ਅਬਾਦਕਾਰਾਂ 'ਤੇ ਵਹਿਸ਼ੀ ਜਬਰ, ਔਰਤਾਂ ਸਮੇਤ ਘਰਾਂ 'ਚੋਂ ਕੱਢ-ਕੱਢ ਕੁੱਟੇ ਕਿਸਾਨ

ਸਿੱਧਵਾਂ ਬੇਟ ਥਾਣੇ ਦੇ ਪਿੰਡ ਕੰਨੀਆਂ 'ਚ ਪੁਲਸ ਨੇ ਪਿੰਡ ਦੇ ਲੋਕਾਂ 'ਤੇ ਵਹਿਸ਼ੀਆਨਾ ਜ਼ਬਰ ਦੇ ਸਾਰੇ ਰਿਕਾਰਡ ਮਾਤ ਕਰ ਦਿੱਤੇ। ਇਹ ਪਿੰਡ ਮੁੱਖ ਤੌਰ 'ਤੇ ਅਬਾਦਕਾਰਾਂ ਦਾ ਪਿੰਡ ਹੈ। ਇਨ੍ਹਾਂ ਅਬਾਦਕਾਰਾਂ ਤੋਂ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਪ੍ਰਸ਼ਾਸਨ ਬਹੁਤ ਦੇਰ ਤੋਂ ਆਪਣੀ ਵਾਹ ਲਾ ਰਿਹਾ ਸੀ। ਅੱਜ ਸਵੇਰੇ ਪੁਲਸ ਦੀਆਂ ਧਾੜਾਂ ਨੇ ਪਹਿਲਾਂ ਆ ਕੇ ਲੋਕਾਂ 'ਤੇ ਪਾਣੀ ਦੀਆਂ ਤੇਜ਼ ਵਾਛੜਾਂ ਸੁੱਟੀਆਂ, ਪਰ ਜਦ ਉਹ ਫਿਰ ਵੀ ਡਟੇ ਰਹੇ ਤਾਂ ਉਨ੍ਹਾਂ ਉੱਪਰ ਬਹੁਤ ਹੀ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਪੁਲਸ ਨੇ ਔਰਤਾਂ ਸਮੇਤ ਲੋਕਾਂ ਨੂੰ ਘਰਾਂ 'ਚੋਂ ਕੱਢ-ਕੱਢ ਕੇ ਬੇਰਹਿਮੀ ਨਾਲ ਕੁੱਟਿਆ ਅਤੇ ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਇੱਥੇ ਹੀ ਨਹੀਂ ਰੁਕੀ ਉਸ ਨੇ ਅਬਾਦਕਾਰਾਂ ਦੇ ਰੋਹ ਨੂੰ ਦਬਾਉਣ ਲਈ ਗੋਲੀ ਵੀ ਚਲਾਈ, ਜਿਸ ਦੌਰਾਨ ਇੱਕ ਕਿਸਾਨ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਦੌਰਾਨ ਘਰਾਂ ਦੇ ਦਰਵਾਜ਼ੇ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ।
ਜ਼ਿਲ੍ਹੇ ਭਰ ਦੀ ਪੁਲਸ ਵੱਲੋਂ ਪਿੰਡ 'ਤੇ ਕੀਤੇ ਗਏ ਹਮਲੇ ਵਿਰੁੱਧ ਪਿੰਡ ਦੇ ਲੋਕਾਂ ਨੂੰ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਕੇ ਚੌਕਸ ਕਰਨ ਵਾਲੇ ਪਿੰਡ ਦੇ ਗ੍ਰੰਥੀ ਸਿੰਘ ਨੂੰ ਵੀ ਪੁਲਸ ਨੇ ਰੱਜ ਕੇ ਕੁਟਾਪਾ ਚਾੜ੍ਹਿਆ। ਜਦ ਇਸ ਹਮਲੇ ਦੀ ਖ਼ਬਰ ਆਸ-ਪਾਸ ਦੇ ਇਲਾਕੇ ਦੇ ਕਿਸਾਨਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਵੀ ਪਿੰਡ ਕੰਨੀਆਂ ਵੱਲ ਚਾਲੇ ਪਾ ਦਿੱਤੇ, ਜਿਨ੍ਹਾਂ ਨੂੰ ਨਕੋਦਰ-ਸਿੱਧਵਾਂ ਬੇਟ ਸੜਕ 'ਤੇ ਬਣੇ ਟੋਲ ਪਲਾਜਾ ਨੇੜੇ ਰੋਕ ਲਿਆ ਗਿਆ, ਤਾਂ ਉਨ੍ਹਾਂ ਨੇ ਉੱਥੇ ਹੀ ਜਾਮ ਲਾ ਦਿੱਤਾ।
ਵਰਨਣਯੋਗ ਹੈ ਕਿ ਮੰਡ ਬੇਟ ਇਲਾਕੇ ਦੇ ਕਈ ਪਿੰਡਾਂ ਵਾਂਗ ਇਸ ਪਿੰਡ ਦੇ ਅਬਾਦਕਾਰ ਦਹਾਕਿਆਂ ਤੋਂ ਸਰਕਾਰੀ ਜ਼ਮੀਨ ਅਬਾਦ ਕਰਕੇ ਆਪਣੀ ਰੋਟੀ-ਰੋਜ਼ੀ ਦਾ ਜੁਗਾੜ ਕਰ ਰਹੇ ਹਨ। 10 ਏਕੜ ਦੇ ਕਰੀਬ ਜ਼ਮੀਨ ਤੋਂ 70-75 ਜੀਅ ਆਪਣਾ ਗੁਜ਼ਾਰਾ ਚਲਾਉਂਦੇ ਆ ਰਹੇ ਹਨ। ਆਪਣੇ ਉਜਾੜੇ ਨੂੰ ਰੋਕਣ ਲਈ ਉਹ ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਸਰਕਾਰ ਖਿਲਾਫ ਮੋਰਚਾ ਲਾਈ ਬੈਠੇ ਹਨ। ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਤੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਪ੍ਰਧਾਨ ਦਰਸ਼ਨ ਨਾਹਰ ਨੇ ਇਸ ਸਰਕਾਰੀ ਜ਼ਬਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਪੰਜਾਬ 'ਚ ਅਮਨ-ਕਾਨੂੰਨ ਨਾਂਅ ਦੀ ਕੋਈ ਸ਼ੈਅ ਨਹੀਂ ਹੈ ਅਤੇ ਸੂਬੇ 'ਚ ਜੰਗਲ ਦਾ ਰਾਜ ਹੈ। ਉਨ੍ਹਾ ਦੱਸਿਆ ਕਿ 17 ਮਈ ਨੂੰ ਇਸ ਜ਼ਬਰ ਵਿਰੁੱਧ ਥਾਂ-ਥਾਂ ਰੋਸ ਵਿਖਾਵੇ ਕੀਤੇ ਜਾਣਗੇ। ਇਸ ਜ਼ਬਰ ਦੀ ਖ਼ਬਰ ਸੁਣਦਿਆਂ ਮੰਡ-ਬੇਟ ਏਰੀਆ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅਜਨਾਲਾ ਅਤੇ ਖਡੂਰ ਸਾਹਿਬ 'ਚ ਟ੍ਰੈਫਿਕ ਜਾਮ ਕੀਤਾ ਗਿਆ।