Latest News
ਰਾਜ ਨਹੀਂ ਸੇਵਾ ਮਲੂਕਾ ਦੇ ਘਰ ਅੱਗੇ ਮੁਜ਼ਾਹਰਾ ਰੋਕਣ ਲਈ ਝੋਕ ਦਿੱਤੇ ਬਾਹੂਬਲੀ
ਆਪਣੇ ਵਰਕਰਾਂ ਦੇ ਬਾਹੂਬਲ ਜ਼ਰੀਏ ਲੋਕਰਾਜੀ ਅੰਦੋਲਨਾਂ ਨੂੰ ਦਬਾਉਣ ਵਾਸਤੇ ਹਾਕਮ ਅਕਾਲੀ ਦਲ ਨੇ ਜੋ ਨਵੀਂ ਪਹੁੰਚ ਅਪਣਾਈ ਹੈ, ਉਹ ਨਾ ਸਿਰਫ ਪ੍ਰਬੰਧਕ ਸਥਾਪਤੀ ਨੂੰ ਸਿੱਧੀ ਚੁਣੌਤੀ ਹੈ, ਬਲਕਿ ਰਾਜ ਦੇ ਅਮਨ-ਕਾਨੂੰਨ ਨੂੰ ਭਵਿੱਖ ਦੌਰਾਨ ਪੈਦਾ ਹੋਣ ਵਾਲੀ ਗੰਭੀਰ ਵੰਗਾਰ ਦੀ ਨਿਸ਼ਾਨਦੇਹੀ ਵੀ ਕਰਦੀ ਹੈ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 29 ਅਪਰੈਲ ਦੇ ਆਰਬਿਟ ਕਾਂਡ, ਜਿਸ ਤਹਿਤ ਚੱਲਦੀ ਬੱਸ 'ਚੋਂ ਧੱਕਾ ਦੇਣ ਨਾਲ ਅਰਸ਼ਦੀਪ ਨਾਂਅ ਦੀ ਇੱਕ ਨਾਬਾਲਗ ਲੜਕੀ ਦੀ ਮੌਤ ਅਤੇ ਉਸਦੀ ਮਾਂ ਗੰਭੀਰ ਰੂਪ ਵਿੱਚ ਜ਼ਖ਼ਮੀਂ ਹੋ ਗਈਆਂ ਸਨ, ਬਦਲੇ ਕਈ ਜਨਤਕ ਜਥੇਬੰਦੀਆਂ 'ਤੇ ਅਧਾਰਤ ਇੱਕ ਐਕਸ਼ਨ ਕਮੇਟੀ ਨੇ ਸੂਬੇ ਦੇ ਸਾਰੇ ਅਕਾਲੀ ਵਿਧਾਇਕਾਂ ਦੇ ਘਰਾਂ ਅੱਗੇ ਸ੍ਰੀ ਸੁਖਬੀਰ ਸਿੰਘ ਬਾਦਲ ਦੀਆਂ ਅਰਥੀਆਂ ਫੂਕਣ ਦਾ ਪ੍ਰੋਗਰਾਮ ਉਲੀਕਿਆ ਸੀ ਤਾਂ ਕਿ ਡਿਪਟੀ ਮੁੱਖ ਮੰਤਰੀ ਦੇ ਅਸਤੀਫੇ ਤੋਂ ਇਲਾਵਾ ਉਸ ਖਿਲਾਫ ਅਪਰਾਧਕ ਮਾਮਲਾ ਦਰਜ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ।
ਇਸੇ ਕੜੀ ਤਹਿਤ ਰਾਜ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਅੱਗੇ ਵੀ ਅੱਜ ਐਕਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਦਿਲਚਸਪ ਤੱਥ ਇਹ ਹੈ ਕਿ ਲੋਕਤੰਤਰ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਤੇ ਜੱਦੋਜਹਿਦ ਤੇ ਅਧਿਕਾਰ ਦੀ ਕਦਰ ਕਰਦਿਆਂ ਅੰਦੋਲਨਕਾਰੀਆਂ ਨੂੰ ਖੁੱਲ੍ਹ ਕੇ ਗੁੱਭ ਗੁਭਾਟ ਕੱਢਣ ਦਿੱਤਾ ਜਾਂਦਾ, ਸਮੁੱਚੇ ਰਾਮਪੁਰਾ ਫੂਲ ਇਲਾਕੇ ਦੇ ਅਕਾਲੀ ਵਰਕਰਾਂ ਨੂੰ ਪਿੰਡ ਮਲੂਕਾ ਦੇ ਗੁਰਦੁਆਰਾ ਤਾਰੂਆਣਾ ਸਾਹਿਬ ਵਿਖੇ ਸਵੇਰੇ ਹੀ ਇਕੱਤਰ ਕਰ ਲਿਆ ਗਿਆ। ਇੱਥੇ ਹੀ ਬੱਸ ਨਹੀਂ ਉਸ ਦਲਿਤ ਪਰਵਾਰ ਨੂੰ ਵੀ ਆਪਣੀ ਨੌਜਵਾਨ ਲੜਕੀ ਦੀ ਮੌਤ ਦਾ ਭੋਗ ਕਿਸੇ ਹੋਰ ਜਗ੍ਹਾ 'ਤੇ ਪਾਉਣ ਲਈ ਮਜਬੂਰ ਹੋਣਾ ਪਿਆ, ਪਹਿਲੇ ਪ੍ਰੋਗਰਾਮ ਅਨੁਸਾਰ ਜਿਸਨੇ ਇਹ ਰਸਮ ਗੁਰਦੁਆਰਾ ਤਾਰੂਆਣਾ ਸਾਹਿਬ ਵਿਖੇ ਹੀ ਅਦਾ ਕਰਨੀ ਸੀ।
ਗੁਰਦੁਆਰਾ ਸਾਹਿਬ ਦੇ ਮਾਈਕ ਤੋਂ ਜੋ ਤਕਰੀਰਾਂ ਹੋਈਆਂ, ਉਹਨਾਂ ਦਾ ਸਾਰਤੱਤ ਜਿੱਥੇ ਸੰਘਰਸ਼ ਕਰਨ ਵਾਲੀਆਂ ਧਿਰਾਂ ਨੂੰ ਗਿਣਮਿੱਥ ਕੇ ਬਣਾਇਆ ਨਿਸ਼ਾਨਾ ਸੀ, ਉੱਥੇ ਵਾਰ-ਵਾਰ ਇਹ ਵੀ ਦੁਹਰਾਇਆ ਜਾ ਰਿਹਾ ਸੀ ਕਿ ਅਗਰ ਉਹ ਆਪਣੀ ਮਿੱਥੀ ਹੋਈ ਮੰਜ਼ਿਲ ਵੱਲ ਵਧੀਆਂ ਤਾਂ ਉਹਨਾਂ ਨਾਲ ਸਿੱਧੇ ਤੌਰ 'ਤੇ ਨਿਪਟਿਆ ਜਾਵੇਗਾ। ਇਹ ਸਭ ਕੁਝ ਠੀਕ ਉਸ ਵੇਲੇ ਬੋਲਿਆ ਤੇ ਐਲਾਨਿਆ ਜਾ ਰਿਹਾ ਸੀ, ਜਦ ਸ੍ਰੀ ਮਲੂਕਾ ਦੀ ਰਿਹਾਇਸ਼ ਦੇ ਪੁਖਤਾ ਸੁਰੱਖਿਆ ਪ੍ਰਬੰਧਾਂ ਤੋਂ ਇਲਾਕਾ ਉਧਰ ਵੱਲ ਨੂੰ ਆਉਣ ਵਾਲੇ ਸਾਰੇ ਰਸਤਿਆਂ 'ਤੇ ਸਖ਼ਤ ਪੁਲਸ ਨਾਕੇਬੰਦੀ ਕੀਤੀ ਹੋਈ ਸੀ।
ਆਪਣੇ ਆਪ ਵਿੱਚ ਇਹ ਅਕਾਲੀ ਵਰਕਰਾਂ ਦੀ ਆਪਣੇ ਮਹਿਬੂਬ ਆਗੂ ਪ੍ਰਤੀ ਵਫ਼ਾਦਾਰੀ ਤੇ ਇੱਕਮੁਠਤਾ ਜਾਪਦੀ ਹੈ, ਲੇਕਿਨ ਜੇ ਦੂਰ-ਅੰਦੇਸ਼ੀ ਨਾਲ ਅਧਿਐਨ ਕੀਤਾ ਜਾਵੇ ਤਾਂ ਅਜਿਹਾ ਵਰਤਾਰਾ ਭਾਰਤ ਦੇ ਉਸ ਸਥਾਪਤ ਰਾਜ ਪ੍ਰਬੰਧ ਨੂੰ ਸਿੱਧੀ ਚੁਣੌਤੀ ਹੈ, ਜੋ ਆਪਣੇ ਆਮ ਨਾਗਰਿਕਾਂ ਤੋਂ ਇਲਾਵਾ ਵਿਧਾਨਕ ਅਤੇ ਹਕੂਮਤੀ ਕੁਰਸੀਆਂ 'ਤੇ ਬਿਰਾਜਮਾਨ ਸਾਰੇ ਮਹਾਂਮਹਿਮਾ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪਾਬੰਦ ਹੈ, ਉਹ ਜੱਜ, ਮੰਤਰੀ, ਵਿਧਾਇਕ ਜਾਂ ਨੌਕਰਸ਼ਾਹ ਹੋਣ।
ਗੱਲ ਇੱਥੇ ਹੀ ਸਮਾਪਤ ਨਹੀਂ ਹੁੰਦੀ ਜਮਹੂਰੀ ਪ੍ਰਣਾਲੀ ਵਾਲੇ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ ਪੁਰਅਮਨ ਰਹਿੰਦਿਆਂ ਜਦ ਅੰਦੋਲਨ ਕਰਨ ਦੇ ਬੁਨਿਆਦੀ ਅਧਿਕਾਰਾਂ ਤੋਂ ਵਾਂਝਾ ਕੀਤਾ ਜਾਵੇ, ਤਾਂ ਉਤਪੰਨ ਬੇਚੈਨੀ ਚੋਂ ਅਜਿਹਾ ਖਤਰਨਾਕ ਲਾਵਾ ਪੈਦਾ ਹੁੰਦਾ ਹੈ, ਜੋ ਅਮਨ-ਸ਼ਾਂਤੀ ਲਈ ਬੇਹੱਦ ਤਬਾਹਕੁਨ ਸਾਬਤ ਹੋ ਸਕਦਾ ਹੈ। ਇਸ ਸਮੁੱਚੇ ਘਟਨਾਕ੍ਰਮ 'ਤੇ ਟਿੱਪਣੀ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਆਗੂ ਮਹੀਂਪਾਲ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਅਮਨ-ਕਾਨੂੰਨ ਕਾਇਮ ਰੱਖਣ ਵਾਲੀ ਮਸ਼ੀਨਰੀ ਦਾ ਜਿਸ ਕਦਰ ਅਕਾਲੀਕਰਨ ਕਰ ਦਿੱਤੈ, ਉਸੇ ਸੰਦਰਭ 'ਚ ਪੁਲਸ ਵਰਦੀ ਦਾ ਰੰਗ ਜੇ ਨੀਲਾ ਕਰ ਦਿੱਤਾ ਜਾਵੇ, ਤਾਂ ਇਹ ਕੋਈ ਅਣਹੋਣੀ ਨਹੀਂ ਪ੍ਰਤੀਤ ਹੋਵੇਗੀ।
ਜਥੇਦਾਰੀ ਬਾਹੂਬਲ ਅਤੇ ਸੰਘਰਸ਼ਸ਼ੀਲ ਧਿਰਾਂ ਦਰਮਿਆਨ ਹੋਣ ਵਾਲੇ ਹਿੰਸਕ ਟਕਰਾਅ ਨੂੰ ਰੋਕਣ ਵਾਸਤੇ ਪੁਲਸ ਨੇ ਕੋਠਾ ਗੁਰੂ ਤੋਂ ਮਲੂਕਾ ਪਿੰਡ ਨੂੰ ਆ ਰਹੇ ਸੈਂਕੜੇ ਅੰਦੋਲਨਕਾਰੀਆਂ ਨੂੰ ਬੇਸ਼ੱਕ ਅੱਗੇ ਨਾ ਵਧਣ ਦਿੱਤਾ, ਲੇਕਿਨ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਨੂੰ ਅਗਨ ਭੇਟ ਕਰਦਿਆਂ ਉਹਨਾਂ ਸੂਬਾ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਜ਼ਬਰਦਸਤ ਅਲੋਚਨਾ ਕੀਤੀ।
ਇਨਕਲਾਬੀ ਨਾਅਰਿਆਂ ਦੌਰਾਨ ਜਿੱਥੇ ਔਰਤਾਂ ਸਰਕਾਰ ਦੇ ਕੀਰਨੇ ਪਾ ਰਹੀਆਂ ਸਨ, ਉੱਥੇ ਪੁਲਸ ਅਫ਼ਸਰਾਂ ਨੂੰ ਸੰਬੋਧਨ ਹੋ ਕੇ ਬੁਲਾਰੇ ਇਹ ਅਹਿਸਾਸ ਕਰਵਾਉਣ ਲਈ ਯਤਨਸ਼ੀਲ ਸਨ ਕਿ ਲੋਕ ਰੋਹ ਨੂੰ ਲੰਬੇ ਅਰਸੇ ਤੱਕ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ।
ਵਰਨਣਯੋਗ ਹੈ ਕਿ ਡੀ ਐੱਸ ਪੀ ਰੈਂਕ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਅੰਦੋਲਨਕਾਰੀ ਆਗੂਆਂ ਨਾਲ ਬੇਲੋੜੀ ਬਹਿਸਬਾਜ਼ੀ ਤੋਂ ਇੱਕ ਵਾਰ ਤਾਂ ਟਕਰਾਅ ਦੇ ਹਾਲਾਤ ਬਣ ਗਏ ਸਨ, ਲੇਕਿਨ ਮੌਕੇ 'ਤੇ ਮੌਜੂਦ ਇੱਕ ਐੱਸ ਪੀ ਨੇ ਆਪਣੇ ਮਾਤੈਹਿਤ ਨੂੰ ਵਰਜਦਿਆਂ ਸਥਿਤੀ ਨੂੰ ਸੰਭਾਲ ਲਿਆ। ਇਸ ਮੌਕੇ ਹੋਈ ਰੈਲੀ ਨੂੰ ਜਿਹਨਾਂ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ ਸਰਵ ਸ੍ਰੀ ਮਹੀਂਪਾਲ ਸਾਥੀ, ਬੂਟਾ ਸਿੰਘ ਬੁਰਜ ਗਿੱਲ, ਸ਼ਿੰਗਾਰਾ ਸਿੰਘ ਮਾਨ, ਸੁਰਜੀਤ ਸਿੰਘ ਫੂਲ, ਸੁਖਦੇਵ ਸਿੰਘ ਨਥਾਨਾ, ਲਛਮਣ ਦਾਸ ਕੋਟੜਾ, ਜੋਰਾ ਸਿੰਘ ਨਸਰਾਲੀ, ਸੁਖਪਾਲ ਸਿੰਘ ਖਿਆਲੀ ਵਾਲਾ, ਬਾਬੂ ਸਿੰਘ ਭੁੱਚੋ, ਦਲਵਾਰਾ ਸਿੰਘ ਫੂਲੇਵਾਲਾ, ਗੁਰਮੁਖ ਸਿੰਘ ਈ ਟੀ ਟੀ, ਅਮਰਜੀਤ ਹਨੀ, ਸੱਤਪਾਲ ਗੋਇਲ, ਸੁਮੀਤ ਸਿੰਘ, ਪ੍ਰਕਾਸ ਸਿੰਘ ਥਰਮਲ, ਓਮ ਪ੍ਰਕਾਸ਼ ਟੀ ਐੱਸ ਯੂ, ਹਰਵਿੰਦਰ ਸਿੰਘ ਸੇਮਾ ਆਦਿ ਮੌਜੂਦ ਸਨ।

1185 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper