ਗਰਮੀ ਦਾ ਕਹਿਰ ਜਾਰੀ; ਹੁਣ ਤੱਕ 1826 ਮੌਤਾਂ

ਦੇਸ਼ ਅੰਦਰ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਾਰਨ ਦੇਸ਼ ਅੰਦਰ ਮਰਨ ਵਾਲਿਆਂ ਦੀ ਗਿਣਤੀ 1826 ਹੋ ਗਈ ਹੈ। ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ 'ਚ ਗਰਮੀ ਕਾਰਨ ਇਕੋ ਦਿਨ 'ਚ 414 ਮੌਤਾਂ ਹੋਈਆਂ ਹਨ। ਗਰਮੀ ਤੋਂ ਸਭ ਤੋਂ ਵੱਧ ਆਂਧਰਾਂ ਪ੍ਰਦੇਸ਼ ਅਤੇ ਤਿਲੰਗਾਨਾ ਸੂਬੇ ਪ੍ਰਭਾਵਤ ਹੋਏ ਹਨ। ਆਂਧਰਾਂ 'ਚ ਗਰਮੀ ਕਾਰਨ ਹੁਣ ਤੱਕ 1334 ਅਤੇ ਤਿਲੰਗਾਨਾ 'ਚ 440 ਮੌਤਾਂ ਹੋ ਚੁੱਕੀਆਂ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਦੌਰਾਨ ਗਰਮੀ ਤੋਂ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।
ਪੰਜਾਬ, ਹਰਿਆਣਾ, ਰਾਜਸਥਾਨ, ਝਾਰਖੰਡ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਵੀ ਗਰਮੀ ਦਾ ਕਹਿਰ ਜਾਰੀ ਹੈ। ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਤਾਪਮਾਨ 47 ਡਿਗਰੀ ਨੂੰ ਪਹੁੰਚ ਗਿਆ ਹੈ।
ਦੇਸ਼ ਦੇ ਕੁਝ ਹਲਕਿਆਂ 'ਚ ਅੱਜ ਹਲਕੀ ਬਾਰਸ਼ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਬੀ ਪੀ ਯਾਦਵ ਨੇ ਦਸਿਆ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਅਜੇ ਤੱਕ ਲੂ ਤੋਂ ਬਚੇ ਹੋਏ ਹਨ, ਜਦਕਿ ਮੱਧ ਪ੍ਰਦੇਸ਼, ਤਿਲੰਗਾਨਾ ਅਤੇ ਵਿਦਰਭ 'ਚ ਲੂ ਦਾ ਕਹਿਰ ਜਾਰੀ ਹੈ। ਉੜੀਸਾ ਅਤੇ ਝਾਰਖੰਡ ਦੇ ਕੁਝ ਇਲਾਕੇ ਵੀ ਲੂ ਤੋਂ ਪ੍ਰਭਾਵਿਤ ਹਨ। ਆਂਧਰਾ ਦੇ ਤੱਟੀ ਇਲਾਕਿਆਂ 'ਚ ਲੂ ਖ਼ਤਮ ਹੋ ਗਈ ਹੈ।
ਮੌਸਮ ਵਿਭਾਗ ਅਨੁਸਾਰ ਤਾਮਿਲਨਾਡੂ, ਕੇਰਲ ਅਤੇ ਕਰਨਾਟਕ 'ਚ ਹਲਕੀ ਬਾਰਸ਼ ਨਾਲ ਕੁਝ ਠੰਡ ਵਰਤੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਲਮੀ ਤਪਸ਼ ਕਾਰਨ ਆਉਣ ਵਾਲੇ ਦਿਨਾਂ 'ਚ ਭਿਆਨਕ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।