Latest News
ਗਊ ਮਾਸ ਦੇ ਮੁੱਦੇ 'ਤੇ ਕਿਰੇਨ ਰਿਜੀਜੂ-ਨਕਵੀ ਭਿੜੈਂ ਗਊ ਮਾਸ ਖਾਂਦਾ ਹਾਂ, ਮੈਨੂੰ ਕੋਈ ਅਜਿਹਾ ਕਰਨ ਤੋਂ ਰੋਕ ਸਕਦੈ?
ਗਊ ਮਾਸ ਖਾਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ਵਿੱਚ ਖਾਣ ਪੀਣ ਦੀਆਂ ਆਦਤਾਂ 'ਤੇ ਰੋਕ ਨਹੀਂ ਲਾਈ ਜਾ ਸਕਦੀ। ਰਿਜੀਜੂ ਨੇ ਕਿਹਾ ਕਿ ਹਿੰਦੂ ਬਹੁ-ਗਿਣਤੀ ਵਾਲੇ ਸੂਬਿਆਂ ਦੇ ਨਾਲ ਹੀ ਈਸਾਈ ਅਤੇ ਮੁਸਲਿਮ ਬਹੁ-ਗਿਣਤੀ ਵਾਲੇ ਸੂਬਿਆਂ 'ਚ ਬਹੁ-ਗਿਣਤੀ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਰਿਜੀਜੂ ਨੇ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਰੋਕਿਆ ਨਹੀਂ ਜਾ ਸਕਦਾ। ਵਰਨਣਯੋਗ ਹੈ ਕਿ ਨਕਵੀ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਗਊ ਮਾਸ ਖਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।
ਉਨ੍ਹਾ ਗਊ ਮਾਸ (ਬੀਫ) 'ਤੇ ਕੇਂਦਰੀ ਰਾਜ ਮੰਤਰੀ ਮੁਖਤਾਰ ਅਬਾਸ ਨਕਵੀ ਦੀ 'ਨਾਗਵਾਰ ਸਲਾਹ' 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਮੈਂ ਅਰੁਣਾਚਲ ਪ੍ਰਦੇਸ਼ ਤੋਂ ਹਾਂ ਤੇ ਮੈਂ ਬੀਫ (ਗਊ ਮਾਸ) ਖਾਂਦਾ ਹਾਂ। ਕੀ ਮੈਨੂੰ ਅਜਿਹਾ ਕਰਨ ਤੋਂ ਕੋਈ ਰੋਕ ਸਕਦਾ ਹੈ? ਕੇਂਦਰੀ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਏਜਲ ਦੀ ਦੋ ਦਿਨਾਂ ਯਾਤਰਾ 'ਤੇ ਆਏ ਰਿਜਿਜੂ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਵੈਸੇ ਜਿਹੜੇ ਰਾਜ 'ਚ ਹਿੰਦੂ ਬਹੁਗਿਣਤੀ 'ਚ ਹਨ, ਉੱਥੇ ਗਊ ਹੱਤਿਆ 'ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾ ਸਕਦੇ ਹਨ, ਪਰ ਪੂਰਬੀ ਸੂਬਿਆਂ 'ਤੇ ਇਸ ਕਾਨੂੰਨ ਨੂੰ ਨਹੀਂ ਥੋਪਿਆ ਜਾ ਸਕਦਾ, ਇੱਥੇ ਬਹੁਗਿਣਤੀ ਲੋਕ ਗਊ ਮਾਸ ਖਾਂਦੇ ਹਨ, ਮੈਂ ਵੀ ਖਾਂਦਾ ਹਾਂ। ਉਨ੍ਹਾ ਕਿਹਾ ਕਿ ਸਾਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਦੇਸ਼ 'ਚ ਸਾਰੇ ਲੋਕਾਂ ਦੇ ਸੱਭਿਆਚਾਰਕ, ਰਵਾਇਤਾਂ, ਆਦਤਾਂ ਅਤੇ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਇਸ ਮੁੱਦੇ ਨੂੰ ਲੈ ਕੇ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਲੋੜ ਨਹੀਂ ਹੈ। ਸਾਡਾ ਦੇਸ਼ ਲੋਕਤਾਂਤਰਿਕ ਹੈ, ਕਦੀ-ਕਦੀ ਕੁਝ ਲੋਕ ਅਜਿਹੇ ਬਿਆਨ ਦਿੰਦੇ ਹਨ, ਜੋ ਮਨਜ਼ੂਰ ਨਹੀਂ।
ਉਨ੍ਹਾ ਕਿਹਾ ਕਿ ਭਾਰਤੀ ਸੰਵਿਧਾਨ ਹਰ ਕਿਸੇ ਨੂੰ ਆਪਣੀ ਪਸੰਦ ਦੀ ਆਸਥਾ ਦਾ ਪਾਲਣ ਕਰਨ ਦੀ ਅਜ਼ਾਦੀ ਦਿੰਦਾ ਹੈ ਅਤੇ ਇਸ 'ਤੇ ਕੋਈ ਵੀ ਰੋਕ ਨਹੀਂ ਹੀ ਚਾਹੀਦੀ। ਉਨ੍ਹਾ ਕਿਹਾ ਕਿ ਜੇ ਕੋਈ ਮਿਜ਼ੋ ਈਸਾਈ ਕਹਿੰਦਾ ਹੈ ਕਿ ਇਹ ਜੀਸਸ ਦੀ ਧਰਤੀ ਹੈ ਤਾਂ ਪੰਜਾਬ ਅਤੇ ਹਰਿਆਣਾ 'ਚ ਕਿਸੇ ਨੂੰ ਦਿੱਕਤ ਕਿਉਂ ਹੁੰਦੀ ਹੈ। ਸਾਨੂੰ ਹਰ ਥਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਰਿਜੀਜੂ ਨੇ ਕਿਹਾ ਕਿ ਮਹਾਰਾਸ਼ਟਰ ਹਿੰਦੂ ਬਹੁ-ਗਿਣਤੀ ਵਾਲਾ ਸੂਬਾ ਹੈ, ਗੁਜਰਾਤ ਵੀ ਹੈ, ਮੱਧ ਪ੍ਰਦੇਸ਼ ਵੀ ਹੈ। ਜੇ ਉਹ ਅਜਿਹੇ ਕਾਨੂੰਨ ਬਣਾਉਂਦੇ ਹਨ, ਜਿਹੜੇ ਹਿੰਦੂ ਸਮਾਜ ਦੇ ਹਿੱਤ ਵਿੱਚ ਹਨ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦਿੱਤਾ ਜਾਣਾ ਚਾਹੀਦਾ ਹੈ, ਪਰ ਸਾਡੀ ਜਗ੍ਹਾ 'ਤੇ ਅਸੀਂ ਬਹੁ-ਗਿਣਤੀ ਵਿੱਚ ਹਾਂ, ਸਾਡੀਆਂ ਮਾਨਤਾਵਾਂ ਦੇ ਹਿੱਤ ਵਾਲੇ ਕਾਨੂੰਨ ਹੀ ਬਣਨੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਸਾਨੂੰ ਉਨ੍ਹਾ ਦੇ ਜਿਊਣ ਦੇ ਢੰਗ-ਤਰੀਕੇ ਤੋਂ ਦਿੱਕਤ ਨਹੀਂ ਹੈ ਅਤੇ ਉਨ੍ਹਾਂ ਨੂੰ ਸਾਡੇ ਤਰੀਕੇ ਤੋਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਜੇ ਕੋਈ ਅਜਿਹਾ ਬਿਆਨ ਦਿੰਦਾ ਹੈ ਜਿਹੜਾ ਤੁਹਾਡੀਆਂ ਮਾਨਤਾਵਾਂ ਉੱਪਰ ਠੋਸਿਆ ਹੋਇਆ ਲੱਗਾ ਤਾਂ ਇਹ ਚੰਗਾ ਨਹੀਂ ਹੋਵੇਗਾ। ਇਸੇ ਦੌਰਾਨ ਬੀਫ ਖਾਣ ਦੇ ਮੁੱਦੇ 'ਤੇ ਹੁਣ ਭਾਜਪਾ ਸਾਂਸਦ ਯੋਗੀ ਅੱਦਿਤਿਆ ਨਾਥ ਨੇ ਕਿਹਾ ਹੈ ਕਿ ਗਊ ਮਾਸ ਦੇਸ਼ ਦੇ ਬਹੁ-ਗਿਣਤੀ ਦੀ ਆਸਥਾ ਨਾਲ ਜੁੜਿਆ ਹੋਇਆ ਮੁੱਦਾ ਹੈ। ਲੋਕਤੰਤਰ 'ਚ ਜਨ ਭਾਵਨਾ ਸਭ ਤੋਂ ਉੱਪਰ ਹੈ ਅਤੇ ਇਸ ਦਾ ਸਨਮਾਨ ਹੋਣਾ ਚਾਹੀਦਾ ਹੈ। ਗਊ ਮਾਸ ਦੀ ਦਰਾਮਦ-ਬਰਾਮਦ 'ਤੇ ਪਾਬੰਦੀ ਦੇ ਅਸੀਂ ਹੱਕ 'ਚ ਹਾਂ। ਜਦ ਯੋਗੀ ਕੋਲੋਂ ਪੁੱਛਿਆ ਗਿਆ ਕਿ ਕੀ ਮੰਤਰੀਆਂ ਨੂੰ ਇਸ ਬਾਰੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਤਾਂ ਉਨ੍ਹਾ ਕਿਹਾ ਕਿ ਮੰਤਰੀ ਹੋਵੇ ਭਾਵੇਂ ਸੰਤਰੀ, ਜਨ ਭਾਵਨਾਵਾਂ ਵਿਰੁੱਧ ਆਚਰਨ ਕਿਸੇ ਨੂੰ ਨਹੀਂ ਕਰਨਾ ਚਾਹੀਦਾ। ਉਧਰ ਜੇ ਡੀ ਯੂ ਦੇ ਨੇਤਾ ਕੇ ਸੀ ਤਿਆਗੀ ਨੇ ਕਿਹਾ ਹੈ ਕਿ ਹੁਣ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨੂੰ ਪਾਕਿਸਤਾਨ ਭੇਜਣਾ ਚਾਹੀਦਾ ਹੈ ਅਤੇ ਉਹਨਾਂ ਦਾ ਵੀਜ਼ਾ ਤਿਆਰ ਕਰਨਾ ਚਾਹੀਦਾ ਹੈ। ਐੱਨ ਸੀ ਪੀ ਦੇ ਨੇਤਾ ਤਾਰਿਕ ਅਨਵਰ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ 'ਚ ਕਿਸੇ ਦਾ ਕੰਟਰੋਲ ਨਹੀਂ ਹੈ, ਜਿਸ ਦਾ ਜੋ ਮਨ ਕਹਿੰਦਾ ਹੈ, ਉਹ ਬੋਲ ਦਿੰਦਾ ਹੈ ਅਤੇ ਬਾਅਦ 'ਚ ਉਨ੍ਹਾਂ ਕੋਲੋਂ ਮਾਫੀ ਮੰਗਣੀ ਪੈਂਦੀ ਹੈ।

1118 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper