ਉਦਯੋਗਪਤੀਆਂ ਦਾ ਅਹਿਸਾਨ ਮੋੜਨ ਲਈ ਮੋਦੀ ਸਰਕਾਰ ਭੋਂ-ਪ੍ਰਾਪਤੀ ਕਾਨੂੰਨ ਸੋਧਾਂ ਲਈ ਪੱਬਾਂ ਭਾਰ : ਅਰਸ਼ੀ

ਚੋਣਾਂ ਦੌਰਾਨ ਹਾਸਲ ਕੀਤੇ ਵੱਡੇ ਆਰਥਿਕ ਸਹਿਯੋਗ ਦਾ ਅਹਿਸਾਨ ਅਦਾ ਕਰਨ ਬਦਲੇ ਨਰਿੰਦਰ ਮੋਦੀ ਦੀ ਸਰਕਾਰ ਅਜਿਹਾ ਕਾਨੂੰਨ ਬਣਾਉਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ, ਕਿਸਾਨਾਂ ਨੂੰ ਬੇਦਖਲ ਕਰਕੇ ਜਿਸਦੇ ਜ਼ਰੀਏ ਉਹਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾ ਸਕਣ। ਇਹ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਦੱਸਿਆ ਕਿ 14 ਮਈ ਨੂੰ ਉਹਨਾਂ ਦੀ ਪਾਰਟੀ ਦੇ ਹਜ਼ਾਰਾਂ ਵਰਕਰ ਇਸਦੇ ਵਿਰੋਧ ਵਜੋਂ ਗ੍ਰਿਫਤਾਰੀਆਂ ਦੇਣਗੇ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰਸ਼ੀ ਨੇ ਦੱਸਿਆ ਕਿ ਪਿਛਲੇ ਛੇ ਦਹਾਕਿਆਂ ਦੌਰਾਨ 8 ਕਰੋੜ ਤੋਂ ਵੱਧ ਕਿਸਾਨ ਜਿਹਨਾਂ 'ਚ ਆਦਿਵਾਸੀਆਂ ਤੇ ਦਲਿਤਾਂ ਦੀ ਵੀ ਕਾਫੀ ਵੱਡੀ ਗਿਣਤੀ ਹੈ, ਨੂੰ ਉਹਨਾਂ ਦੇ ਘਰਾਂ ਅਤੇ ਜ਼ਮੀਨਾਂ ਤੋਂ ਬੇਦਖਲ ਕੀਤਾ ਜਾ ਚੁੱਕਾ ਹੈ। ਸਰਕਾਰੀ ਅੰਕੜਿਆਂ ਦੇ ਹਵਾਲੇ ਦਿੰਦਿਆਂ ਉਹਨਾਂ ਕਿਹਾ ਕਿ 1992 ਵਿੱਚ ਖੇਤੀ ਯੋਗ ਰਕਬਾ 31 ਕਰੋੜ ਏਕੜ ਸੀ, 2013 ਤੱਕ ਜੋ ਘਟ ਕੇ 23 ਕਰੋੜ 6 ਲੱਖ ਏਕੜ ਹੀ ਰਹਿ ਗਿਆ ਹੈ।
ਕਮਿਊਨਿਸਟ ਆਗੂ ਅਨੁਸਾਰ ਕਿਸਾਨੀ ਦੀ ਕੀਮਤ ਤੇ ਕਾਰਪੋਰੇਟ ਘਰਾਣਿਆਂ ਨੂੰ ਪਹਿਲਾਂ ਤੋਂ ਹੀ ਮਿਲ ਰਹੀਆਂ ਸਹੂਲਤਾਂ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਨਦਾਤੇ ਨੂੰ ਬੇਦਖਲ ਕਰਕੇ ਉਸਦੀ ਜ਼ਮੀਨ ਉਹਨਾਂ ਵੱਡੇ ਘਰਾਣਿਆਂ ਦੇ ਹਵਾਲੇ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ, ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਜਿਹਨਾਂ ਨੇ ਉਹਨਾਂ ਲਈ ਆਪਣੀਆਂ ਥੈਲੀਆਂ ਦੇ ਮੂੰਹ ਖੋਲ੍ਹ ਦਿੱਤੇ ਸਨ। ਅਰਸ਼ੀ ਨੇ ਦੱਸਿਆ ਕਿ ਵੱਡੇ ਅਜ਼ਾਰੇਦਾਰ ਘਰਾਣਿਆਂ ਨੂੰ ਆਮਦਨ ਕਰ ਵਿੱਚ ਪੰਜ ਫੀਸਦੀ ਦੀ ਛੋਟ ਦੇਣ ਤੋਂ ਇਲਾਵਾ ਜਾਇਦਾਦ ਟੈਕਸ ਵੀ ਮੁਕੰਮਲ ਤੌਰ 'ਤੇ ਖਤਮ ਕਰ ਦਿੱਤਾ ਹੈ। ਮੋਦੀ ਸਰਕਾਰ ਦੀ ਅਜਿਹੀ ਮੇਹਰ ਦਾ ਹੀ ਸਿੱਟਾ ਹੈ ਕਿ ਉਹਨਾਂ ਦੇ ਹਕੂਮਤ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਅਤੀ ਕਰੀਬੀ ਸਨਅਤਕਾਰ ਅਡਾਨੀ ਪਰਵਾਰ ਦੀ ਦੌਲਤ ਵਿੱਚ 70 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕਮਿਊਨਿਸਟ ਆਗੂ ਅਨੁਸਾਰ ਇੱਕ ਵੱਡੇ ਬੈਂਕ ਦੇ ਕਾਰਜਕਾਰੀ ਅਧਿਕਾਰੀ ਨੂੰ ਅਡਾਨੀ ਲਈ ਕਰਜ਼ੇ ਦੀ ਮੋਟੀ ਰਕਮ ਮਨਜ਼ੂਰ ਕਰਨ ਵਾਸਤੇ ਹਦਾਇਤ ਦੇ ਕੇ ਸ੍ਰੀ ਮੋਦੀ ਨੇ ਪ੍ਰਧਾਨ ਮੰਤਰੀ ਦਫ਼ਤਰ ਦੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ। ਕਿਸਾਨਾਂ ਵੱਲੋਂ ਕੀਤੇ ਅੰਦੋਲਨ ਅਤੇ ਜੱਦੋ-ਜਹਿਦਾਂ ਦੀ ਬਦੌਲਤ ਯੂ ਪੀ ਏ ਦੀ ਸਰਕਾਰ ਨੇ 2013 ਦੌਰਾਨ ਭੋਂ ਪ੍ਰਾਪਤੀ ਕਾਨੂੰਨ ਦੇ ਮਾਧਿਅਮ ਰਾਹੀਂ ਪਿਛਲੇ ਕਰੀਬ ਸਵਾ ਸੌ ਸਾਲ ਤੋਂ ਹੋ ਰਹੀ ਲੁੱਟ ਨੂੰ ਖਤਮ ਕਰਨ ਲਈ ਜੋ ਪੇਸਬੰਦੀਆਂ ਕੀਤੀਆਂ ਸਨ, ਉਹਨਾਂ ਦਾ ਭੋਗ ਪਾ ਕੇ ਮੋਦੀ ਸਰਕਾਰ ਅਜਿਹੀਆਂ ਤਬਦੀਲੀਆਂ ਕਰਨ ਜਾ ਰਹੀ ਹੈ, ਕਿਸਾਨਾਂ ਦੀ ਬਰਬਾਦੀ ਤੋਂ ਬਿਨਾਂ ਜੋ ਦੇਸ਼ ਲਈ ਅਨਾਜ ਦੀ ਸਮੱਸਿਆ ਵੀ ਪੈਦਾ ਕਰ ਦੇਣਗੀਆਂ।
ਕਾਮਰੇਡ ਅਰਸ਼ੀ ਨੇ ਕਿਹਾ ਕਿ ਅਜਿਹਾ ਹੋਣ ਨਾਲ ਹਜ਼ਾਰਾਂ ਪਿੰਡਾਂ ਦੀ ਹੋਂਦ ਮਿਟ ਜਾਵੇਗੀ ਅਤੇ ਕਰੋੜਾਂ ਲੋਕ ਰੋਟੀ-ਰੋਜ਼ੀ ਤੋਂ ਵਾਂਝੇ ਹੋ ਜਾਣਗੇ। ਆਪਣੀ ਪਾਰਟੀ ਵੱਲੋਂ ਬੀਤੇ ਦੌਰਾਨ ਮਿਹਨਤਕਸ਼ ਲੋਕਾਂ ਦੇ ਹੱਕ ਵਿੱਚ ਲੜੇ ਘੋਲਾਂ ਦਾ ਹਵਾਲਾ ਦਿੰਦਿਆਂ ਕਾਮਰੇਡ ਅਰਸ਼ੀ ਨੇ ਐਲਾਨ ਕੀਤਾ ਕਿ ਸੀ ਪੀ ਆਈ 2013 ਦੇ ਭੋਂ ਪ੍ਰਾਪਤੀ ਕਾਨੂੰਨ ਵਿੱਚ ਕਿਸੇ ਕਿਸਮ ਦੀ ਨਾਂਹ-ਪੱਖੀ ਤਬਦੀਲੀ ਨਹੀਂ ਹੋਣ ਦੇਵੇਗੀ। ਇਹੀ ਕਾਰਨ ਹੈ ਕਿ 14 ਮਈ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਹਜ਼ਾਰਾਂ ਕਮਿਊਨਿਸਟ ਵਰਕਰ ਗ੍ਰਿਫਤਾਰੀਆਂ ਦੇਣਗੇ। ਇਸ ਮੌਕੇ ਪਾਰਟੀ ਦੇ ਸੂਬਾਈ ਕਾਰਜਕਾਰੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਜਗਜੀਤ ਜੋਗਾ, ਸੁਰਜੀਤ ਸਿੰਘ ਸੋਹੀ ਤੇ ਬੀਬੀ ਜਸਵੀਰ ਕੌਰ ਸਰਾਂ ਵੀ ਮੌਜੂਦ ਸਨ।