ਰੇਲ ਹਾਦਸਾ; ਗੱਡੀ ਦੇ 5 ਡੱਬੇ ਪੁਲ ਨਾਲ ਲਟਕੇ

ਅਸਾਮ ਦੇ ਕੋਕਰਾਝਾਰ ਜ਼ਿਲ੍ਹੇ 'ਚ ਸ਼ਨੀਵਾਰ ਤੜਕੇ ਪੁਲ ਟੁੱਟਣ ਕਾਰਨ ਸਿੰਗੁਫ ਐੱਕਸਪ੍ਰੈਸ ਦੇ ਪੰਜ ਡੱਬੇ ਪਟੜੀ ਤੋਂ ਉੱਤਰ ਗਏ ਅਤੇ ਪੁਲ ਨਾਲ ਲਟਕ ਗਏ। ਜੇਕਰ ਇਹ ਡੱਬੇ ਨਦੀ ਵਿੱਚ ਡਿੱਗ ਜਾਂਦੇ ਤਾਂ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ। ਇਸ ਹਾਦਸੇ 'ਚ ਗੱਡੀ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਦੋਂ ਕਿ 10 ਹੋਰ ਸਵਾਰੀਆਂ ਦੇ ਸੱਟਾਂ ਲੱਗੀਆ ਹਨ। ਡਰਾਈਵਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਮੁਸਾਫ਼ਰਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਹੈ। ਇਹ ਗੱਡੀ ਕੋਕਰਾਝਾਰ ਦੇ ਸਾਲਾਕੋਟੀ ਅਤੇ ਬਾਸੂਗਾਓ ਸਟੇਸ਼ਨਾਂ ਵਿਚਾਲੇ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਗੱਡੀ ਅਲੀਪੁਰ ਦੁਆਰ ਅਤੇ ਅਸਾਮ ਦੀ ਰਾਜਧਾਨੀ ਗੁਹਾਟੀ ਦੇ ਵਿਚਾਲੇ ਚਲਦੀ ਹੈ। ਰੇਲਵੇ ਦੇ ਲੋਕ ਸੰਪਰਕ ਅਫ਼ਸਰ ਭੱਟਾਚਾਰੀਆ ਨੇ ਦੱਸਿਆ ਹੈ ਕਿ ਪੁਲ ਤੋਂ ਪਿੱਛੇ ਹੀ ਰੋਕਾਂ ਲਾਈਆਂ ਗਈਆਂ ਸਨ, ਜਿਨ੍ਹਾਂ ਨੂੰ ਡਰਾਈਵਰ ਦੇਖ ਨਹੀਂ ਸਕਿਆ। ਉਨ੍ਹਾ ਦੱਸਿਆ ਕਿ ਗੱਡੀ ਦੀ ਰਫ਼ਤਾਰ ਮੱਠੀ ਹੋਣ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ।