ਆਈ ਐੱਸ ਦਾ ਦਾਅਵਾ; ਇੱਕ ਸਾਲ ਅੰਦਰ ਪਾਕਿ ਤੋਂ ਖ਼ਰੀਦਾਂਗੇ ਪ੍ਰਮਾਣੂ ਬੰਬ

ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈ ਐੱਸ) ਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਤੋਂ ਪ੍ਰਮਾਣੂ ਬੰਬ ਖ਼ਰੀਦਣ ਅਤੇ ਉਸ ਨੂੰ ਅਮਰੀਕਾ 'ਚ ਲਿਜਾਣ ਦੇ ਬਿਲਕੁਲ ਕਰੀਬ ਹੈ। ਆਈ ਐੱਸ ਦੇ ਰਸਾਲੇ 'ਦਾਬਿਕ' 'ਚ ਬੰਧਕ ਬਣਾਏ ਗਏ ਬਰਤਾਨਵੀ ਨਾਗਰਿਕ ਜਾਨ ਕੈਟਾਲੀ ਨੇ ਇੱਕ ਲੇਖ ਲਿਖਿਆ ਹੈ ਕਿ ਆਈ ਐੱਸ ਇਕ ਸਾਲ ਦੇ ਅੰਦਰ-ਅੰਦਰ ਪਾਕਿਸਤਾਨ ਤੋਂ ਬੰਬ ਖ਼ਰੀਦਣ ਅਤੇ ਇਸ ਨੂੰ ਅਮਰੀਕਾ ਲਿਜਾਣ ਦੇ ਸਮਰੱਥ ਹੈ। ਕੈਟਾਲੀ ਫੋਟੋ ਜਰਨਲਿਸਟ ਹੈ, ਜਿਨ੍ਹਾ ਨੂੰ ਦੋ ਸਾਲ ਪਹਿਲਾਂ ਆਈ ਐੱਸ ਨੇ ਬੰਧਕ ਬਣਾ ਲਿਆ ਸੀ ਅਤੇ ਉਦੋਂ ਤੋਂ ਹੀ ਉਹ ਆਈ ਐੱਸ ਦੇ ਕਈ ਪ੍ਰਚਾਰਕ ਵੀਡੀਓ 'ਚ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਕਈ ਲੇਖ ਲਿਖੇ ਹਨ। 'ਦਾ ਪ੍ਰਫੈਕਟ ਸਟੋਰਮ' ਨਾਮੀ ਲੇਖ 'ਚ ਆਈ ਐੱਸ ਨੇ ਦਾਅਵਾ ਕੀਤਾ ਕਿ ਉਸ ਦੇ ਖਾਤੇ 'ਚ ਅਰਬਾਂ ਡਾਲਰ ਜਮ੍ਹਾਂ ਹਨ, ਜਿਸ ਨਾਲ ਉਹ ਹਥਿਆਰ ਡੀਲਰਾਂ ਤੋਂ ਪ੍ਰਮਾਣੂ ਬੰਬ ਖ਼ਰੀਦਣ ਦੀ ਤਿਆਰੀ 'ਚ ਹੈ ਅਤੇ ਪਾਕਿਸਤਾਨ ਦੇ ਭ੍ਰਿਸ਼ਟ ਅਧਿਕਾਰੀ ਉਨ੍ਹਾਂ ਦੇ ਸੰਪਰਕ ਹਨ। ਲੇਖ 'ਚ ਇਹ ਵੀ ਲਿਖਿਆ ਗਿਆ ਹੈ ਕਿ ਕਿਸ ਤਰ੍ਹਾਂ ਕਿਸ਼ਤੀ ਅਤੇ ਜ਼ਮੀਨੀ ਰਸਤੇ ਇਹਨਾਂ ਪ੍ਰਮਾਣੂ ਬੰਬਾਂ ਨੂੰ ਅਮਰੀਕਾ 'ਚ ਸਮੱਗਲ ਕੀਤਾ ਜਾ ਸਕਦਾ ਹੈ। ਲੇਖ ਮੁਤਾਬਕ ਆਈ ਐੱਸ ਨੇ ਕਦੇ ਵੀ ਇਸ ਗੱਲ ਦਾ ਕਦੇ ਰਾਜ਼ ਨਹੀਂ ਰੱਖਿਆ ਹੈ ਕਿ ਉਹ ਅਮਰੀਕਾ 'ਚ ਦਾਖਲ ਹੋ ਕੇ ਹਮਲਾ ਕਰਨ ਦੀ ਮਨਸ਼ਾ ਰੱਖਦਾ ਹੈ। ਆਈ ਐੱਸ ਇਸ ਵਾਰੀ ਕੋਈ ਵੱਡਾ ਹਮਲਾ ਕਰਨ ਦੀ ਤਾਕ 'ਚ ਹੈ। ਲੇਖ 'ਚ ਚੇਤਾਵਨੀ ਦਿੱਤੀ ਗਈ ਹੈ ਕਿ ਆਈ ਐੱਸ ਦਾ ਖੇਤਰ ਜੰਗਲ ਦੀ ਅੱਗ ਵਾਂਗ ਫੈਲਦਾ ਜਾ ਰਿਹਾ ਹੈ, ਜਿਸ ਉੱਪਰ ਕੋਈ ਵੀ ਕਾਬੂ ਨਹੀਂ ਪਾ ਸਕਦਾ ਅਤੇ ਕੁਝ ਹੀ ਸਮੇਂ 'ਚ ਆਈ ਐੱਸ ਪੱਛਮੀ ਦੇਸ਼ਾਂ ਤੱਕ ਵੀ ਪਹੁੰਚ ਜਾਵੇਗਾ।
ਉਧਰ ਬਕਿੰਘਮ ਯੂਨੀਵਰਸਿਟੀ ਦੇ ਸਂੈਟਰ ਫਾਰ ਸਕਿਉਰਟੀ ਐਂਡ ਇੰਟੈਲੀਜੈਂਸ ਸਟੱਡੀਜ਼ ਦੇ ਡਾਇਰੈਕਟਰ ਐਂਥਨੀ ਗਲੀਸ ਨੇ ਦਸਿਆ ਕਿ ਜੇ ਆਈ ਐੱਸ ਪਾਕਿਸਤਾਨ ਤੋਂ ਪ੍ਰਮਾਣੂ ਹਥਿਆਰ ਖ਼ਰੀਦਣਾ ਹੈ ਤਾਂ ਇਹ ਨਾ ਕੇਵਲ ਉਸ ਲਈ ਹੀ ਨਹੀਂ, ਆਈ ਐੱਸ ਲਈ ਵੀ ਆਤਮਘਾਤੀ ਹੋਵੇਗਾ। ਗਲੀਸ ਨੇ ਕਿਹਾ ਕਿ ਉਨ੍ਹਾ ਨੂੰ ਨਹੀਂ ਲੱਗਦਾ ਕਿ ਅਜਿਹਾ ਸੰਭਵ ਹੈ ਕਿ ਆਈ ਐੱਸ ਪ੍ਰਮਾਣੂ ਹਥਿਆਰ ਖ਼ਰੀਦ ਸਕੇ। ਉਨ੍ਹਾ ਕਿਹਾ ਕਿ ਇਹ ਚੇਤਾਵਨੀ ਕੇਵਲ ਪੱਛਮੀ ਮੁਲਕਾਂ ਨੂੰ ਡਰਾਉਣ ਅਤੇ ਪਾਕਿਸਤਾਨ ਦਾ ਅਪਮਾਨ ਕਰਨ ਲਈ ਦਿੱਤੀ ਗਈ ਹੈ।