Latest News
ਅੱਛੇ ਦਿਨ? ਫ਼ਸਲਾਂ ਤਬਾਹ, ਕਿਸਾਨ ਬੱਚੇ ਵੇਚਣ ਲਈ ਮਜਬੂਰ
ਹੁਣ ਤੱਕ ਸੋਕਾਗ੍ਰਸਤ ਇਲਾਕਿਆਂ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਸੁਣਿਆ ਸੀ। ਹੁਣ ਬੇਮੌਸਮੀ ਮੀਂਹ ਦੀ ਮਾਰ ਝੱਲ ਰਹੇ ਕਿਸਾਨਾਂ ਨਾਲ ਜੁੜਿਆ ਹਿਰਦੇ ਨੂੰ ਵਲੂੰਦਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫ਼ਸਲ ਤਬਾਹੀ ਦੀ ਮਾਰ ਝਲ ਰਹੇ ਮੱਧ ਪ੍ਰਦੇਸ਼ ਦੇ ਕਿਸਾਨ ਦਿਨ ਕੱਟਣ ਲਈ ਆਪਣੇ ਬੱਚਿਆਂ ਨੂੰ ਵੇਚ ਰਹੇ ਹਨ।
ਇੱਕ ਰਿਪੋਰਟ 'ਚ ਬੇਮੌਸਮੀ ਮੀਂਹ ਨਾਲ ਤਬਾਹ ਹੋਈਆਂ ਫ਼ਸਲਾਂ ਕਾਰਨ ਕੁਝ ਕਿਸਾਨਾਂ ਦੀ ਦਰਦਨਾਕ ਹਾਲਤ ਬਿਆਨੀ ਗਈ ਹੈ। ਮੱਧ ਪ੍ਰਦੇਸ਼ ਦੇ ਮੋਹਨਪੁਰਾ ਪਿੰਡ ਦੇ ਕਿਸਾਨ ਲਾਲ ਸਿੰਘ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬ ਗਿਆ ਹੈ। ਇਸ ਤਬਾਹੀ ਕਾਰਨ ਲਾਲ ਗਹਿਰੇ ਸਦਮੇ 'ਚ ਹੈ। ਨਿਰਾਸ਼ਾ 'ਚ ਘਿਰੇ ਲਾਲ ਸਿੰਘ ਪਰਵਾਰ ਲਈ ਚੁੱਲ੍ਹਾ ਚੱਲਦਾ ਰੱਖਣਾ ਲਈ ਇਕੋ ਹੀ ਚਾਰਾ ਨਜ਼ਰ ਆ ਰਿਹਾ ਸੀ। ਉਨ੍ਹਾ ਨੇ ਆਪਣੇ 2 ਬੇਟਿਆਂ ਨੂੰ ਇੱਕ ਸਾਲ ਲਈ ਵੇਚ ਦਿੱਤਾ।
ਮੋਹਨਪੁਰ 'ਚ ਇੰਟਰਵਿਊ ਦੌਰਾਨ ਲਾਲ ਸਿੰਘ ਨੇ ਦਸਿਆ ਕਿ ਉਹ ਕਰਜ਼ਾ ਮੋੜਣ ਦੀ ਸਥਿਤੀ 'ਚ ਨਹੀਂ ਹੈ। ਜ਼ਿੰਦਗੀ ਨੂੰ ਚਲਦਾ ਰੱਖਣ ਅਤੇ ਨਵੀਂ ਫ਼ਸਲ ਬੀਜਣ ਲਈ ਉਸ ਨੂੰ ਪੈਸਿਆਂ ਦੀ ਬੇਹੱਦ ਲੋੜ ਸੀ। ਉਸ ਨੇ ਦਸਿਆ ਕਿ ਉਸ ਨੂੰ ਪਤਾ ਸੀ ਕਿ ਬੱਚਿਆਂ ਨੂੰ ਵੇਚਣਾ ਗ਼ੈਰ-ਕਾਨੂੰਨੀ ਹੈ ਅਤੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਵੇਗਾ। ਫ਼ਸਲਾਂ ਦੀ ਤਬਾਹੀ ਕਾਰਨ ਮੱਧ ਪ੍ਰਦੇਸ਼ ਦੇ ਲੋਕਾਂ ਉੱਪਰ ਵਿੱਤੀ ਦਬਾਅ ਵਧਿਆ ਹੈ, ਜਿਸ ਕਾਰਨ ਉਹ ਖੁਦਕੁਸ਼ੀਆਂ ਕਰਨ ਅਤੇ ਬੱਚਿਆਂ ਨੂੰ ਵੇਚਣ ਲਈ ਮਜਬੂਰ ਹਨ।
ਹਰਦਾ ਜ਼ਿਲ੍ਹਾ ਦੇ ਜ਼ਿਲ੍ਹਾ ਕੁਲੈਕਟਰ ਰਜਨੀਸ਼ ਸ੍ਰੀਵਾਸਤਵ ਨੇ ਦਸਿਆ ਕਿ ਪ੍ਰਸ਼ਾਸਨ ਨੇ ਖਰਗੋਨ ਅਤੇ ਹਰਦਾ ਜ਼ਿਲ੍ਹਿਆਂ 'ਚ ਰਹਿਣ ਵਾਲੇ 5 ਬੱਚਿਆਂ ਨੂੰ ਜਬਰਨ ਮਜ਼ਦੂਰੀ ਤੋਂ ਬਚਾਇਆ ਹੈ। ਉਨ੍ਹਾ ਦਸਿਆ ਕਿ ਇਸ ਤਰ੍ਹਾਂ ਦੇ ਹੋਰ ਮਾਮਲੇ ਵੀ ਹੋ ਸਕਦੇ ਹਨ। ਉਨ੍ਹਾ ਦੱਸਿਆ ਕਿ ਕਿਸਾਨ ਆਪਣੇ ਬੱਚਿਆਂ ਨੂੰ ਵੇਚ ਰਹੇ ਹਨ ਅਤੇ ਇਹ ਚਿੰਤਾ ਦੀ ਗੱਲ ਹੈ। ਸ੍ਰੀਵਾਸਤਵ ਨੇ ਦੱਸਿਆ ਕਿ ਜਿਹੜੇ 5 ਬੱਚਿਆਂ ਨੂੰ ਬਚਾਇਆ ਗਿਆ ਹੈ, ਉਨ੍ਹਾ 'ਚ ਲਾਲ ਸਿੰਘ ਦੇ ਵੀ ਦੋ ਬੱਚੇ ਸ਼ਾਮਲ ਹਨ। ਦੇਸ਼ ਅੰਦਰ ਮੌਸਮ ਦੀ ਖਰਾਬੀ ਕਾਰਨ ਫ਼ਸਲਾਂ ਨੂੰ ਨੁਕਸਾਨ ਪਹੁੰਚਣ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਕਿਸਾਨਾਂ 'ਚ ਖੁਦਕੁਸ਼ੀਆਂ ਦੀ ਦਰ ਖ਼ਤਰਨਾਕ ਰੂਪ ਨਾਲ ਵੱਧ ਰਹੀ ਹੈ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਇਸ ਸਾਲ ਬਾਰਸ਼ਾਂ ਨਾਲ ਸਭ ਤੋਂ ਵੱਧ ਮੱਧ ਪ੍ਰਦੇਸ਼ ਦੇ ਕਿਸਾਨ ਪ੍ਰਭਾਵਤ ਹੋਏ ਹਨ। ਮੱਧ ਪ੍ਰਦੇਸ਼ 'ਚ ਮੀਂਹ ਕਾਰਨ 5 ਲੱਖ 70 ਹਜ਼ਾਰ ਹੈਕਟੇਅਰ ਫ਼ਸਲ ਤਬਾਹ ਹੋਈ ਹੈ, ਜਿਸ ਕਾਰਨ ਫ਼ਰਵਰੀ ਤੋਂ ਮਈ ਤੱਕ ਸੂਬੇ 'ਚ 40 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਦੇਸ਼ 'ਚ ਸੁਰੱਖਿਆ ਦਾ ਅਧਿਕਾਰ ਦਿਵਾਉਣ ਲਈ ਕੰਮ ਕਰ ਰਹੀ ਸੰਸਥਾ ਰਾਈਟ ਟੂ ਫੂਡ ਕੰਪੇਨ ਦੇ ਇੱਕ ਕਾਰਕੁਨ ਸਚਿਨ ਜੈਨ ਨੇ ਕਿਹਾ ਹੈ ਕਿ ਦੇਸ਼ ਦੇ ਦੂਜੇ ਸੂਬਿਆਂ 'ਚ ਵੀ ਸਥਿਤੀ ਬੇਹਤਰ ਨਹੀਂ ਹੈ, ਜਿਨ੍ਹਾਂ 'ਚ ਮਹਾਂਰਾਸ਼ਟਰ, ਰਾਜਸਥਾਨ ਅਤੇ ਪੰਜਾਬ ਵੀ ਸ਼ਾਮਲ ਹੈ।
ਮੱਧ ਪ੍ਰਦੇਸ਼ ਦੇ ਖੇਤਰੀ ਮੰਤਰੀ ਗੌਰੀ ਸ਼ੰਕਰ ਬਿਸੇਨ ਨੇ ਕਿਹਾ ਹੈ ਕਿ ਸਥਿਤੀ ਬਹੁਤ ਹੀ ਗੰਭੀਰ ਹੈ। ਉਨ੍ਹਾ ਦਸਿਆ ਕਿ ਜ਼ਿਲ੍ਹਾ ਕੁਲੈਕਟਰਾਂ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਪਹੁੰਚਾਇਆ ਜਾਵੇ। ਜੈਨ ਨੇ ਦਸਿਆ ਹੈ ਕਿ ਰਾਹਤ ਪੈਕੇਜ ਵੰਡਣ 'ਚ ਦੇਰੀ ਹੋ ਰਹੀ ਹੈ । ਜੈਨ ਨੇ ਦਸਿਆ ਕਿ ਕੁਝ ਖੇਤਰਾਂ 'ਚ ਭ੍ਰਿਸ਼ਟਾਚਾਰ ਕਾਰਨ ਕਿਸਾਨਾਂ ਨੂੰ ਬਹੁਤ ਘੱਟ ਆਰਥਿਕ ਮੱਦਦ ਮਿਲ ਰਹੀ ਹੈ। ਉਨ੍ਹਾ ਦਸਿਆ ਕਿ ਜਦੋਂ ਬੈਂਕਾਂ ਕਿਸਾਨਾਂ ਨੂੰ ਕਰਜ਼ਾ ਨਹੀਂ ਦਿੰਦੀਆਂ ਤਾਂ ਉਹ ਸੂਦਖੋਰਾਂ ਤੋਂ ਉੱਚ ਵਿਆਜ ਦਰਾਂ 'ਤੇ ਕਰਜ਼ਾ ਲੈਣ ਲਈ ਮਜਬੂਰ ਹੁੰਦੇ ਹਨ।

1282 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper