ਬਾਰ੍ਹਵੀਂ ਦੀ ਪ੍ਰੀਖਿਆ 'ਚੋਂ ਲੜਕੀਆਂ ਨੇ ਬਾਜ਼ੀ ਮਾਰੀ

ਸੀ ਬੀ ਐੱਸ ਈ ਵੱਲੋਂ ਅੱਜ ਐਲਾਨੇ ਗਏ ਬਾਹਰਵੀਂ ਦੇ ਨਤੀਜਿਆਂ 'ਚ ਦਿੱਲੀ 'ਚ ਸਾਕੇਤ ਦੀ ਰਹਿਣ ਵਾਲੀ ਐੱਮ ਗਾਇਤਰੀ ਨੇ 99.2 ਫ਼ੀਸਦੀ ਨੰਬਰ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਗਾਇਤਰੀ ਨੇ 500 'ਚੋਂ 496 ਨੰਬਰ ਪ੍ਰਾਪਤ ਕੀਤੇ। 12ਵੀਂ ਦੀ ਪ੍ਰੀਖਿਆ 'ਚ ਇਸ ਸਾਲ ਪਾਸ ਫ਼ੀਸਦੀ 82 ਫੀਸਦੀ ਰਹੀ, ਜਦਕਿ ਸਾਲ 2014 'ਚ 82.70 ਫ਼ੀਸਦੀ ਵਿਦਿਆਰਥੀ ਪਾਸ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾ ਟਵੀਟ ਕਰਕੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਵੀ ਕੀਤੀ। ਅੱਜ ਐਲਾਨੇ ਗਏ ਨਤੀਜਿਆਂ ਅਨੁਸਾਰ ਇਸ ਪ੍ਰੀਖਿਆ 'ਚ 87.56 ਫ਼ੀਸਦੀ ਕੁੜੀਆਂ ਅਤੇ 77.77 ਫ਼ੀਸਦੀ ਮੁੰਡੇ ਪਾਸ ਹੋਏ। ਥਿਰੂਵਨੰਥਾਪੁਰਮ ਖੇਤਰ ਦਾ ਨਤੀਜਾ ਸਭ ਤੋਂ ਵਧੀਆ ਰਿਹਾ, ਜਿੱਥੇ 95.4 ਫ਼ੀਸਦੀ ਵਿਦਿਆਰਥੀ ਪਾਸ ਹੋਏ, ਜਦਕਿ ਗੁਹਾਟੀ ਖੇਤਰ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਰਹੀ ਅਤੇ ਇਸ ਖੇਤਰ 'ਚ 71.46 ਫ਼ੀਸਦੀ ਕੁੜੀਆਂ ਅਤੇ 67.34 ਫ਼ੀਸਦੀ ਮੁੰਡੇ ਹੀ ਪਾਸ ਹੋਏ।
ਜ਼ਿਕਰਯੋਗ ਹੈ ਕਿ ਇਸ ਸਾਲ ਤਕਰੀਬਨ 10 ਲੱਖ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਹੈ, ਜਿਨ੍ਹਾਂ ਚੋਂ 603064 ਲੜਕੇ ਅਤੇ 446810 ਲੜਕੀਆਂ ਸ਼ਾਮਲ ਹਨ। ਪਿਛਲੀ ਵਾਰ ਦੇ ਮੁਕਾਬਲੇ ਇਸ ਸਾਲ 9.32 ਫ਼ੀਸਦੀ ਵਿਦਿਆਰਥੀ ਵਧੇ।