਅੱਜ ਇਥੇ ਬਰਨਪੁਰ ਸਟੀਲ ਪਲਾਂਟ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕੱਲੀ ਕੇਂਦਰ ਸਰਕਾਰ ਦੇਸ਼ ਦਾ ਵਿਕਾਸ ਨਹੀਂ ਕਰ ਸਕਦੀ, ਇਸ ਲਈ ਜ਼ਰੂਰੀ ਹੈ ਕਿ ਕੇਂਦਰ ਅਤੇ ਸੂਬੇ ਮਿਲ ਕੇ ਕੰਮ ਕਰਨ। ਉਨ੍ਹਾ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਮਿਲ ਕੇ ਕੰਮ ਕਰਨਗੇ, ਉਦੋਂ ਹੀ ਟੀਮ ਇੰਡੀਆ ਬਣੇਗੀ। ਉਨ੍ਹਾ ਕਿਹਾ ਕਿ ਕੇਂਦਰ ਅਤੇ ਸੂਬੇ ਜਿੰਨਾ ਆਪਸ 'ਚ ਮਿਲ ਕੇ ਕੰਮ ਕਰਨਗੇ, ਦੇਸ਼ ਦਾ ਓਨੀ ਹੀ ਤੇਜ਼ੀ ਨਾਲ ਵਿਕਾਸ ਹੋਵੇਗਾ। ਉਨ੍ਹਾ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਸਾਨੂੰ ਸੰਘੀ ਢਾਂਚਾ ਤਾਂ ਦਿੱਤਾ ਹੈ, ਪਰ ਦੇਸ਼ ਦੀ ਆਜ਼ਾਦੀ ਮਗਰੋਂ ਕਈ ਸਾਲਾਂ ਤੱਕ ਕੇਂਦਰ ਅਤੇ ਸੂਬਿਆਂ ਦੇ ਸੰਬੰਧਾਂ 'ਚ ਹਮੇਸ਼ਾ ਤਣਾਅ ਰਿਹਾ। ਉਨ੍ਹਾ ਕਿਹਾ ਕਿ ਪਹਿਲਾਂ ਕੇਂਦਰ ਦੇ ਲੋਕ ਸਮਝਦੇ ਸਨ ਕਿ ਅਸੀਂ ਕੁਝ ਖਾਸ ਹਾਂ। ਉਨ੍ਹਾ ਕਿਹਾ ਕਿ ਮੈਂ ਵੀ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਿਹਾ ਹਾਂ ਅਤੇ ਮੈਨੂੰ ਪਤਾ ਹੈ ਕਿ ਕੇਂਦਰ ਦੇ ਇਸ ਰਵੱਈਏ ਨਾਲ ਦੇਸ਼ ਦਾ ਭਲਾ ਨਹੀਂ ਹੋਵੇਗਾ। ਉਨ੍ਹਾ ਕਿਹਾ ਕਿ ਟੀਮ ਇੰਡੀਆ ਤੋਂ ਬਿਨਾਂ ਇਹ ਦੇਸ਼ ਤਰੱਕੀ ਨਹੀਂ ਕਰ ਸਕਦਾ ਅਤੇ ਦੇਸ਼ ਹਮੇਸ਼ਾ ਕਿਸੇ ਵੀ ਸਿਆਸੀ ਪਾਰਟੀ ਤੋਂ ਵੱਡਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਪਿਛਲੇ 40 ਸਾਲਾਂ ਤੋਂ ਇੱਕ ਮਾਮਲਾ ਲਟਕਿਆ ਹੋਇਆ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੀਮਾ ਵਿਵਾਦ ਚਲਦਾ ਰਹਿੰਦਾ ਸੀ ਅਤੇ ਦੋ ਦਿਨ ਪਹਿਲਾਂ ਹੀ ਇਹ ਮਸਲਾ ਹੱਲ ਹੋ ਗਿਆ। ਉਨ੍ਹਾ ਕਿਹਾ ਕਿ ਇਸ ਬਾਰੇ ਮਮਤਾ ਜੀ ਨੇ, ਪੱਛਮੀ ਬੰਗਾਲ ਦੀ ਸਰਕਾਰ ਨੇ, ਅਸਾਮ, ਤ੍ਰਿਪੁਰਾ ਅਤੇ ਮਿਜ਼ੋਰਮ ਸਰਕਾਰ ਨੇ ਦਿੱਲੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਫ਼ੈਸਲਾ ਲਿਆ।
ਉਨ੍ਹਾ ਕਿਹਾ ਕਿ ਪਹਿਲੀ ਵਾਰ ਇਹ ਦੇਸ਼ ਮਾਣ ਕਰ ਸਕਦਾ ਹੈ ਕਿ ਲੋਕ ਸਭਾ ਅਤੇ ਰਾਜ ਸਭਾ 'ਚ ਇਸ ਦੇ ਵਿਰੋਧ 'ਚ ਇੱਕ ਵੀ ਵੋਟ ਨਹੀਂ ਪਈ ਅਤੇ ਅਸੀਂ ਪੂਰੀ ਦੁਨੀਆ ਨੂੰ ਟੀਮ ਇੰਡੀਆ ਦਾ ਦਰਸ਼ਨ ਦਿਖਾਇਆ। ਉਨ੍ਹਾ ਕਿਹਾ ਕਿ ਜੇ ਵਿਦੇਸ਼ਾਂ ਨਾਲ ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕਦਾ ਹੈ ਤਾਂ ਦੇਸ਼ 'ਚ ਵੀ ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕਦਾ ਹੈ। ਉਨ੍ਹਾ ਕਿ ਜੇ ਦੇਸ਼ ਦਾ ਵਿਕਾਸ ਕਰਨਾ ਹੈ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਮੋਦੀ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਤੱਕ ਦੇਸ਼ 'ਚ ਘੁਟਾਲਿਆਂ ਦੀਆਂ ਖ਼ਬਰਾਂ ਆਉਂਦੀਆਂ ਸਨ, ਪਰ ਇੱਕ ਸਾਲ ਪਹਿਲਾਂ ਉਨ੍ਹਾ ਦੀ ਸਰਕਾਰ ਬਣਨ ਮਗਰੋਂ ਦੇਸ਼ 'ਚ ਘੁਟਾਲੇ ਹੋਣੇ ਬੰਦ ਹੋ ਗਏ। ਉਨ੍ਹਾ ਕਿਹਾ ਕਿ ਅਸੀਂ ਸੱਤਾ 'ਚ ਆ ਕੇ ਘੁਟਾਲਿਆ ਨੂੰ ਖ਼ਤਮ ਕੀਤਾ ਅਤੇ ਕੋਲਾ ਬਲਾਕਾਂ ਦੀ ਨਿਲਾਮੀ ਨਾਲ ਦੇਸ਼ ਦਾ ਖ਼ਜ਼ਾਨਾ ਭਰਿਆ।