Latest News
ਰਾਹੁਲ ਵਰ੍ਹੇ ਮੋਦੀ 'ਤੇ; ਸਭ ਤੋਂ ਵੱਡੇ ਚੋਰ ਦਿਨੇ ਹੀ ਸੂਟ-ਬੂਟ ਪਹਿਨ ਕੇ ਆਉਂਦੇ
ਭੋਂ-ਪ੍ਰਾਪਤੀ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਜ਼ੋਰਦਾਰ ਹਮਲਾ ਕਰਦਿਆਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਨੇ ਇਸ ਬਿੱਲ ਦੀ ਹੱਤਿਆ ਕਰ ਦਿੱਤੀ ਹੈ। ਰਾਹੁਲ ਨੇ ਕਿਹਾ ਹੈ ਕਿ ਉਦਯੋਗਪਤੀ ਮਿੱਤਰਾਂ ਨੂੰ ਖੁਸ਼ ਕਰਨ ਲਈ ਸਰਕਾਰ ਕਿਸਾਨਾਂ ਤੋਂ ਜ਼ਮੀਨ ਖੋਹਣਾ ਚਾਹੁੰਦੀ ਹੈ। ਲੋਕ ਸਭਾ 'ਚ ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਕਿਸੇ ਦਾ ਨਾਂਅ ਲਏ ਬਗ਼ੈਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਭ ਤੋਂ ਵੱਡੇ ਚੋਰ ਸੂਟ-ਬੂਟ ਪਹਿਣ ਨੇ ਆਉਂਦੇ ਹਨ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਮੋਦੀ ਸਰਕਾਰ ਦੀ ਆਲੋਚਨਾ ਸੂਟ-ਬੂਟ ਵਾਲੀ ਸਰਕਾਰ ਕਹਿ ਕੇ ਕਰ ਚੁੱਕੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਐਨ ਡੀ ਏ ਸਰਕਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਹੈ ਅਤੇ ਇਹ ਕਿਸਾਨਾਂ ਤੇ ਮਜ਼ਦੂਰਾਂ ਤੋਂ ਜ਼ਮੀਨਾਂ ਖੋਹ ਕੇ ਆਪਣੇ ਦੋਸਤ ਉਦਯੋਗਪਤੀਆਂ ਨੂੰ ਦੇਣਾ ਚਾਹੁੰਦੀ ਹੈ। ਲਾਲ ਕ੍ਰਿਸ਼ਨ ਅਡਵਾਨੀ ਅਤੇ ਰਾਜਨਾਥ ਦਾ ਨਾਂਅ ਲੈਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹਨਾ ਸਾਰੇ ਆਗੂਆਂ ਮੇਜ਼ ਥਪਥਪਾ ਨੇ ਯੂ ਪੀ ਏ ਦੇ ਭੋਂ-ਪ੍ਰਾਪਤੀ ਬਿੱਲ ਦੀ ਹਮਾਇਤ ਕੀਤੀ ਸੀ, ਪਰ ਲੱਗਦਾ ਹੈ ਕਿ ਉਹ ਹੁਣ ਆਪਣੀ ਸਰਕਾਰ ਤੋਂ ਡਰੇ ਹੋਏ ਹਨ ਜਾਂ ਉਨ੍ਹਾ ਦੀ ਸਰਕਾਰ 'ਚ ਕੋਈ ਪੁੱਛ-ਪ੍ਰਤੀਤ ਨਹੀਂ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਐਨ ਡੀ ਏ ਸਰਕਾਰ ਨੇ ਯੂ ਪੀ ਏ ਸਰਕਾਰ ਦੇ ਭੋਂ-ਪ੍ਰਾਪਤੀ ਕਾਨੂੰਨ 'ਚ ਸੋਧਾਂ ਕਰ ਕੇ ਕਿਸਾਨਾਂ ਦੇ ਹਿੱਤਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਨ੍ਹਾ ਕਿਹਾ ਕਿ ਜ਼ਮੀਨ ਅਕਵਾਇਰ ਕਰਨ ਲਈ 80 ਫ਼ੀਸਦੀ ਕਿਸਾਨਾਂ ਦੀ ਸਹਿਮਤੀ ਦੀ ਮੱਦ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਯੂ ਪੀ ਏ ਦੇ ਭੋਂ-ਪ੍ਰਾਪਤੀ ਕਾਨੂੰਨ 'ਚ ਇਹ ਗੱਲ ਲਾਜ਼ਮੀ ਬਣਾਈ ਸੀ ਕਿ 5 ਸਾਲ ਤੱਕ ਪ੍ਰਾਜੈਕਟ ਦਾ ਕੰਮ ਮੁਕੰਮਲ ਨਾ ਹੋਣ ਦੀ ਸੂਰਤ 'ਚ ਕਿਸਾਨਾਂ ਨੂੰ ਜ਼ਮੀਨ ਵਾਪਸ ਮੋੜਣੀ ਹੋਵੇਗੀ, ਪਰ ਐਨ ਡੀ ਏ ਸਰਕਾਰ ਨੇ ਇਸ ਸ਼ਰਤ ਨੂੰ ਵੀ ਹਟਾ ਦਿੱਤਾ ਹੈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਸੱਟ ਮਾਰੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਹੱਕ 'ਚ ਖੜੇ ਹਨ ਅਤੇ ਉਹ ਸੰਸਦ ਦੇ ਅੰਦਰ ਵੀ ਕਿਸਾਨਾਂ ਨਾਲ ਖਿਲਵਾੜ ਨਹੀਂ ਹੋਣ ਦੇਣਗੇ ਅਤੇ ਜੇ ਸਰਕਾਰ ਨੇ ਉਨ੍ਹਾ ਦੀ ਗੱਲ ਨਾ ਮੰਨੀ ਤਾਂ ਉਹ ਸੜਕਾਂ 'ਤੇ ਉਤਰਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਸੁਣਿਆ ਸੀ ਕਿ ਚੋਰ ਰਾਤ ਨੂੰ ਆਉਂਦੇ ਹਨ ਅਤੇ ਖਿੜਕੀ ਰਾਹੀਂ ਦਾਖਲ ਹੋ ਕੇ ਚੋਰੀ ਕਰ ਕੇ ਚਲੇ ਜਾਂਦੇ ਹਨ, ਪਰ ਉਨ੍ਹਾ ਦੇਖਿਆ ਕਿ ਹੁਣ ਚੋਰ ਦਿਨੇ ਆਉਂਦੇ ਹਨ ਅਤੇ ਸੂਟ-ਬੂਟ ਪਹਿਣ ਕੇ ਆਉਂਦੇ ਹਨ। ਕਾਂਗਰਸ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੋਂ ਪੁੱਛਿਆ ਕਿ ਕਿੰਨੇ ਪ੍ਰਾਜੈਕਟ ਜ਼ਮੀਨ ਕਾਰਨ ਰੁਕੇ ਹਨ ਅਤੇ ਸਰਕਾਰ ਨੂੰ ਏਨੀ ਕਾਹਲ ਕਾਹਦੀ ਹੈ। ਰਾਹੁਲ ਨੇ ਇੱਕ ਆਰ ਟੀ ਆਈ ਦੇ ਖੁਲਾਸੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਵਲ 100 'ਚੋਂ 8 ਪ੍ਰਾਜੈਕਟ ਹੀ ਜ਼ਮੀਨ ਕਾਰਨ ਰੁਕੇ ਹਨ। ਉਨ੍ਹਾ ਹਵਾਲਾ ਦਿੱਤਾ ਕਿ ਸੇਜ ਲਈ ਅਕਵਾਇਰ ਕੀਤੀ ਗਈ 40 ਫ਼ੀਸਦੀ ਜ਼ਮੀਨ ਅਣਵਰਤੀ ਪਈ ਹੈ।

1155 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper