ਭਾਰਤ ਮੰਗੋਲੀਆ ਨੂੰ 1 ਅਰਬ ਡਾਲਰ ਦਾ ਕਰਜ਼ਾ ਦੇਵੇਗਾ

ਭਾਰਤ ਨੇ ਮੰਗੋਲੀਆ ਦੀ ਆਰਥਕ ਸਮਰੱਥਾ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਇੱਕ ਅਰਬ ਡਾਲਰ ਦੀ ਕਰਜ਼ਾ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਦੇ ਆਪਣੇ ਸੰਬੰਧਾਂ ਨੂੰ ਰਣਨੀਤਕ ਗੱਠਜੋੜ ਦੇ ਪੱਧਰ ਦਾ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ।
ਮੰਗੋਲੀਆ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਅਹੁਦਾ ਚਿਮੇਦ ਸਾਇਖਾਨਬਿਲੇਗ ਨਾਲ ਵਿਆਪਕ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸ ਮਗਰੋਂ ਦੋਵਾਂ ਧਿਰਾਂ ਨੇ ਰੱਖਿਆ, ਸਾਈਬਰ ਸੁਰੱਖਿਆ, ਖੇਤੀਬਾੜੀ, ਨਵਿਆਉਣਯੋਗ ਊਰਜਾ, ਸਿਹਤ ਸਮੇਤ ਵੱਖ-ਵੱਖ ਖੇਤਰਾਂ 'ਚ 14 ਸਮਝੌਤਿਆਂ 'ਤੇ ਦਸਤਖਤ ਕੀਤੇ।
ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਮੰਗੋਲੀਆ ਨੂੰ ਭਾਰਤ ਦੀ ਐਕਟ ਈਸਟ ਨੀਤੀ ਦਾ ਅਹਿਮ ਹਿੱਸਾ ਦੱਸਦਿਆ ਕਿਹਾ ਕਿ ਦੋਵਾਂ ਦਾ ਭਵਿੱਖ ਏਸ਼ੀਆ ਪ੍ਰਸ਼ਾਂਤ ਦੇ ਭਵਿੱਖ ਨਾਲ ਕਾਫ਼ੀ ਨੇੜਿਉਂ ਜੁੜਿਆ ਹੋਇਆ ਹੈ।
ਮੋਦੀ ਨੇ ਕਿਹਾ ਕਿ ਅਸੀਂ ਇਸ ਖੇਤਰ 'ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ। ਇਹ ਸਾਡੇ ਸੰਬੰਧਾਂ ਨੂੰ ਹੋਰ ਡੂੰਘਾ ਬਣਾਉਣ ਲਈ ਸਾਡੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ ਅਤੇ ਅਸੀਂ ਗੱਠਜੋੜ ਨੂੰ ਰਣਨੀਤਕ ਗੱਠਜੋੜ 'ਚ ਬਦਲਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਮੰਗੋਲੀਆ ਦੌਰੇ 'ਤੇ ਆਉਣਾ ਉਨ੍ਹਾ ਲਈ ਮਾਣ ਦੀ ਗੱਲ ਹੈ ਅਤੇ ਮੈਂ ਅਜਿਹੇ ਸਮੇਂ ਇਥੇ ਆਇਆ ਹਾਂ, ਜਦੋਂ ਦੋ ਅਹਿਮ ਮੀਲ ਪੱਥਰ ਸਾਨੂੰ ਇੱਕ ਬਣਾ ਰਹੇ ਹਨ। ਪਹਿਲਾ ਮੰਗੋਲੀਆ 'ਚ ਲੋਕਤੰਤਰ ਦੇ 25 ਸਾਲ ਅਤੇ ਦੋਵਾਂ ਦੇਸ਼ਾਂ 'ਚ ਕੂਟਨੀਤਕ ਸੰਬੰਧਾਂ ਦੇ 60 ਸਾਲ ਪੂਰੇ ਹੋ ਰਹੇ ਹਨ।
ਇਸ ਮੌਕੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਾਡਾ ਅਧਿਆਤਮਕ ਗੁਆਂਢੀ ਹੈ ਅਤੇ ਮੰਗੋਲੀਆ ਦਾ ਤੀਜਾ ਗੁਆਂਢੀ ਹੈ। ਉਨ੍ਹਾ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਤੋਂ ਖੁਸ਼ ਹਾਂ, ਕਿਉਂਕਿ ਦੁਵੱਲੇ ਸੰਬੰਧਾਂ ਵਿਚਕਾਰ ਖੇਤਰੀ ਅਤੇ ਕੌਮਾਂਤਰੀ ਗੱਠਜੋੜ ਦੇ ਮੁੱਦੇ 'ਤੇ ਸਾਡੇ ਵਿਚਾਰ ਇਕੋ ਜਿਹੇ ਹਨ। ਉਨ੍ਹਾ ਕਿਹਾ ਕਿ ਹੁਣੇ-ਹੁਣੇ ਅਸੀਂ ਜਿਹੜੇ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ, ਉਨ੍ਹਾਂ ਤੋਂ ਸਾਡੇ ਸੰਬੰਧ ਦੀ ਡੂੰਘਾਈ ਬਾਰੇ ਪਤਾ ਚੱਲਦਾ ਹੈ। ਇਹਨਾਂ 'ਚ ਆਰਥਕ ਸੰਬੰਧ, ਵਿਕਾਸ ਲਈ ਗੱਠਜੋੜ, ਰੱਖਿਆ, ਸੁਰੱਖਿਆ ਅਤੇ ਲੋਕਾਂ ਵਿਚਕਾਰ ਸੰਬੰਧ ਸ਼ਾਮਲ ਹਨ।
ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਕੌਮੀ ਸੁਰੱਖਿਆ ਕੌਂਸਲਾਂ ਦੇ ਸਹਿਯੋਗ ਰਣਨੀਤਕ ਸਹਿਯੋਗ ਦਾ ਢਾਂਚਾ ਤਿਆਰ ਕਰਨਾ ਹੋਵੇਗਾ। ਉਨ੍ਹਾ ਕਿਹਾ ਕਿ ਭਾਰਤ ਰੱਖਿਆ ਅਤੇ ਸੁਰੱਖਿਆ ਅਦਾਰਿਆਂ 'ਚ ਸਾਈਬਰ ਸੁਰੱਖਿਆ ਕੇਂਦਰ ਸਥਾਪਤ ਕਰਨ 'ਚ ਭਾਰਤ ਦੀ ਸਹਾਇਤਾ ਕਰੇਗਾ। ਉਨ੍ਹਾ ਕਿਹਾ ਕਿ ਅਸੀਂ ਆਪਣੇ ਸੁਰੱਖਿਆ ਸਹਿਯੋਗ ਨੂੰ ਕਾਫ਼ੀ ਅਹਿਮੀਅਤ ਦਿੰਦੇ ਹਾਂ ਅਤੇ ਦੋਵੇਂ ਦੇਸ਼ ਇੱਕ-ਦੂਜੇ ਦੇ ਰੱਖਿਆ ਅਭਿਆਸ 'ਚ ਹਿੱਸਾ ਲੈਣਗੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਅੱਜ ਹੋਏ ਸਮਝੌਤਿਆਂ ਨਾਲ ਸੀਮਾ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਦੇ ਖੇਤਰ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਦੋਵਾਂ ਦੇਸ਼ਾਂ ਵਿਚਕਾਰ ਕਾਰੋਬਾਰ ਅਤੇ ਨਿਵੇਸ਼ ਦੇ ਸੰਬੰਧਾਂ ਨੂੰ ਘੱਟ ਦੱਸਦਿਆਂ ਮੋਦੀ ਨੇ ਕਿਹਾ ਕਿ ਅਸੀਂ ਆਪਣੇ ਆਰਥਿਕ ਗੱਠਜੋੜ ਨੂੰ ਨਵੀਆਂ ਉਚਾਈਆਂ 'ਤੇ ਲਿਜਾਵਾਂਗੇ। ਉਨ੍ਹਾ ਕਿਹਾ ਕਿ ਗ਼ੈਰ-ਪ੍ਰਮਾਣੂ ਫ਼ੌਜ ਖੇਤਰ, ਖਾਣਾ, ਸਿਹਤ ਸਹੂਲਤਾਂ, ਫਾਰਮਾਸਿਊਟੀਕਲਜ਼ ਅਤੇ ਡੇਅਰੀ ਦੇ ਖੇਤਰ 'ਚ ਕਾਫ਼ੀ ਸੰਭਾਵਨਾਵਾਂ ਹਨ ਅਤੇ ਸਾਨੂੰ ਆਪਣੇ ਆਰਥਿਕ ਸੰਬੰਧਾਂ 'ਚ ਵਿਸਥਾਰ ਲਈ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਦੀ ਸੰਭਾਵਨਾ ਦਾ ਐਲਾਨ ਵੀ ਕੀਤਾ।
ਉਨ੍ਹਾ ਕਿਹਾ ਕਿ ਅਸੀਂ ਆਪਣੇ ਕੌਮਾਂਤਰੀ ਸੰਬੰਧਾਂ ਨੂੰ ਬਹੁਤ ਅਹਿਮੀਅਤ ਦਿੰਦੇ ਹਾਂ, ਜਿਹੜੇ ਸਾਡੀ ਦੋਸਤੀ, ਸਾਂਝੀ ਅਧਿਆਤਮਕ ਵਿਰਾਸਤ ਅਤੇ ਜਮਹੂਰੀ ਕਦਰਾਂ-ਕੀਮਤਾਂ 'ਤੇ ਅਧਾਰਤ ਹਨ ਅਤੇ ਇਹ ਖੇਤਰ 'ਚ ਸਾਡੇ ਸਹਿਯੋਗ ਲਈ ਠੋਸ ਅਧਾਰ ਮੁਹੱਈਆ ਕਰਵਾਉਂਦੇ ਹਨ। ਉਨ੍ਹਾ ਸੁਰੱਖਿਆ ਕੌਂਸਲ ਦੀ ਪੱਕੀ ਮੈਂਬਰੀ ਲਈ ਭਾਰਤ ਦੀ ਹਮਾਇਤ ਕਰਨ 'ਤੇ ਮੰਗੋਲੀਆ ਦਾ ਧੰਨਵਾਦ ਕੀਤਾ।
ਮੋਦੀ ਨੇ ਕਿਹਾ ਕਿ ਬੋਧ ਧਰਮ ਅਤੇ ਲੋਕਤੰਤਰ ਦੇ ਰੂਪ 'ਚ ਸਾਡੇ ਮੰਗੋਲੀਆ ਨਾਲ ਮਜ਼ਬੂਤ ਸੰਬੰਧ ਹਨ। ਉਨ੍ਹਾ ਕਿਹਾ ਕਿ ਮੰਗੋਲੀਆ ਨਾਲ ਖਣਿਜ ਖੇਤਰ 'ਚ ਸਹਿਯੋਗ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਜ਼ਿਕਰਯੋਗ ਹੈ ਕਿ ਮੰਗੋਲੀਆ ਕੋਲਾ, ਤਾਂਬੇ ਤੇ ਯੂਰੇਨੀਅਮ ਦੀ ਬਹੁਤਾਤ ਵਾਲਾ ਦੇਸ਼ ਹੈ।