ਨਾ ਖੜਕਾਇਆ ਪੀਪਾ, ਨਾ ਵੱਜਿਆ ਢੋਲ

ਇੱਥੋਂ 4 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਪਿੰਡ ਦੁੱਗਰੀ ਵਿਖੇ ਪਿੰਡ ਤੋਂ ਬਾਹਰ ਸਰਕਾਰੀ ਸਕੂਲ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਗੁਪਤ ਢੰਗ ਨਾਲ ਇਕੱਲੇ ਸਰਪੰਚ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਲੰਧਰ ਪੱਛਮੀ ਦੀ ਹਾਜ਼ਰੀ 'ਚ ਕਰਵਾਏ ਜਾਣ ਦੀ ਭਿਣਕ ਲੱਗਣ ਸਾਰ ਹੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕਿਰਤੀ-ਕਾਮਿਆਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਅਸਫ਼ਲ ਬਣਾਉਣ ਲਈ ਬੀ.ਡੀ.ਪੀ.ਓ. ਜਲੰਧਰ ਪੱਛਮੀ ਸ੍ਰੀ ਗੁਰਦਰਸ਼ਨ ਲਾਲ ਕੁੰਡਲ ਦਾ ਘਿਰਾਓ ਕਰ ਲਿਆ, ਜੋ ਬੋਲੀ ਰੱਦ ਕਰਨ ਦੇ ਐਲਾਨ ਉਪਰੰਤ ਹੀ ਖਤਮ ਕੀਤਾ ਗਿਆ। ਇਸ ਸਮੇਂ ਪ੍ਰਦਰਸ਼ਨਕਾਰੀਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਜੁੜੇ ਕਿਰਤੀਆਂ ਨੇ ਦੱਸਿਆ ਕਿ ਰਸੂਖਦਾਰਾਂ ਦੇ ਨਜਾਇਜ਼ ਕਬਜ਼ੇ ਹੇਠ ਕਰੀਬ 10 ਏਕੜ ਜ਼ਮੀਨ ਤੋਂ ਇਲਾਵਾ ਅੱਜ ਸਰਪੰਚ ਗ੍ਰਾਮ ਪੰਚਾਇਤ ਵੱਲੋਂ ਪੰਚਾਇਤ ਵਿਭਾਗ ਦੇ ਅਫਸਰਾਂ ਨਾਲ ਮਿਲ ਕੇ ਪਿੰਡ ਤੋਂ ਬਾਹਰਲੇ ਧਨਾਢਾਂ ਨੂੰ 18 ਏਕੜ ਜ਼ਮੀਨ ਦੇਣ ਲਈ ਗੁਪਤ ਢੰਗ ਨਾਲ ਫਰਜ਼ੀ ਬੋਲੀ ਕੀਤੀ ਜਾ ਰਹੀ ਹੈ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਨਾ ਪਤਾ ਲੱਗਦਾ ਤਾਂ ਉਨ੍ਹਾਂ ਦਾ ਬਣਦਾ ਤੀਜਾ ਹਿੱਸਾ 6 ਏਕੜ ਜ਼ਮੀਨ ਸਮੇਤ ਸਾਰੀ ਜ਼ਮੀਨ ਬਾਹਰਲੇ ਧਨਾਢ ਲੋਕਾਂ ਨੇ ਲੈ ਜਾਣੀ ਸੀ। ਕਿਰਤੀਆਂ ਨਾਲ ਪ੍ਰਦਰਸ਼ਨ 'ਚ ਸ਼ਾਮਲ ਦਲਿਤ ਪੰਚਾਂ ਲਵੀਜਾ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਕੀਤੀ ਜਾ ਰਹੀ ਬੋਲੀ ਦਾ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਾ, ਕਿਸੇ ਨੇ ਵੀ ਸਾਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ। ਇਸੇ ਤਰ੍ਹਾਂ ਪੰਚ ਨਥੈਨੀਅਲ ਨੇ ਦੱਸਿਆ ਕਿ ਉਸਨੂੰ ਤਾਂ ਅੱਜ ਵੀ ਕਿਸੇ ਨੇ ਦੱਸਣ ਦੀ ਖੇਚਲ ਨਹੀਂ ਕੀਤੀ। ਹਾਜ਼ਰ ਕਿਰਤੀਆਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਪੰਚਾਇਤ ਜਾਂ ਪੰਚਾਇਤ ਵਿਭਾਗ ਨੇ ਪਿੰਡ 'ਚ ਬੋਲੀ ਹੋਣ ਬਾਰੇ ਕੋਈ ਕੰਧ ਇਸ਼ਤਿਹਾਰ ਨਹੀਂ ਲਗਾਇਆ ਅਤੇ 'ਨਾ ਖੜਕਾਇਆ ਪੀਪਾ, ਨਾ ਵਜਾਇਆ ਢੋਲ, ਜੇਕਰ ਉਹ ਨਾ ਕਰਦੇ ਪ੍ਰਦਰਸ਼ਨ ਤਾਂ ਜ਼ਮੀਨ ਹੋ ਜਾਣੀ ਸੀ ਗੋਲ'। ਇਸ ਮੌਕੇ ਹਾਜ਼ਰ ਪੇਂਡੂ ਮਜ਼ਦੂਰ ਆਗੂਆਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਬਦਨੀਤੀ ਕਾਰਨ ਦਲਿਤਾਂ ਨੂੰ ਪੰਚਾਇਤੀ ਜ਼ਮੀਨਾਂ 'ਚੋਂ ਬਣਦਾ ਕਾਨੂੰਨੀ ਤੀਜਾ ਹਿੱਸਾ ਪੇਂਡੂ ਧਨਾਢਾਂ, ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਗੱਠਜੋੜ ਦੇ ਦਬਾਅ ਹੇਠ ਪੰਚਾਇਤਾਂ ਦੇਣ ਲਈ ਤਿਆਰ ਨਹੀਂ, ਜੋ ਨਿੰਦਣਯੋਗ ਹੈ। ਉਨ੍ਹਾਂ ਸਮੇਤ ਦਲਿਤ ਕਿਰਤੀਆਂ ਮੰਗ ਕੀਤੀ ਕਿ ਪੰਚਾਇਤੀ ਜ਼ਮੀਨਾਂ ਦੀਆਂ ਫਰਜ਼ੀ ਬੋਲੀਆਂ 'ਤੇ ਮੁਕੰਮਲ ਰੋਕ ਲਾਈ ਜਾਵੇ, ਫਰਜ਼ੀ ਬੋਲੀਆਂ ਰੱਦ ਕੀਤੀਆਂ ਜਾਣ, ਪੰਚਾਇਤੀ ਜ਼ਮੀਨਾਂ 'ਚੋਂ ਦਲਿਤਾਂ ਨੂੰ ਤੀਜਾ ਹਿੱਸਾ ਜ਼ਮੀਨ ਪੱਕੇ ਤੌਰ 'ਤੇ ਘੱਟ ਰੇਟ 'ਤੇ ਦਿੱਤੀ ਜਾਵੇ ਤੇ ਬਾਕੀ ਜ਼ਮੀਨਾਂ ਛੋਟੇ ਕਿਸਾਨਾਂ ਲਈ ਰਾਖਵੀਆਂ ਕੀਤੀਆਂ ਜਾਣ ਅਤੇ ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ। ਹੋਰਨਾਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਆਗੂ ਕਾਲਾ ਦੁੱਗਰੀ, ਸਾਬਕਾ ਪੰਚ ਬੀਬੀ ਰਾਣੀ, ਬੱਗਾ ਸਿੰਘ, ਲਖਵੀਰ ਸਿੰਘ ਸਾਬਕਾ ਪੰਚ ਅਤੇ ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ ਆਦਿ ਨੇ ਸੰਬੋਧਨ ਕੀਤਾ।