ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਸ਼ੈਅ ਨਹੀਂ : ਅਰਸ਼ੀ

ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਕਪੂਰਥਲਾ ਵੱਲੋਂ ਤਹਿਸੀਲ ਸੁਲਤਾਨਪੁਰ ਲੋਧੀ ਪਿੰਡ ਠੱਟਾ ਪ੍ਰਾਣਾ ਵਿਖੇ ਧੰਨ-ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ 171ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਇੱਕ ਵਿਸ਼ਾਲ ਰਾਜਸੀ ਕਾਨਫ਼ਰੰਸ ਕੀਤੀ ਗਈ, ਜਿਸ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਅਤੇ ਸਾਬਕਾ ਐਮ ਐਲ ਏ ਕਾਮਰੇਡ ਹਰਦੇਸ਼ ਅਰਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਹਰ ਖੇਤਰ ਵਿੱਚ ਮਾਫ਼ੀਆ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਆਮ ਜਨਤਾ ਦੀ ਰਾਖੀ ਦੀ ਬਜਾਏ ਮਾਫ਼ੀਆ ਗਰੋਹਾਂ ਅਤੇ ਨਸ਼ੇ ਦੇ ਸਮੱਗਲਰਾਂ ਦੇ ਥੱਲੇ ਲੱਗੀ ਹੋਈ ਹੈ। 70 ਫ਼ੀਸਦੀ ਬੱਸਾਂ ਨਿੱਜੀ ਹੱਥਾਂ ਵਿੱਚ ਹਨ ਤੇ ਇੱਕ ਪ੍ਰਮਿਟ 'ਤੇ ਕਈ ਆਰਬਿਟ ਬੱਸਾਂ ਚਲਦੀਆਂ ਹਨ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਨਵੇਂ ਲਿਆਂਦੇ ਗਏ ਭੋਂ-ਪ੍ਰਾਪਤੀ ਬਿੱਲ ਦੀ ਤਿੱਖੀ ਨਿੰਦਾ ਕੀਤੀ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੈਂਬਰ ਕੌਮੀ ਕੌਂਸਲ ਅਤੇ ਪ੍ਰਧਾਨ ਏਟਕ ਪੰਜਾਬ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਮੌਜੂਦਾ ਪੰਜਾਬ ਸਰਕਾਰ ਦੀਆਂ ਜਬਰ ਤੇ ਲੁੱਟ-ਖਸੁੱਟ ਦੀਆਂ ਨੀਤੀਆਂ ਤੋਂ ਸੂਬੇ ਦੀ ਜਨਤਾ 'ਚ ਗੁੱਸੇ ਦੀ ਲਹਿਰ ਹੈ। ਪੰਜਾਬ ਅੰਦਰ ਕਿਸਾਨ, ਮਜ਼ਦੂਰ ਅਤੇ ਛੋਟੇ ਦਰਜੇ ਦੇ ਮੁਲਾਜ਼ਮ ਅੱਤ ਦੀ ਮਹਿੰਗਾਈ ਕਾਰਨ ਗਰੀਬੀ ਦੀ ਮਾਰ ਹੇਠ ਹਨ। ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਕਿਸੇ ਵੀ ਵਾਅਦੇ 'ਤੇ ਪੂਰੀ ਨਹੀਂ ਉੱਤਰੀ ਅਤੇ ਹਰ ਪੱਖ ਤੋਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਭੁਪਿੰਦਰ ਸਾਂਬਰ ਪ੍ਰਧਾਨ ਪੰਜਾਬ ਕਿਸਾਨ ਸਭਾ ਅਤੇ ਮੈਂਬਰ ਕੌਮੀ ਕੌਸਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖ਼ਰਾਬ ਹੋਈ ਕਣਕ ਦਾ ਤੁਰੰਤ ਮੁਆਵਜ਼ਾ ਦੇਵੇ। ਉਨ੍ਹਾ ਮੰਡੀਆਂ 'ਚ ਕਿਸਾਨਾਂ ਦੀ ਹੋਈ ਖੱਜਲ-ਖੁਆਰੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕਾਨਫ਼ਰੰਸ ਨੂੰ ਜ਼ਿਲ੍ਹਾ ਕਪੂਰਥਲਾ ਦੇ ਸਕੱਤਰ ਨਰਿੰਜਣ ਸਿੰਘ ਉੱਚਾ, ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਹਰਬੰਸ ਸਿੰਘ ਜ਼ਿਲ੍ਹਾ ਸਹਾਇਕ ਸਕੱਤਰ, ਮਾਸਟਰ ਚਰਨ ਸਿੰਘ ਸਹਾਇਕ ਸਕੱਤਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਰਤੀ ਡਰਾਮਾ ਸਕੁਐਡ ਫਗਵਾੜਾ ਨੇ ਚਰਨਜੀਤ ਚੰਨੀ ਦੀ ਅਗਵਾਈ ਹੇਠ ਆਪਣੇ ਇਨਕਲਾਬੀ ਗੀਤ, ਅਪੇਰੇ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਰੁਜ਼ਗਾਰ ਪ੍ਰਾਪਤੀ ਮੰਚ ਮੋਗਾ ਵੱਲੋਂ ਵੱਖ-ਵੱਖ ਅੰਦਾਜ਼ ਵਿੱਚ ਨਾਟਕ ਅਤੇ ਕੋਰੀਓਗ੍ਰਾਫ਼ੀ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਬਲਦੇਵ ਸਿੰਘ ਸੀ ਪੀ ਐਮ ਪੰਜਾਬ ਅਤੇ ਪ੍ਰਧਾਨ ਨਿਰਮਾਣ ਯੂਨੀਅਨ ਪੰਜਾਬ ਬਲਦੇਵ ਸਿੰਘ ਕਰਮਜੀਤਪੁਰ, ਜਸਵੰਤ ਸਿੰਘ ਕਰਮਜੀਤ ਪੁਰ, ਸੁਖਦੇਵ ਸਿੰਘ ਮਾਛੀਜੋਆ, ਕਸ਼ਮੀਰ ਸਿੰਘ, ਪਾਲ ਸਿੰਘ, ਤਾਰਾ ਸਿੰਘ ਭੈਣੀ ਹੁੱਸੇ ਖਾਂ, ਬਲਵੰਤ ਸਿੰਘ ਔਜਲਾ, ਕੇ ਐਲ ਕੌਸ਼ਲ , ਹਰਨਾਮ ਦਾਸ, ਸੁਰਜੀਤ ਸਿੰਘ ਠੱਟਾ, ਨਰਿੰਜਣ ਸਿੰਘ ਸਾਲ੍ਹਾਪੁਰ ਬੇਟ, ਮਦਨ ਲਾਲ ਕੰਡਾ, ਵੀਰ ਸਿੰਘ ਕਪੂਰਥਲਾ, ਨਰਿੰਜਣ ਸਿੰਘ ਤਲਵੰਡੀ ਚੌਧਰੀਆਂ, ਵਿਜੇ ਕੁਮਾਰ, ਜੋਗਿੰਦਰ ਸਿੰਘ ਜੋਸ਼ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਸਨ।